Biblica® Open Punjabi Contemporary Version 2025
ਰਸੂਲਾਂ 17
ਥੱਸਲੁਨੀਕਾ ਵਿੱਚ
ਜਦੋਂ ਪੌਲੁਸ ਅਤੇ ਸੀਲਾਸ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਸ਼ਹਿਰਾਂ ਵਿੱਚੋਂ ਲੰਘੇ, ਫਿਰ ਉਹ ਥੱਸਲੁਨੀਕਾ ਸ਼ਹਿਰ ਆਏ, ਜਿੱਥੇ ਇੱਕ ਯਹੂਦੀ ਪ੍ਰਾਰਥਨਾ ਸਥਾਨ ਸੀ। ਜਿਸ ਤਰਾਂ ਉਸ ਦੀ ਰੀਤੀ ਸੀ ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਸਬਤ ਦੇ ਤਿੰਨ ਦਿਨਾਂ ਤੱਕ ਉਸ ਨੇ ਉਨ੍ਹਾਂ ਨਾਲ ਪਵਿੱਤਰ ਸ਼ਾਸਤਰ ਵਿੱਚੋਂ ਵਾਦ-ਵਿਵਾਦ ਕੀਤਾ, ਅਤੇ ਅਰਥ ਖੋਲ੍ਹ ਕੇ ਉਹ ਨੇ ਇਹ ਦੱਸਿਆ ਕਿ ਮਸੀਹ ਦਾ ਦੁੱਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ। ਉਸ ਨੇ ਆਖਿਆ, “ਇਹ ਯਿਸ਼ੂ ਜਿਸ ਦੀ ਮੈਂ ਤੁਹਾਨੂੰ ਖ਼ਬਰ ਦਿੰਦਾ ਹਾਂ ਉਹ ਹੀ ਮਸੀਹ ਹੈ।” ਉਹਨਾਂ ਵਿੱਚੋਂ ਕੁਝ ਯਹੂਦੀ ਨੇ ਮੰਨ ਲਿਆ ਅਤੇ ਪੌਲੁਸ ਅਤੇ ਸੀਲਾਸ ਦੇ ਨਾਲ ਮਿਲ ਗਏ, ਜਿਵੇਂ ਕਿ ਵੱਡੀ ਗਿਣਤੀ ਵਿੱਚ ਪਰਮੇਸ਼ਵਰ ਤੋਂ ਡਰਨ ਵਾਲੇ ਯੂਨਾਨੀ ਅਤੇ ਕਾਫ਼ੀ ਸਾਰੀਆਂ ਪ੍ਰਮੁੱਖ ਔਰਤਾਂ ਰਲ ਗਈਆਂ ਸਨ।
ਪਰ ਦੂਸਰੇ ਯਹੂਦੀ ਈਰਖਾ ਕਰਦੇ ਸਨ; ਇਸ ਲਈ ਉਹਨਾਂ ਨੇ ਬਜ਼ਾਰਾਂ ਦੇ ਵਿੱਚੋਂ ਕਈ ਬੁਰੇ ਲੋਕਾਂ ਨੂੰ ਆਪਣੇ ਨਾਲ ਰਲਾ ਲਿਆ, ਅਤੇ ਭੀੜ ਇਕੱਠੀ ਕਰਕੇ ਅਤੇ ਸ਼ਹਿਰ ਵਿੱਚ ਦੰਗੇ ਕਰਵਾਉਣੇ ਸ਼ੁਰੂ ਕਰ ਦਿੱਤੇ। ਅਤੇ ਉਹ ਪੌਲੁਸ ਅਤੇ ਸੀਲਾਸ ਦੀ ਭਾਲ ਵਿੱਚ ਜੇਸਨ ਨਾਮ ਦੇ ਇੱਕ ਆਦਮੀ ਦੇ ਘਰ ਪਹੁੰਚੇ ਤਾਂ ਜੋ ਉਹ ਉਨ੍ਹਾਂ ਨੂੰ ਬਾਹਰ ਭੀੜ ਵਿੱਚ ਲਿਆ ਸਕਣ। ਪਰ ਜਦੋਂ ਉਹ ਉਨ੍ਹਾਂ ਨੂੰ ਲੱਭ ਨਾ ਸਕੇ, ਤਾਂ ਉਹ ਸ਼ਹਿਰ ਦੇ ਅਧਿਕਾਰੀਆਂ ਸਾਹਮਣੇ ਜੇਸਨ ਅਤੇ ਕੁਝ ਹੋਰ ਵਿਸ਼ਵਾਸੀਆਂ ਨੂੰ ਖਿੱਚ ਕੇ ਲਿਆਏ, ਫਿਰ ਜ਼ੋਰ ਆਵਾਜ਼ ਨਾਲ ਬੋਲੇ: “ਇਹ ਲੋਕ ਜਿਨ੍ਹਾਂ ਨੇ ਪੂਰੀ ਦੁਨੀਆਂ ਵਿੱਚ ਮੁਸੀਬਤ ਖੜ੍ਹੀ ਕੀਤੀ ਹੈ, ਉਹ ਹੁਣ ਇੱਥੇ ਆ ਗਏ ਹਨ, ਅਤੇ ਜੇਸਨ ਨੇ ਉਨ੍ਹਾਂ ਨੂੰ ਆਪਣੇ ਘਰ ਰਹਿਣ ਲਈ ਸੱਦਾ ਦਿੱਤਾ। ਸਾਰੇ ਲੋਕ ਉਸ ਗੱਲ ਦਾ ਵਿਰੋਧ ਕਰਦੇ ਹਨ ਜੋ ਸਾਡੇ ਪਾਤਸ਼ਾਹ ਕੈਸਰ ਨੇ ਫਰਮਾਇਆ ਹੈ। ਉਹ ਕਹਿੰਦੇ ਹਨ ਕਿ ਇੱਕ ਹੋਰ ਵਿਅਕਤੀ, ਜਿਸ ਦਾ ਨਾਮ ਯਿਸ਼ੂ ਹੈ, ਉਹ ਅਸਲ ਰਾਜਾ ਹੈ!” ਜਦੋਂ ਲੋਕਾਂ ਦੀ ਭੀੜ ਜੋ ਇਕੱਠੀ ਹੋ ਗਈ ਸੀ ਅਤੇ ਸ਼ਹਿਰ ਦੇ ਅਧਿਕਾਰੀਆਂ ਨੇ ਇਹ ਸੁਣਿਆ, ਤਾਂ ਉਹ ਪਰੇਸ਼ਾਨ ਹੋ ਗਏ। ਫਿਰ ਉਹਨਾਂ ਨੇ ਜੇਸਨ ਅਤੇ ਦੂਸਰੇ ਵਿਸ਼ਵਾਸੀਆ ਤੋਂ ਜ਼ਮਾਨਤ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।
ਪੌਲੁਸ ਬੇਰੀਆ ਸ਼ਹਿਰ ਵਿੱਚ
ਉਸੇ ਰਾਤ ਵਿਸ਼ਵਾਸੀਆਂ ਨੇ ਪੌਲੁਸ ਅਤੇ ਸੀਲਾਸ ਨੂੰ ਥੱਸਲੁਨੀਕੇ ਤੋਂ ਬੇਰੀਆ ਸ਼ਹਿਰ ਭੇਜਿਆ। ਜਦੋਂ ਪੌਲੁਸ ਅਤੇ ਸੀਲਾਸ ਉੱਥੇ ਪਹੁੰਚੇ, ਉਹ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਗਏ, ਜਿਸ ਦਿਨ ਲੋਕ ਇਕੱਠੇ ਹੋਏ ਸਨ। ਬੇਰੀਆ ਦੇ ਲੋਕ ਥੱਸਲੁਨੀਕਾ ਸ਼ਹਿਰ ਦੇ ਯਹੂਦੀ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਉਨ੍ਹਾਂ ਨੇ ਬੜੀ ਦਿਲਚਸਪੀ ਅਤੇ ਲਗਨ ਨਾਲ ਬਚਨ ਨੂੰ ਸੁਣਿਆ। ਅਤੇ ਹਰ ਰੋਜ਼ ਪਵਿੱਤਰ ਸ਼ਾਸਤਰ ਵਿੱਚ ਲੱਭਦੇ ਰਹਿੰਦੇ ਸਨ ਕਿ ਪੌਲੁਸ ਨੇ ਮਸੀਹ ਬਾਰੇ ਜੋ ਕਿਹਾ ਸੀ ਉਹ ਸੱਚ ਹੈ ਜਾਂ ਨਹੀਂ। ਨਤੀਜੇ ਵਜੋਂ, ਉਨ੍ਹਾਂ ਵਿੱਚੋਂ ਕਈਆਂ ਨੇ ਵਿਸ਼ਵਾਸ ਕੀਤਾ, ਜਿਵੇਂ ਕਿ ਬਹੁਤ ਸਾਰੀਆਂ ਪਤਵੰਤੀ ਯੂਨਾਨੀ ਔਰਤਾਂ ਅਤੇ ਆਦਮੀਆਂ ਵਿੱਚੋਂ ਵੀ ਬਹੁਤ ਸਾਰਿਆਂ ਨੇ ਪ੍ਰਭੂ ਯਿਸ਼ੂ ਉੱਤੇ ਵਿਸ਼ਵਾਸ ਕੀਤਾ।
