Skip to content
BibleKenya

Biblica® Open Punjabi Contemporary Version 2025

ਰਸੂਲਾਂ 14

ਇਕੋਨਿਯੁਮ ਸ਼ਹਿਰ ਵਿੱਚ ਪੌਲੁਸ ਅਤੇ ਬਰਨਬਾਸ

ਇਕੋਨਿਯਮ ਸ਼ਹਿਰ ਵਿਖੇ ਪੌਲੁਸ ਅਤੇ ਬਰਨਬਾਸ ਹਮੇਸ਼ਾ ਦੀ ਤਰ੍ਹਾਂ ਯਹੂਦੀਆਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਗਏ। ਉੱਥੇ ਉਹ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਬੋਲੇ ਕਿ ਬਹੁਤ ਸਾਰੇ ਯਹੂਦੀ ਅਤੇ ਯੂਨਾਨੀਆਂ ਨੇ ਵਿਸ਼ਵਾਸ ਕੀਤਾ। ਪਰ ਜਿਨ੍ਹਾਂ ਯਹੂਦੀਆਂ ਨੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਨੇ ਹੋਰ ਗ਼ੈਰ-ਯਹੂਦੀਆਂ ਨੂੰ ਭੜਕਾਇਆ ਅਤੇ ਉਨ੍ਹਾਂ ਨੇ ਭਰਾਵਾਂ ਦੇ ਮਨਾਂ ਵਿਰੁੱਧ ਜ਼ਹਿਰ ਘੋਲਿਆ। ਇਸ ਲਈ ਪੌਲੁਸ ਅਤੇ ਬਰਨਬਾਸ ਨੇ ਉੱਥੇ ਕਾਫ਼ੀ ਸਮਾਂ ਬਿਤਾਇਆ, ਪ੍ਰਭੂ ਲਈ ਦਲੇਰੀ ਨਾਲ ਬੋਲਦੇ ਰਹੇ, ਅਤੇ ਉਹ ਉਨ੍ਹਾਂ ਦੇ ਹੱਥੀਂ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਗਵਾਹੀ ਦਿੰਦਾ ਰਿਹਾ। ਸ਼ਹਿਰ ਦੇ ਲੋਕਾਂ ਵਿੱਚ ਫੁੱਟ ਪੈ ਗਈ; ਕੁਝ ਲੋਕ ਯਹੂਦੀਆਂ ਦਾ ਸਾਥ ਦਿੰਦੇ ਸਨ, ਅਤੇ ਕੁਝ ਲੋਕ ਰਸੂਲਾਂ ਦੇ ਨਾਲ ਸਨ। ਜਦੋਂ ਗ਼ੈਰ-ਯਹੂਦੀਆਂ ਦੇ ਲੋਕਾਂ ਅਤੇ ਯਹੂਦੀਆਂ ਨੇ ਆਪਣੇ ਆਗੂਆਂ ਦੇ ਨਾਲ ਪੌਲੁਸ ਅਤੇ ਬਰਨਬਾਸ ਦੀ ਬੇਇੱਜ਼ਤੀ ਅਤੇ ਉਨ੍ਹਾਂ ਨੂੰ ਪੱਥਰ ਮਾਰਨ ਦੀ ਸਾਜਿਸ਼ ਬਣਾਈ ਸੀ। ਪਰ ਉਨ੍ਹਾਂ ਨੂੰ ਇਸ ਬਾਰੇ ਪਤਾ ਚੱਲਿਆ ਅਤੇ ਉਹ ਲੀਕਾਓਨੀਆ ਖੇਤਰ ਦੇ ਸ਼ਹਿਰਾਂ ਲੁਸਤ੍ਰਾ ਅਤੇ ਦਰਬੇ ਅਤੇ ਆਸ-ਪਾਸ ਦੇ ਦੇਸ਼ ਨੂੰ ਚੱਲੇ ਗਏ। ਜਿੱਥੇ ਉਹ ਲਗਾਤਾਰ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।

