Skip to content
BibleKenya

Biblica® Open Punjabi Contemporary Version 2025

ਰਸੂਲਾਂ 1

ਯਿਸ਼ੂ ਦਾ ਸਵਰਗ ਵਿੱਚ ਉਠਾਇਆ ਜਾਣਾ

ਸਾਡੇ ਬਹੁਤ ਹੀ ਆਦਰਯੋਗ ਥਿਯੋਫਿਲਾਸ, ਜੋ ਮੈਂ ਪਿਛਲੀ ਕਿਤਾਬ1 ਲਿਖੀ ਸੀ, ਉਸ ਵਿੱਚ ਉਹ ਸਭ ਗੱਲਾਂ ਦਾ ਜ਼ਿਕਰ ਕੀਤਾ ਜੋ ਯਿਸ਼ੂ ਨੇ ਕੰਮ ਕੀਤੇ ਅਤੇ ਸਿਖਾਉਣਾ ਸ਼ੁਰੂ ਕੀਤਾ ਸੀ ਉਸ ਦਿਨ ਤੱਕ ਜਦੋਂ ਉਹ ਸਵਰਗ ਵਿੱਚ ਉਠਾਇਆ ਗਿਆ ਸੀ, ਉਸ ਤੋਂ ਪਹਿਲਾਂ ਉਸ ਨੇ ਪਵਿੱਤਰ ਆਤਮਾ ਰਾਹੀਂ ਰਸੂਲਾਂ ਨੂੰ ਹੁਕਮ ਦਿੱਤਾ ਜਿਹਨਾਂ ਨੂੰ ਉਸ ਨੇ ਚੁਣਿਆ ਸੀ। ਆਪਣੇ ਜੀਵਨ ਦੇ ਅੰਤ ਤੱਕ ਤਸੀਹੇ ਝੱਲਣ ਤੋਂ ਬਾਅਦ, ਮਸੀਹ ਯਿਸ਼ੂ ਨੇ ਇਨ੍ਹਾਂ ਰਸੂਲਾਂ ਨੂੰ ਕਈ ਅਟੱਲ ਸਬੂਤਾਂ ਦੇ ਨਾਲ ਚਾਲੀ ਦਿਨਾਂ ਤੱਕ ਜੀਉਂਦਾ ਦਰਸ਼ਨ ਦਿੱਤਾ ਅਤੇ ਪਰਮੇਸ਼ਵਰ ਦੇ ਰਾਜ ਨਾਲ ਸੰਬੰਧਿਤ ਗੱਲਾਂ ਬਾਰੇ ਦੱਸਿਆ। ਇੱਕ ਮੌਕੇ ਤੇ, ਉਹ ਜਦੋਂ ਉਹਨਾਂ ਨਾਲ ਭੋਜਨ ਖਾ ਰਿਹਾ ਸੀ, ਉਸ ਨੇ ਉਹਨਾਂ ਨੂੰ ਇਹ ਆਦੇਸ਼ ਦਿੱਤਾ: “ਕਿ ਯੇਰੂਸ਼ਲੇਮ ਸ਼ਹਿਰ ਨੂੰ ਛੱਡ ਕੇ ਨਾ ਜਾਣਾ, ਪਰ ਮੇਰੇ ਪਿਤਾ ਦੁਆਰਾ ਕੀਤੇ ਵਾਅਦੇ ਦੀ ਉਡੀਕ ਕਰੋ, ਜੋ ਤੁਸੀਂ ਮੇਰੇ ਤੋਂ ਉਸ ਦੇ ਬਾਰੇ ਸੁਣਿਆ ਹੈ। ਯੋਹਨ ਨੇ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਹੁਣ ਥੋੜ੍ਹੇ ਦਿਨਾਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।”

ਤਦ ਰਸੂਲ ਸਾਰੇ ਯਿਸ਼ੂ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਉਸ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੁਸੀਂ ਹੁਣ ਇਸ ਸਮੇਂ ਇਸਰਾਏਲ ਦੇ ਰਾਜ ਨੂੰ ਬਹਾਲ ਕਰੋਗੇ?”

ਉਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਇਹ ਤੁਹਾਡਾ ਕੰਮ ਨਹੀਂ ਕਿ ਤੁਸੀਂ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ, ਜੋ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖੇ ਹਨ। ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ; ਤੁਸੀਂ ਮੇਰੇ ਗਵਾਹ ਹੋਵੋਗੇ ਯੇਰੂਸ਼ਲੇਮ, ਅਤੇ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ, ਸਗੋਂ ਧਰਤੀ ਦੇ ਆਖਰੀ ਕੋਨੇ-ਕੋਨੇ ਤੱਕ।”

ਇਹ ਕਹਿਣ ਤੋਂ ਬਾਅਦ, ਉਹ ਉਨ੍ਹਾਂ ਦੇ ਅੱਖਾਂ ਦੇ ਸਾਹਮਣੇ ਉਠਾਇਆ ਗਿਆ, ਅਤੇ ਇੱਕ ਬੱਦਲ ਨੇ ਉਸ ਨੂੰ ਉਨ੍ਹਾਂ ਦੀ ਨਜ਼ਰ ਤੋਂ ਓਹਲੇ ਕਰ ਦਿੱਤਾ।

ਰਸੂਲ ਅਜੇ ਤੱਕ ਅਕਾਸ਼ ਵੱਲ ਵੇਖ ਰਹੇ ਸਨ ਜਦੋਂ ਉਹ ਉੱਪਰ ਉਠਾਇਆ ਜਾ ਰਿਹਾ ਸੀ, ਅਚਾਨਕ ਦੋ ਆਦਮੀ ਜਿਨ੍ਹਾਂ ਨੇ ਚਿੱਟੇ ਕੱਪੜੇ ਪਾਏ ਹੋਏ ਸਨ ਉਨ੍ਹਾਂ ਦੇ ਕੋਲ ਖੜ੍ਹੇ ਹੋ ਗਏ। ਉਨ੍ਹਾਂ ਦੋ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ, “ਹੇ ਗਲੀਲੀ ਮਨੁੱਖੋ, ਤੁਸੀਂ ਉੱਪਰ ਅਕਾਸ਼ ਵੱਲ ਕਿਉਂ ਵੇਖ ਰਹੇ ਹੋ? ਇਹ ਹੀ ਯਿਸ਼ੂ, ਜੋ ਤੁਹਾਡੇ ਕੋਲੋਂ ਸਵਰਗ ਵਿੱਚ ਉਠਾਇਆ ਜਾ ਰਿਹਾ ਹੈ, ਉਸੇ ਤਰ੍ਹਾਂ ਉਹ ਵਾਪਸ ਵੀ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਸਵਰਗ ਵਿੱਚ ਜਾਂਦੇ ਵੇਖ ਰਹੇ ਹੋ।”

ਯਹੂਦਾ ਦੀ ਜਗਾ ਤੇ ਮੱਤੀ ਦਾ ਚੁਣਿਆ ਜਾਣਾ

ਤਦ ਰਸੂਲ ਉਸ ਜ਼ੈਤੂਨ ਦੇ ਪਹਾੜ ਤੋਂ ਜੋ ਯੇਰੂਸ਼ਲੇਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਦੂਰੀ2 ਤੇ ਹੈ, ਯੇਰੂਸ਼ਲੇਮ ਸ਼ਹਿਰ ਨੂੰ ਵਾਪਸ ਮੁੜੇ। ਅਤੇ ਜਦੋਂ ਉਹ ਪਹੁੰਚੇ, ਤਾਂ ਉਸ ਚੁਬਾਰੇ ਉੱਤੇ ਚੜ੍ਹ ਗਏ ਜਿੱਥੇ ਉਹ ਰਹਿ ਰਹੇ ਸਨ। ਉਹ ਇਹ ਹਨ ਜੋ ਉੱਥੇ ਮੌਜੂਦ ਸਨ ਅਰਥਾਤ:

ਪਤਰਸ, ਯੋਹਨ, ਯਾਕੋਬ ਅਤੇ ਆਂਦਰੇਯਾਸ;

ਫਿਲਿੱਪਾਸ ਅਤੇ ਥੋਮਸ;