ਪਰ ਫੇਰ ਥੱਸਲੁਨੀਕਾ ਦੇ ਯਹੂਦੀਆਂ ਨੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਪੌਲੁਸ ਬੇਰੀਆ ਵਿੱਚ ਪਰਮੇਸ਼ਵਰ ਦੇ ਬਚਨ ਦਾ ਪ੍ਰਚਾਰ ਕਰ ਰਿਹਾ ਸੀ। ਇਸ ਲਈ ਉਹ ਬੇਰੀਆ ਗਏ ਅਤੇ ਉੱਥੋਂ ਦੇ ਲੋਕਾਂ ਨੂੰ ਦੱਸਿਆ ਕਿ ਜੋ ਪੌਲੁਸ ਸਿਖਾ ਰਿਹਾ ਸੀ ਉਹ ਸੱਚ ਨਹੀਂ ਸੀ। ਇਸ ਤਰ੍ਹਾਂ, ਉਨ੍ਹਾਂ ਨੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪੌਲੁਸ ਦੇ ਵਿਰੁੱਧ ਭੜਕਾਇਆ। ਇਸ ਲਈ ਬੇਰੀਆ ਸ਼ਹਿਰ ਦੇ ਕਈ ਵਿਸ਼ਵਾਸੀ ਪੌਲੁਸ ਨੂੰ ਇੱਕ ਹੋਰ ਸੂਬੇ ਜਾਣ ਲਈ ਸਮੁੰਦਰੀ ਕੰਢੇ ਤੇ ਲੈ ਗਏ। ਪਰ ਸੀਲਾਸ ਅਤੇ ਤਿਮੋਥਿਉਸ ਬੇਰੀਆ ਵਿੱਚ ਹੀ ਰਹੇ। ਜਿਨ੍ਹਾਂ ਨੇ ਪੌਲੁਸ ਨੂੰ ਭਜਾ ਲਿਆਦਾਂ ਸੀ ਉਹ ਉਸ ਨੂੰ ਅਥੇਨੈ ਸ਼ਹਿਰ ਲੈ ਆਏ ਅਤੇ ਫਿਰ ਸੀਲਾਸ ਅਤੇ ਤਿਮੋਥਿਉਸ ਨੂੰ ਨਿਰਦੇਸ਼ ਦਿੱਤੇ ਕਿ ਉਹ ਜਲਦੀ ਤੋਂ ਜਲਦੀ ਉਸ ਦੇ ਕੋਲ ਆਉਣ।
ਅਥੇਨੈ ਵਿੱਚ ਪੌਲੁਸ
ਅਥੇਨੈ ਵਿੱਚ, ਪੌਲੁਸ ਜਦੋਂ ਸੀਲਾਸ ਅਤੇ ਤਿਮੋਥਿਉਸ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ, ਉਹ ਸ਼ਹਿਰ ਵਿੱਚ ਘੁੰਮਦਾ ਰਿਹਾ। ਉਹ ਬਹੁਤ ਦੁਖੀ ਹੋਇਆ ਕਿਉਂਕਿ ਉਸ ਨੇ ਵੇਖਿਆ ਕਿ ਸਾਰੇ ਸ਼ਹਿਰ ਵਿੱਚ ਬਹੁਤ ਸਾਰੀਆਂ ਮੂਰਤੀਆਂ ਸਨ। ਫਿਰ ਉਹ ਯਹੂਦੀਆਂ ਦੇ ਪ੍ਰਾਰਥਨਾ ਸਥਾਨ ਵਿੱਚ ਗਿਆ। ਅਤੇ ਉਸ ਨੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਵੀ ਜਿਨ੍ਹਾਂ ਨੇ ਯਹੂਦੀਆਂ ਦੇ ਵਿਸ਼ਵਾਸ ਨੂੰ ਮੰਨ ਲਿਆ ਸੀ ਯਿਸ਼ੂ ਬਾਰੇ ਪ੍ਰਚਾਰ ਕੀਤਾ। ਉਹ ਹਰ ਰੋਜ਼ ਬਜ਼ਾਰਾਂ ਵਿੱਚ ਵੀ ਜਾਂਦਾ ਸੀ ਅਤੇ ਉਨ੍ਹਾਂ ਲੋਕਾਂ ਨਾਲ ਗੱਲ ਕਰਦਾ ਜਿਹੜੇ ਉਹ ਨੂੰ ਉੱਥੇ ਮਿਲਦੇ ਸੀ। ਏਪੀਕੁਰੀਅਨ1 ਅਤੇ ਸਟੋਇਕ ਦਾਰਸ਼ਨਿਕਾਂ ਦਾ ਸਮੂਹ ਉਸ ਨਾਲ ਬਹਿਸ ਕਰਨ ਲੱਗਾ। ਉਨ੍ਹਾਂ ਵਿੱਚੋਂ ਕੁਝ ਨੇ ਪੁੱਛਿਆ, “ਇਹ ਬੜਬੋਲਾ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ?” ਹੋਰਾਂ ਨੇ ਟਿੱਪਣੀ ਕੀਤੀ, “ਕਿ ਉਹ ਲੋਕਾਂ ਨੂੰ ਨਵੇਂ ਦੇਵਤਿਆਂ ਬਾਰੇ ਸਿਖਾ ਰਿਹਾ ਹੈ ਜਿਸ ਬਾਰੇ ਅਸੀਂ ਨਹੀਂ ਸੁਣਿਆ,” ਉਨ੍ਹਾਂ ਨੇ ਇਹ ਇਸ ਲਈ ਕਿਹਾ ਕਿਉਂਕਿ ਪੌਲੁਸ ਯਿਸ਼ੂ ਅਤੇ ਉਸ ਦੇ ਪੁਨਰ-ਉਥਾਨ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰ ਰਿਹਾ ਸੀ। ਉਹ ਉਸ ਨੂੰ ਫੜ੍ਹ ਕੇ ਅਰਿਯੁਪਗੁਸ ਉੱਤੇ ਲੈ ਗਏ ਅਤੇ ਬੋਲੇ, “ਕੀ ਅਸੀਂ ਪੁੱਛ ਸਕਦੇ ਹਾਂ ਕਿ ਉਹ ਨਵੀਂ ਸਿੱਖਿਆ ਜੋ ਤੂੰ ਦਿੰਦਾ ਹੈ ਕੀ ਹੈ? ਕਿਉਂਕਿ ਤੁਹਾਡੇ ਦੁਆਰਾ ਦੱਸੀਆਂ ਗਈਆਂ ਗੱਲਾਂ ਸਾਡੇ ਲਈ ਕੰਨਾਂ ਲਈ ਅਨੌਖੀਆਂ ਹਨ। ਅਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਕੀ ਅਰਥ ਹੈ।” ਸਾਰੇ ਅਥੇਨੀ ਲੋਕ ਅਤੇ ਜਿਹੜੇ ਪਰਦੇਸੀ ਉੱਥੇ ਰਹਿੰਦੇ ਸਨ, ਨਵੀਂਆਂ-ਨਵੀਂਆਂ ਗੱਲਾਂ ਸੁਣਨ ਅਤੇ ਸੁਣਾਉਣ ਤੋਂ ਬਿਨ੍ਹਾਂ ਆਪਣਾ ਸਮਾਂ ਕਿਸੇ ਕੰਮ ਵਿੱਚ ਨਹੀਂ ਗੁਜਾਰਦੇ ਸਨ।
ਫਿਰ ਪੌਲੁਸ ਅਰਿਯੁਪਗੁਸ ਦੀ ਸਭਾ ਵਿੱਚ ਖੜ੍ਹਾ ਹੋਇਆ ਅਤੇ ਕਿਹਾ, “ਅਥੇਨੀ ਦੇ ਲੋਕੋ! ਮੈਂ ਵੇਖਦਾ ਹਾਂ ਕਿ ਤੁਸੀਂ ਹਰ ਪੱਖੋ ਬਹੁਤ ਧਾਰਮਿਕ ਹੋ। ਜਦੋਂ ਮੈਂ ਇਧਰ-ਉਧਰ ਫਿਰਦਾ ਸੀ ਤੇ ਤੁਹਾਡੇ ਦੇਵਤਿਆਂ ਦੀਆਂ ਮੂਰਤਾਂ ਵੇਖੀਆਂ ਅਤੇ ਮੈ ਇੱਕ ਸ਼ਿਲਾਲੇਖ ਵਾਲੀ ਇੱਕ ਜਗਵੇਦੀ ਨੂੰ ਵੇਖਿਆ ਜਿਸ ਦੇ ਉੱਤੇ ਇਹ ਲਿਖਿਆ ਹੋਇਆ ਸੀ:
ਅਣਜਾਣੇ ਦੇਵਤੇ ਲਈ।