ਲੁਸਤ੍ਰਾ ਅਤੇ ਦਰਬੇ ਵਿੱਚ

ਲੁਸਤ੍ਰਾ ਸ਼ਹਿਰ ਵਿੱਚ ਇੱਕ ਆਦਮੀ ਬੈਠਾ ਹੋਇਆ ਸੀ ਜੋ ਲੰਗੜਾ ਸੀ। ਉਹ ਜਨਮ ਤੋਂ ਹੀ ਇਸ ਤਰ੍ਹਾਂ ਸੀ ਅਤੇ ਉਸ ਨੇ ਕਦੇ ਤੁਰ ਕੇ ਨਹੀਂ ਸੀ ਵੇਖਿਆ। ਉਸ ਨੇ ਸੁਣਿਆ ਜਿਵੇਂ ਪੌਲੁਸ ਪ੍ਰਭੂ ਯਿਸ਼ੂ ਬਾਰੇ ਬੋਲ ਰਿਹਾ ਸੀ। ਪੌਲੁਸ ਨੇ ਉਸ ਵੱਲ ਸਿੱਧਾ ਵੇਖਿਆ, ਉਸ ਨੇ ਵੇਖਿਆ ਕਿ ਉਸ ਨੂੰ ਚੰਗਾ ਹੋਣ ਦਾ ਵਿਸ਼ਵਾਸ ਹੈ। ਪੌਲੁਸ ਨੇ ਉਸ ਨੂੰ ਬੁਲਾਇਆ ਤੇ ਕਿਹਾ, “ਆਪਣੇ ਪੈਰਾਂ ਉੱਤੇ ਖੜਾ ਹੋ ਜਾ!” ਉਸੇ ਵੇਲੇ, ਉਹ ਆਦਮੀ ਕੁੱਦਣ ਅਤੇ ਤੁਰਨ ਲੱਗ ਪਿਆ।

ਜਦੋਂ ਭੀੜ ਨੇ ਪੌਲੁਸ ਦੇ ਕੰਮ ਨੂੰ ਵੇਖਿਆ, ਤਾਂ ਉਹ ਲੀਕਾਓਨੀਆ ਭਾਸ਼ਾ ਵਿੱਚ ਉੱਚੀ ਬੋਲੇ, “ਦੇਵਤੇ ਮਨੁੱਖਾਂ ਦੇ ਰੂਪ ਵਿੱਚ ਸਾਡੇ ਕੋਲ ਆਏ ਹਨ।” ਉਹਨਾਂ ਨੇ ਬਰਨਬਾਸ ਨੂੰ ਜ਼ੀਅਸ ਬੁਲਾਇਆ, ਅਤੇ ਪੌਲੁਸ ਨੂੰ ਉਨ੍ਹਾਂ ਨੇ ਹਰਮੇਸ ਬੁਲਾਇਆ ਕਿਉਂਕਿ ਉਹ ਮੁੱਖ ਪ੍ਰਚਾਰਕ ਸੀ। ਜ਼ੀਅਸ ਦਾ ਮੰਦਰ ਬਿਲਕੁਲ ਸ਼ਹਿਰ ਦੇ ਬਾਹਰ ਸੀ ਅਤੇ ਉਸ ਦਾ ਪੁਜਾਰੀ ਸ਼ਹਿਰ ਦੇ ਦਰਵਾਜ਼ੇ ਦੇ ਕੋਲ ਬਲਦ ਅਤੇ ਫੁੱਲਾਂ ਦੇ ਹਾਰ ਲੈ ਕੇ ਆਇਆ ਕਿਉਂਕਿ ਉਸ ਦੇ ਨਾਲ ਭੀੜ ਉਨ੍ਹਾਂ ਦੇ ਲਈ ਬਲੀ ਚੜ੍ਹਾਉਣਾ ਚਾਉਂਦੀ ਸੀ।