ਬਾਰਥੋਲੋਮੇਯਾਸ ਅਤੇ ਮੱਤੀਯਾਹ;

ਹਲਫੇਯਾਸ ਦਾ ਪੁੱਤਰ ਯਾਕੋਬ, ਸ਼ਿਮਓਨ ਰਾਸ਼ਟਰਵਾਦੀ ਅਤੇ ਯਾਕੋਬ ਦਾ ਪੁੱਤਰ ਯਹੂਦਾਹ ਸਨ।

ਇਹ ਸਾਰੇ ਇੱਕ ਮਨ ਹੋ ਕੇ, ਕਈ ਇਸਤ੍ਰੀਆਂ ਅਤੇ ਯਿਸ਼ੂ ਦੀ ਮਾਤਾ ਮਰਿਯਮ ਅਤੇ ਉਸ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।

ਉਨ੍ਹਾਂ ਦਿਨਾਂ ਵਿੱਚ ਪਤਰਸ ਭਰਾਵਾਂ ਦੇ ਵਿਚਕਾਰ ਖੜੇ ਹੋ ਕੇ ਬੋਲਿਆ, (ਜੋ ਸਾਰੇ ਮਿਲ ਕੇ ਲਗਭਗ ਇੱਕ ਸੌ ਵੀਹ ਲੋਕ ਇਕੱਠੇ ਹੋਏ ਸਨ) ਅਤੇ ਕਿਹਾ, “ਹੇ ਭਰਾਵੋ ਅਤੇ ਭੈਣੋ, ਪਵਿੱਤਰ ਸ਼ਾਸਤਰ ਵਿੱਚ ਕੀ ਲਿਖਿਆ ਹੈ ਜੋ ਪੂਰਾ ਹੋਣਾ ਜ਼ਰੂਰੀ ਸੀ ਪਵਿੱਤਰ ਆਤਮਾ ਨੇ ਦਾਵੀਦ ਦੀ ਜ਼ਬਾਨੀ ਯਹੂਦਾਹ ਦੇ ਬਾਰੇ ਪਹਿਲਾਂ ਤੋਂ ਹੀ ਆਖਿਆ ਸੀ, ਜਿਹੜਾ ਯਿਸ਼ੂ ਦੇ ਫੜਵਾਉਣ ਵਾਲਿਆਂ ਦਾ ਆਗੂ ਹੋਇਆ। ਕਿਉਂ ਜੋ ਯਹੂਦਾਹ ਸਾਡੇ ਨਾਲ ਗਿਣਿਆ ਗਿਆ ਅਤੇ ਉਸ ਨੇ ਇਸ ਸੇਵਾ ਵਿੱਚ ਹਿੱਸਾ ਪਾਇਆ ਸੀ।”

ਇਸ ਮਨੁੱਖ ਨੇ ਬੇਈਮਾਨੀ ਦੀ ਕਮਾਈ ਨਾਲ ਇੱਕ ਖੇਤ ਮੁੱਲ ਲਿਆ ਅਤੇ ਮੂਧੇ ਮੂੰਹ ਡਿੱਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਅਤੇ ਉਹ ਦੀਆਂ ਸਾਰੀਆਂ ਆਂਦਰਾਂ ਬਾਹਰ ਆ ਗਈਆਂ। ਅਤੇ ਇਹ ਗੱਲ ਸਾਰੇ ਯੇਰੂਸ਼ਲੇਮ ਦੇ ਰਹਿਣ ਵਾਲੇ ਜਾਣ ਗਏ, ਐਥੋਂ ਤੱਕ ਜੋ ਉਸ ਖੇਤ ਦਾ ਨਾਮ ਉਨ੍ਹਾਂ ਦੀ ਭਾਸ਼ਾ ਅਰਾਮੀ ਵਿੱਚ ਅਕਲਦਮਾ ਪੈ ਗਿਆ, ਅਰਥਾਤ ਜਿਸ ਦਾ ਅਰਥ ਹੈ ਲਹੂ ਦਾ ਖੇਤ।

ਪਤਰਸ ਨੇ ਅੱਗੇ ਹੋਰ ਵੀ ਆਖਿਆ, “ਕਿ ਜ਼ਬੂਰਾਂ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ:

