Biblica® Open Punjabi Contemporary Version 2025
2 ਤਿਮੋਥਿਉਸ 3
ਇਹ ਜਾਣ ਲੈ ਕਿ: ਆਖਰੀ ਦਿਨਾਂ ਵਿੱਚ ਬਹੁਤ ਭਿਆਨਕ ਸਮੇਂ ਆਉਣਗੇ। ਲੋਕ ਆਪਣੇ ਆਪ ਨੂੰ ਪਿਆਰ ਕਰਨ ਵਾਲੇ, ਪੈਸਿਆਂ ਦੇ ਪ੍ਰੇਮੀ, ਸ਼ੇਖੀ ਮਾਰਨ ਵਾਲੇ, ਹੰਕਾਰੀ, ਬਦਸਲੂਕੀ, ਆਪਣੇ ਮਾਤਾ-ਪਿਤਾ ਦੇ ਅਣ-ਆਗਿਆਕਾਰੀ, ਨਾਸ਼ੁਕਰੇ, ਅਪਵਿੱਤਰ, ਪਿਆਰ ਰਹਿਤ, ਮਾਫ਼ ਨਾ ਕਰਨ ਵਾਲੇ, ਬਦਨਾਮੀ ਕਰਨ ਵਾਲੇ, ਸੰਜਮ ਤੋਂ ਬਿਨ੍ਹਾਂ, ਸਖ਼ਤ ਸੁਭਾਅ, ਨੇਕੀ ਦੇ ਵੈਰੀ, ਧੋਖੇਬਾਜ਼, ਹਠੀ, ਹੰਕਾਰੀ, ਪਰਮੇਸ਼ਵਰ ਦੇ ਪ੍ਰੇਮੀ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ। ਭਗਤੀ ਦਾ ਇੱਕ ਰੂਪ ਰੱਖਦੇ ਹੋਏ ਵੀ, ਉਸ ਦੀ ਸ਼ਕਤੀ ਦਾ ਇਨਕਾਰ ਕਰਨਗੇ। ਅਜਿਹੇ ਲੋਕਾਂ ਨਾਲ ਕੁਝ ਲੈਣਾ-ਦੇਣਾ ਨਾ ਰੱਖਣਾ।
ਇਹ ਅਜਿਹੀ ਕਿਸਮ ਦੇ ਲੋਕ ਹਨ ਜੋ ਘਰਾਂ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਉਹਨਾਂ ਦੁਰਬੱਲ ਔਰਤਾਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਪਾਪਾਂ ਨਾਲ ਲੱਦੀਆਂ ਹੋਈਆਂ ਹਨ ਅਤੇ ਹਰ ਕਿਸਮ ਦੀਆਂ ਭੈੜੀਆਂ ਇੱਛਾਵਾਂ ਪਿੱਛੇ ਚੱਲਦੀਆਂ ਹਨ, ਹਮੇਸ਼ਾ ਸਿੱਖਦੀਆਂ ਹਨ ਪਰ ਕਦੇ ਵੀ ਸੱਚ ਦੇ ਗਿਆਨ ਤੱਕ ਨਹੀਂ ਪਹੁੰਚਦੀਆਂ। ਜਿਵੇਂ ਯਾਨੇਸ ਅਤੇ ਜੈਂਬਰੇਸ ਨੇ ਮੋਸ਼ੇਹ ਦਾ ਵਿਰੋਧ ਕੀਤਾ ਸੀ, ਉਸੇ ਤਰ੍ਹਾਂ ਇਹ ਝੂਠੇ ਉਪਦੇਸ਼ਕ ਵੀ ਸੱਚਾਈ ਦਾ ਵਿਰੋਧ ਕਰਦੇ ਹਨ। ਇਹਨਾਂ ਦੀ ਬੁੱਧ ਭ੍ਰਿਸ਼ਟ ਹੋ ਗਈ ਹੈ, ਇਹ ਵਿਸ਼ਵਾਸ ਵਿੱਚ ਨਿਕੰਮੇ ਹਨ।1 ਪਰ ਇਹ ਅੱਗੇ ਨਾ ਵੱਧਣਗੇ, ਉਹਨਾਂ ਦੋਵਾਂ ਦੇ ਸਮਾਨ, ਇਹਨਾਂ ਦੀ ਮੂਰਖਤਾ ਵੀ ਸਭ ਲੋਕਾਂ ਅੱਗੇ ਪ੍ਰਕਾਸ਼ ਹੋ ਜਾਵੇਗੀ।
ਤਿਮੋਥਿਉਸ ਨੂੰ ਅੰਤਿਮ ਕੰਮ ਸੌਂਪਣਾ
ਹਾਲਾਂਕਿ, ਤੂੰ ਮੇਰੇ ਬਾਰੇ ਸਭ ਜਾਣਦਾ ਹੈ ਜਿਵੇਂ ਮੇਰਾ ਉਪਦੇਸ਼, ਮੇਰੇ ਜੀਵਨ ਬਾਰੇ, ਮੇਰੇ ਉਦੇਸ਼, ਵਿਸ਼ਵਾਸ, ਸਬਰ, ਪਿਆਰ, ਧੀਰਜ, ਸਤਾਏ ਜਾਣ ਅਤੇ ਦੁੱਖ ਸਹਿਣ ਬਾਰੇ ਅਤੇ ਅੰਤਾਕਿਆ, ਇਕੋਨਿਯਮ ਅਤੇ ਲੁਸਤ੍ਰਾ ਦੇ ਸ਼ਹਿਰਾਂ ਵਿੱਚ ਮੇਰੇ ਨਾਲ ਕੀ ਘਟਨਾਵਾਂ ਵਾਪਰੀਆਂ, ਕਿਵੇਂ ਮੈਂ ਸਤਾਵ ਸਿਹਾ। ਫਿਰ ਵੀ ਪਰਮੇਸ਼ਵਰ ਨੇ ਮੈਨੂੰ ਉਹਨਾਂ ਸਾਰਿਆਂ ਤੋਂ ਬਚਾਇਆ।2 ਅਸਲ ਵਿੱਚ, ਹਰ ਉਹ ਵਿਅਕਤੀ ਜਿਹੜਾ ਮਸੀਹ ਯਿਸ਼ੂ ਵਿੱਚ ਇੱਕ ਧਰਮੀ ਜੀਵਨ ਜਿਉਣਾ ਚਾਹੁੰਦਾ ਹੈ, ਸਤਾਇਆ ਜਾਏਗਾ, ਜਦ ਕਿ ਦੁਸ਼ਟ ਅਤੇ ਧੋਖਾ ਦੇਣ ਵਾਲੇ ਭੈੜੇ ਤੋਂ ਬਦਤਰ ਹੁੰਦੇ ਜਾਣਗੇ, ਧੋਖਾ ਦਿੰਦੇ ਅਤੇ ਧੋਖਾ ਖਾਂਦੇ ਰਹਿਣਗੇ। ਪਰ ਤੂੰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖੀਆਂ ਅਤੇ ਸੱਚ ਮੰਨਿਆ ਟਿਕਿਆਂ ਰਹਿ ਕਿਉਂਕਿ ਤੂੰ ਜਾਣਦਾ ਹੈ ਕਿ ਕਿੰਨ੍ਹਾਂ ਕੋਲੋ ਸਿੱਖੀਆਂ ਹਨ, ਅਤੇ ਬਚਪਨ ਤੋਂ ਹੀ ਤੂੰ ਪਵਿੱਤਰ ਬਚਨਾਂ ਨੂੰ ਜਾਣਦਾ ਹੈ, ਜੋ ਤੈਨੂੰ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਦੁਆਰਾ ਮੁਕਤੀ ਲਈ ਬੁੱਧੀਮਾਨ ਬਣਾਉਣ ਦੇ ਯੋਗ ਹਨ, ਸਾਰਾ ਪਵਿੱਤਰ ਸ਼ਾਸਤਰ ਪਰਮੇਸ਼ਵਰ ਦੇ ਆਤਮਾ ਦੁਆਰਾ ਰਚਿਆ ਗਿਆ ਹੈ ਅਤੇ ਧਾਰਮਿਕਤਾ ਦੀ ਸਿੱਖਿਆ, ਝਿੜਕਣ, ਸੁਧਾਰਨ ਅਤੇ ਸਿਖਲਾਈ ਲਈ ਲਾਭਦਾਇਕ ਹੈ, ਤਾਂ ਕਿ ਪਰਮੇਸ਼ਵਰ ਦਾ ਸੇਵਕ ਹਰ ਚੰਗੇ ਕੰਮ ਲਈ ਚੰਗੀ ਤਰ੍ਹਾਂ ਤਿਆਰ ਹੋ ਸਕੇ।
Source notes (2)
- Footnote ਕੂਚ 7:11; 22; 9:11
- Footnote ਰਸੂ 13:14; 14:26
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.