ਪਰ ਜਦੋਂ ਰਸੂਲ ਬਰਨਬਾਸ ਅਤੇ ਪੌਲੁਸ ਨੇ ਇਹ ਸੁਣਿਆ, ਤਾਂ ਉਨ੍ਹਾਂ ਨੇ ਵਿਰੋਧ ਵਿੱਚ ਆਪਣੇ ਕੱਪੜੇ ਪਾੜੇ ਅਤੇ ਭੀੜ ਵਿੱਚੋਂ ਭੱਜ ਨਿਕਲੇ, ਅਤੇ ਚੀਕਦੇ ਹੋਏ ਬੋਲੇ: “ਦੋਸਤੋ, ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਅਸੀਂ ਵੀ ਕੇਵਲ ਤੁਹਾਡੇ ਵਾਂਗ ਮਨੁੱਖ ਹਾਂ। ਅਸੀਂ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਲੈ ਕੇ ਆਏ ਹਾਂ, ਤੁਹਾਨੂੰ ਇਹ ਵਿਅਰਥ ਚੀਜ਼ਾਂ ਤੋਂ ਜੀਉਂਦੇ ਪਰਮੇਸ਼ਵਰ ਵੱਲ ਮੁੜ੍ਹਨ ਲਈ ਆਖ ਰਹੇ ਹਾਂ, ਜਿਸ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਇਆ। ਪਿਛਲੇ ਸਮਿਆਂ ਵਿੱਚ, ਉਸ ਨੇ ਸਾਰੀਆਂ ਕੌਮਾਂ ਨੂੰ ਆਪੋ-ਆਪਣੇ ਮਰਜ਼ੀ ਦੇ ਰਾਹ ਤੇ ਚੱਲਣ ਦਿੱਤਾ। ਫਿਰ ਵੀ ਪਰਮੇਸ਼ਵਰ ਨੇ ਆਪਣੇ ਆਪ ਨੂੰ ਬਿਨਾਂ ਕਿਸੇ ਗਵਾਹੀ ਦੇ ਨਹੀਂ ਛੱਡਿਆ: ਉਸ ਨੇ ਤੁਹਾਨੂੰ ਅਕਾਸ਼ ਤੋਂ ਬਾਰਸ਼ ਅਤੇ ਹਰ ਮੌਸਮ ਵਿੱਚ ਫਸਲਾਂ ਦੇ ਕੇ ਦਯਾ ਕੀਤੀ ਹੈ; ਉਹ ਤੁਹਾਨੂੰ ਬਹੁਤ ਸਾਰਾ ਭੋਜਨ ਦਿੰਦਾ ਹੈ ਅਤੇ ਤੁਹਾਡੇ ਦਿਲਾਂ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ।” ਇਨ੍ਹਾਂ ਸ਼ਬਦਾਂ ਦੇ ਨਾਲ ਵੀ ਭੀੜ ਨੂੰ ਬਲੀ ਚੜ੍ਹਾਉਣ ਤੋਂ ਰੋਕਣ ਵਿੱਚ ਉਨ੍ਹਾਂ ਨੂੰ ਮੁਸ਼ਕਲ ਆਈ।

ਫਿਰ ਕੁਝ ਯਹੂਦੀ ਅੰਤਾਕਿਆ ਅਤੇ ਇਕੋਨਿਯਮ ਤੋਂ ਆਏ ਅਤੇ ਉਨ੍ਹਾਂ ਨੇ ਭੀੜ ਨੂੰ ਆਪਣੇ ਵੱਲ ਕਰ ਕੇ ਪੌਲੁਸ ਨੂੰ ਪੱਥਰ ਮਾਰੇ ਅਤੇ ਉਸ ਨੂੰ ਸ਼ਹਿਰੋਂ ਬਾਹਰ ਘਸੀਟ ਕੇ ਲੈ ਆਏ, ਤੇ ਸੋਚਿਆ ਕਿ ਉਹ ਮਰ ਗਿਆ ਹੈ। ਜਦੋਂ ਚੇਲੇ ਉਸ ਦੇ ਆਸ-ਪਾਸ ਇਕੱਠੇ ਹੋਏ, ਤਾਂ ਉਹ ਉੱਠਿਆ ਅਤੇ ਵਾਪਸ ਸ਼ਹਿਰ ਨੂੰ ਚੱਲਿਆ ਗਿਆ। ਅਗਲੇ ਦਿਨ ਉਹ ਅਤੇ ਬਰਨਬਾਸ ਦਰਬੇ ਸ਼ਹਿਰ ਲਈ ਰਵਾਨਾ ਹੋ ਗਏ।