ਇਸ ਲਈ ਜਿਸ ਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਉਸੇ ਦੀ ਖ਼ਬਰ ਦਿੰਦਾ ਹਾਂ।
“ਉਹ ਪਰਮੇਸ਼ਵਰ ਜਿਸ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਹਰ ਚੀਜ਼ ਬਣਾਈ ਹੈ। ਕਿਉਂਕਿ ਉਹ ਸਵਰਗ ਵਿੱਚ ਅਤੇ ਧਰਤੀ ਉੱਤੇ ਸਾਰੇ ਜੀਵਾਂ ਉੱਤੇ ਰਾਜ ਕਰਦਾ ਹੈ ਇਸ ਲਈ ਉਹ ਇਨਸਾਨ ਦੇ ਬਣਾਏ ਹੋਏ ਹੈਕਲ ਵਿੱਚ ਨਹੀਂ ਰਹਿੰਦਾ ਹੈ। ਅਤੇ ਨਾ ਉਹ ਨੂੰ ਕਿਸੇ ਚੀਜ਼ ਤੋਂ ਥੋੜ ਹੈ ਨਾ ਉਹ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿਉਂ ਜੋ ਉਹ ਖੁਦ ਹੀ ਸਭਨਾਂ ਨੂੰ ਜ਼ਿੰਦਗੀ, ਸਾਹ ਅਤੇ ਸਭ ਕੁਝ ਦਿੰਦਾ ਹੈ। ਪਰਮੇਸ਼ਵਰ ਨੇ ਇੱਕ ਮਨੁੱਖ ਤੋਂ ਸਾਰੀਆਂ ਕੌਮਾਂ ਨੂੰ ਬਣਾਇਆ, ਤਾਂ ਜੋ ਉਹ ਸਾਰੀ ਧਰਤੀ ਵਿੱਚ ਵੱਸਣ; ਅਤੇ ਉਸ ਨੇ ਇਤਿਹਾਸ ਵਿੱਚ ਉਨ੍ਹਾਂ ਦੇ ਨਿਰਧਾਰਤ ਸਮੇਂ ਅਤੇ ਉਨ੍ਹਾਂ ਦੀਆਂ ਧਰਤੀ ਉੱਤੇ ਹੱਦਾਂ ਤੈਅ ਕੀਤੀਆਂ ਹਨ।2 ਉਹ ਚਾਹੁੰਦਾ ਹੈ ਕਿ ਲੋਕ ਮਹਿਸੂਸ ਕਰਨ ਕਿ ਉਨ੍ਹਾਂ ਨੂੰ ਉਸ ਦੀ ਲੋੜ ਹੈ। ਤਦ ਉਹ ਉਸ ਦੀ ਭਾਲ ਕਰਨਗੇ ਅਤੇ ਉਸ ਨੂੰ ਲੱਭ ਲੈਣਗੇ। ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਭਾਲ ਸਕੀਏ, ਹਾਲਾਂਕਿ ਉਹ ਅਸਲ ਵਿੱਚ ਸਾਡੇ ਸਾਰਿਆਂ ਦੇ ਨੇੜੇ ਹੈ। ਉਸ ਲਈ ਅਸੀਂ ਉਸ ਦੇ ਵਿੱਚ ਜੀਉਂਦੇ ਅਤੇ ਚਲਦੇ ਹਾਂ ਅਤੇ ਆਪਣੀ ਹੋਂਦ ਰੱਖਦੇ ਹਾਂ। ਜਿਵੇਂ ਤੁਹਾਡੇ ਆਪਣੇ ਕੁਝ ਕਵੀਆਂ ਨੇ ਕਿਹਾ ਹੈ, ‘ਕਿ ਅਸੀਂ ਉਸ ਦੀ ਸੰਤਾਨ ਹਾਂ।’