“ ‘ਕਿ ਉਸ ਦਾ ਘਰ ਉੱਜੜ ਜਾਵੇ;

ਉਸ ਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ,’3

ਅਤੇ,

“ ‘ਉਸ ਦਾ ਅਹੁਦਾ ਕੋਈ ਹੋਰ ਲੈ ਲਵੇ।’4

ਪਰੰਤੂ ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਨਾਲ ਰਹੇ ਜਦੋਂ ਪ੍ਰਭੂ ਯਿਸ਼ੂ ਸਾਡੇ ਵਿਚਕਾਰ ਰਿਹਾ ਸੀ, ਯੋਹਨ ਦੇ ਬਪਤਿਸਮੇ ਤੋਂ ਲੈ ਕੇ ਉਸ ਦਿਨ ਤੱਕ ਜਦੋਂ ਯਿਸ਼ੂ ਸਾਡੇ ਕੋਲੋਂ ਉਤਾਹਾਂ ਉਠਾਇਆ ਗਿਆ ਸੀ, ਚੰਗਾ ਹੋਵੇਗਾ ਕਿ ਉਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਉਸ ਦੇ ਪੁਨਰ-ਉਥਾਨ ਦਾ ਗਵਾਹ ਹੋਵੇ।”

ਤਦ ਉਨ੍ਹਾਂ ਨੇ ਦੋ ਮਨੁੱਖਾਂ ਨੂੰ ਖੜਾ ਕੀਤਾ: ਇੱਕ ਯੂਸੁਫ਼ ਜਿਹੜਾ ਬਰਸਬਾਸ ਅਖਵਾਉਂਦਾ ਸੀ (ਜਿਸ ਨੂੰ ਯੂਸਤੁਸ ਵੀ ਕਹਿੰਦੇ ਸਨ) ਅਤੇ ਦੂਜਾ ਮੱਥਿਯਾਸ। ਫਿਰ ਉਨ੍ਹਾਂ ਨੇ ਪ੍ਰਾਰਥਨਾ ਕੀਤੀ, “ਹੇ ਪ੍ਰਭੂ, ਤੂੰ ਜੋ ਸਭਨਾਂ ਦੇ ਦਿਲਾਂ ਨੂੰ ਜਾਣਦਾ ਹੈ। ਸਾਨੂੰ ਇਹ ਦਿਖਾ ਕਿ ਇਨ੍ਹਾਂ ਦੋਹਾਂ ਵਿੱਚੋਂ ਤੂੰ ਕਿਸਨੂੰ ਚੁਣਿਆ ਹੈ ਇਸ ਰਸੂਲਾਂ ਦੀ ਸੇਵਕਾਈ ਨੂੰ ਸੰਭਾਲਣ ਲਈ, ਜਿਸ ਨੂੰ ਯਹੂਦਾਹ ਨੇ ਛੱਡ ਦਿੱਤਾ ਤੇ ਉਹ ਉਸ ਸਜ਼ਾ ਦੀ ਜਗ੍ਹਾ ਗਿਆ ਜਿਥੇ ਦਾ ਉਹ ਹੈ।” ਫਿਰ ਉਨ੍ਹਾਂ ਨੇ ਪਰਚੀਆਂ ਪਾਈਆਂ, ਅਤੇ ਪਰਚੀ ਮੱਥਿਯਾਸ ਦੇ ਨਾਮ ਤੇ ਨਿੱਕਲੀ; ਇਸ ਲਈ ਉਹ ਗਿਆਰਾਂ ਰਸੂਲਾਂ ਵਿੱਚ ਸ਼ਾਮਲ ਹੋ ਗਿਆ।

Source notes (4)
  1. Footnote ਲੂਕਸ ਦੁਆਰਾ ਲਿਖੀ ਗਈ ਖੁਸ਼ਖ਼ਬਰੀ
  2. Footnote ਭਾਵ, ਲਗਭਗ 5/8 ਮੀਲ ਜਾਂ ਲਗਭਗ 1 ਕਿਲੋਮੀਟਰ
  3. Footnote ਜ਼ਬੂ 69:25
  4. Footnote ਜ਼ਬੂ 109:8

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.