ਅੰਤਾਕਿਆ ਦੇ ਸੀਰੀਆ ਵਿੱਚ ਵਾਪਸੀ

ਪੌਲੁਸ ਅਤੇ ਬਰਨਬਾਸ ਨੇ ਉਸ ਸ਼ਹਿਰ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਚੇਲੇ ਬਣਾਏ। ਫੇਰ ਉਹ ਲੁਸਤ੍ਰਾ, ਇਕੋਨਿਯਮ ਅਤੇ ਅੰਤਾਕਿਆ ਨੂੰ ਪਰਤੇ, ਚੇਲਿਆਂ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਪ੍ਰਤੀ ਸੱਚੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ, “ਸਾਨੂੰ ਪਰਮੇਸ਼ਵਰ ਦੇ ਰਾਜ ਵਿੱਚ ਵੜਨ ਲਈ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪਵੇਗਾ।” ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਲਈ ਹਰੇਕ ਕਲੀਸਿਆ ਵਿੱਚ ਆਗੂਆਂ ਨੂੰ ਨਿਯੁਕਤ ਕੀਤਾ। ਪ੍ਰਾਰਥਨਾ ਅਤੇ ਵਰਤ ਨਾਲ ਉਨ੍ਹਾਂ ਨੂੰ ਪ੍ਰਭੂ ਦੇ ਹੱਥੀਂ ਸੌਂਪ ਦਿੱਤਾ, ਜਿਸ ਉੱਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਸੀ। ਪਿਸਿਦਿਯਾ ਖੇਤਰ ਵਿੱਚੋਂ ਲੰਘਣ ਤੋਂ ਬਾਅਦ, ਉਹ ਪੈਮਫੀਲੀਆ ਖੇਤਰ ਵਿੱਚ ਆਏ, ਅਤੇ ਜਦੋਂ ਉਹ ਪਰਗਾ ਸ਼ਹਿਰ ਵਿੱਚ ਬਚਨ ਸੁਣਾ ਚੁੱਕੇ, ਤਾਂ ਫਿਰ ਉਹ ਹੇਠਾਂ ਅਟਾਲੀਆ ਸ਼ਹਿਰ ਚਲੇ ਗਏ।

ਅਟਾਲੀਆ ਤੋਂ ਜਹਾਜ਼ ਤੇ ਚੜ੍ਹ ਕੇ ਅੰਤਾਕਿਆ ਨੂੰ ਚੱਲੇ ਆਏ, ਜਿੱਥੋਂ ਉਹ ਉਸ ਕੰਮ ਦੇ ਲਈ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ ਪਰਮੇਸ਼ਵਰ ਦੀ ਕਿਰਪਾ ਉੱਤੇ ਸੌਂਪੇ ਗਏ ਸਨ। ਉੱਥੇ ਪਹੁੰਚਣ ਤੇ, ਉਨ੍ਹਾਂ ਨੇ ਕਲੀਸਿਆ ਨੂੰ ਇੱਕਠੇ ਕੀਤਾ ਅਤੇ ਉਨ੍ਹਾਂ ਸਭ ਨੂੰ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਕੀਤਾ ਸੀ ਅਤੇ ਕਿਵੇਂ ਉਸ ਨੇ ਗ਼ੈਰ-ਯਹੂਦੀਆਂ ਲਈ ਨਿਹਚਾ ਦਾ ਦਰਵਾਜ਼ਾ ਖੋਲ੍ਹਿਆ ਸੀ। ਅਤੇ ਉੱਥੇ ਉਹ ਕਈ ਮਹੀਨਿਆਂ ਤੱਕ ਚੇਲਿਆਂ ਦੇ ਨਾਲ ਰਹੇ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.