“ਇਸ ਲਈ ਕਿਉਂਕਿ ਅਸੀਂ ਪਰਮੇਸ਼ਵਰ ਦੀ ਵੰਸ਼ ਹਾਂ,” ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ਵਰ ਸੋਨੇ, ਚਾਂਦੀ ਜਾਂ ਪੱਥਰ ਵਰਗਾ ਹੈ, ਯਾਂ ਫਿਰ ਮਨੁੱਖੀ ਕਲਾ ਅਤੇ ਕੁਸ਼ਲਤਾ ਦੁਆਰਾ ਬਣਾਇਆ ਚਿੱਤਰ ਹੈ। ਪਰਮੇਸ਼ਵਰ ਨੇ ਅਣਜਾਣਪੁਣੇ ਦੇ ਸਮੇਂ ਵੱਲ ਧਿਆਨ ਨਹੀਂ ਦਿੱਤਾ, ਪਰ ਹੁਣ ਸਭ ਥਾਂਵਾਂ ਅਤੇ ਸਾਰਿਆ ਮਨੁੱਖਾਂ ਨੂੰ ਹੁਕਮ ਦਿੰਦਾ ਹੈ, ਕਿ ਉਹ ਸਾਰੇ ਤੋਬਾ ਕਰਨ। ਕਿਉਂ ਜੋ ਉਸ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੈ ਜਿਸ ਦੇ ਵਿੱਚ ਉਹ ਦੁਨੀਆਂ ਤੇ ਸਾਡੇ ਸਾਰਿਆਂ ਲੋਕਾਂ ਦਾ ਨਿਆਂ ਕਰਨ ਜਾ ਰਿਹਾ ਹੈ। ਉਸ ਨੇ ਸਾਡੇ ਲਈ ਨਿਆਂ ਕਰਨ ਲਈ ਇੱਕ ਆਦਮੀ ਨੂੰ ਨਿਯੁਕਤ ਕੀਤਾ ਹੈ, ਅਤੇ ਉਹ ਆਦਮੀ ਸਾਡੇ ਸਾਰਿਆਂ ਦਾ ਨਿਰਪੱਖਤਾ ਨਾਲ ਨਿਆਂ ਕਰੇਗਾ। “ਪਰਮੇਸ਼ਵਰ ਨੇ ਇਸ ਗੱਲ ਦਾ ਸਬੂਤ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਸਭ ਨੂੰ ਦਿੱਤਾ ਹੈ।”
ਜਦੋਂ ਉਨ੍ਹਾਂ ਨੇ ਮੁਰਦਿਆਂ ਦੇ ਦੁਬਾਰਾ ਪੁਨਰ-ਉਥਾਨ ਬਾਰੇ ਸੁਣਿਆ, ਉਨ੍ਹਾਂ ਵਿੱਚੋਂ ਕਈਆਂ ਨੇ ਉਸ ਦਾ ਮਜ਼ਾਕ ਉਡਾਇਆਂ, ਪਰ ਕਈਆਂ ਨੇ ਕਿਹਾ, “ਅਸੀਂ ਤੇਰੇ ਕੋਲੋ ਇਸ ਵਿਸ਼ੇ ਤੇ ਫਿਰ ਦੁਬਾਰਾ ਸੁਣਨਾ ਚਾਹੁੰਦੇ ਹਾਂ।” ਉਸੇ ਵੇਲੇ, ਪੌਲੁਸ ਨੇ ਸਭਾ ਛੱਡ ਦਿੱਤੀ। ਕੁਝ ਲੋਕ ਪੌਲੁਸ ਦੇ ਚੇਲੇ ਬਣ ਗਏ ਅਤੇ ਵਿਸ਼ਵਾਸ ਕੀਤਾ। ਉਨ੍ਹਾਂ ਵਿੱਚੋਂ ਇੱਕ ਦਿਯਾਨੀਸਿਯੁਸ, ਜੋ ਅਰਿਯੁਪਗੁਸ ਦਾ ਇੱਕ ਮੈਂਬਰ ਸੀ, ਇਸ ਦੇ ਨਾਲ ਦਮਾਰਿਸ ਨਾਮ ਦੀ ਇੱਕ ਮਹਿਲਾ ਅਤੇ ਕਈ ਹੋਰ ਸਨ।
Source notes (2)
- Footnote ਏਪੀਕੁਰੀਅਨ ਅਤੇ ਸਟੋਇਕ ਦਾ ਸਮੂਹ ਜੋ ਅਥੇਨੈ ਦੇ ਵੱਖੋ ਵੱਖਰੇ ਦਰਸ਼ਨਾਂ ਦੇ ਪ੍ਰਤਿਨਿਧਤਾ ਨੂੰ ਦਰਸਾਉਂਦੇ ਸਨ।
- Footnote ਬਿਵ 32:8
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.