Biblica® Open Punjabi Contemporary Version 2025
2 ਤਿਮੋਥਿਉਸ 1
ਪੌਲੁਸ, ਜਿਹੜਾ ਉਸ ਜੀਵਨ ਦੇ ਵਾਅਦੇ ਅਨੁਸਾਰ ਜੋ ਮਸੀਹ ਯਿਸ਼ੂ ਵਿੱਚ ਹੈ, ਪਰਮੇਸ਼ਵਰ ਦੀ ਇੱਛਾ ਨਾਲ ਯਿਸ਼ੂ ਮਸੀਹ ਦਾ ਇੱਕ ਰਸੂਲ ਹੈ,
ਤਿਮੋਥਿਉਸ ਨੂੰ ਜਿਹੜਾ ਮੇਰਾ ਪਿਆਰਾ ਪੁੱਤਰ ਹੈ:
ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਮਸੀਹ ਯਿਸ਼ੂ ਦੇ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲੇ।
ਧੰਨਵਾਦ ਦੀ ਪ੍ਰਾਰਥਨਾ
ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਜਿਸਦੀ ਮੈਂ ਸੇਵਾ ਕਰਦਾ ਹਾਂ, ਜਿਵੇਂ ਕਿ ਮੇਰੇ ਪੁਰਖਿਆਂ ਨੇ ਵੀ ਇੱਕ ਸ਼ੁੱਧ ਜ਼ਮੀਰ ਨਾਲ ਕੀਤਾ ਸੀ, ਜਿਵੇਂ ਕਿ ਦਿਨ-ਰਾਤ ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ। ਤੇਰਿਆਂ ਹੰਝੂਆਂ ਨੂੰ ਯਾਦ ਕਰਦਿਆਂ, ਮੈਂ ਤੈਨੂੰ ਵੇਖਣ ਨੂੰ ਤਰਸਦਾ ਹਾਂ, ਤਾਂ ਜੋ ਮੈ ਅਨੰਦ ਨਾਲ ਭਰ ਜਾਵਾਂ। ਮੈਨੂੰ ਤੇਰੇ ਨਿਸ਼ਕਪਟ ਵਿਸ਼ਵਾਸ ਦੀ ਯਾਦ ਆਉਂਦੀ ਹੈ, ਜੋ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਂ ਯੂਨਿਸ ਵਿੱਚ ਸੀ ਅਤੇ ਮੈਨੂੰ ਯਕੀਨ ਹੈ ਜੋ ਹੁਣ ਤੇਰੇ ਵਿੱਚ ਵੀ ਹੈ।
ਪੌਲੁਸ ਅਤੇ ਇੰਜੀਲ ਪ੍ਰਤੀ ਵਫ਼ਾਦਾਰੀ ਲਈ ਤਿਮੋਥਿਉਸ ਨੂੰ
ਇਸ ਕਾਰਨ ਮੈਂ ਤੈਨੂੰ ਯਾਦ ਕਰਾਉਂਦਾ ਹਾਂ ਕਿ ਪਰਮੇਸ਼ਵਰ ਦੇ ਉਸ ਵਰਦਾਨ ਨੂੰ ਜੋ ਤੇਰੇ ਉੱਤੇ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲਿਆ ਸੀ ਉਸ ਵਰਦਾਨ ਨੂੰ ਚਮਕਾ। ਕਿਉਂਕਿ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਬਲਕਿ ਸ਼ਕਤੀ, ਪਿਆਰ ਅਤੇ ਸਵੈ-ਅਨੁਸ਼ਾਸਨ ਦਾ ਆਤਮਾ ਦਿੱਤਾ ਹੈ। ਇਸ ਲਈ ਸਾਡੇ ਪ੍ਰਭੂ ਦੀ ਗਵਾਹੀ ਬਾਰੇ ਜਾਂ ਮੇਰੇ ਬਾਰੇ ਜੋ ਮਸੀਹ ਦਾ ਕੈਦੀ ਹਾਂ ਦੱਸਣ ਤੋਂ ਸ਼ਰਮਿੰਦਾ ਨਾ ਹੋਵੀਂ। ਸਗੋਂ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਖੁਸ਼ਖ਼ਬਰੀ ਲਈ ਦੁੱਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ। ਪਰਮੇਸ਼ਵਰ ਨੇ ਸਾਨੂੰ ਬਚਾਇਆ ਹੈ ਅਤੇ ਸਾਨੂੰ ਇੱਕ ਪਵਿੱਤਰ ਜੀਵਨ ਲਈ ਬੁਲਾਇਆ ਹੈ, ਇਹ ਸਾਡੀ ਕਿਸੇ ਕਰਨੀ ਦੇ ਨਾਲ ਨਹੀਂ ਸਗੋਂ ਉਸ ਦੇ ਆਪਣੇ ਮਕਸਦ ਅਤੇ ਕਿਰਪਾ ਕਰਕੇ ਜਿਹੜੀ ਮਸੀਹ ਯਿਸ਼ੂ ਵਿੱਚ ਸਦੀਪਕ ਸਮਿਆਂ ਤੋਂ ਪਹਿਲਾਂ ਹੀ ਦਿੱਤੀ ਗਈ ਸੀ। ਪਰ ਹੁਣ ਇਹ ਸਾਡੇ ਮੁਕਤੀਦਾਤਾ, ਮਸੀਹ ਯਿਸ਼ੂ ਦੇ ਪ੍ਰਕਾਸ਼ ਹੋਣ ਦੁਆਰਾ ਪ੍ਰਗਟ ਹੋਇਆ ਹੈ, ਜਿਸ ਨੇ ਮੌਤ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਖੁਸ਼ਖ਼ਬਰੀ ਰਾਹੀਂ ਜੀਵਨ ਅਤੇ ਅਮਰਤਾ ਨੂੰ ਪ੍ਰਕਾਸ਼ ਕੀਤਾ ਹੈ। ਅਤੇ ਇਸ ਖੁਸ਼ਖ਼ਬਰੀ ਦਾ ਮੈਨੂੰ ਇੱਕ ਪ੍ਰਚਾਰਕ ਅਤੇ ਇੱਕ ਰਸੂਲ ਅਤੇ ਇੱਕ ਉਪਦੇਸ਼ਕ ਨਿਯੁਕਤ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਮੈਂ ਜਿਵੇਂ ਦੁੱਖ ਝੱਲਦਾ ਹਾਂ। ਫਿਰ ਵੀ ਇਹ ਸ਼ਰਮਿੰਦਾ ਹੋਣ ਦਾ ਕਾਰਨ ਨਹੀਂ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿਸ ਉੱਤੇ ਵਿਸ਼ਵਾਸ ਕੀਤਾ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਉਸ ਦਿਨ ਦੀ ਰੱਖਿਆ ਕਰ ਸਕਦਾ ਹੈ ਜੋ ਮੈਂ ਉਸ ਨੂੰ ਸੌਂਪਿਆ ਹੈ।
ਜੋ ਤੂੰ ਮੇਰੇ ਕੋਲੋਂ ਸੁਣਿਆ ਹੈ, ਚੰਗੇ ਉਪਦੇਸ਼ ਦੇ ਨਮੂਨੇ ਵਜੋਂ ਆਪਣੇ ਆਪ ਨੂੰ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਅਤੇ ਪਿਆਰ ਨਾਲ ਫੜੀ ਰੱਖ। ਪਵਿੱਤਰ ਆਤਮਾ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ, ਉਸ ਚੰਗੀ ਅਮਾਨਤ ਦੀ ਰਾਖੀ ਕਰ ਜੋ ਤੈਨੂੰ ਸੌਂਪੀ ਗਈ ਹੈ।
ਬੇਵਫ਼ਾਈ ਅਤੇ ਵਫ਼ਾਦਾਰੀ ਦੀਆਂ ਉਦਾਹਰਣਾਂ
ਤੁਸੀਂ ਜਾਣਦੇ ਹੋ ਕਿ ਏਸ਼ੀਆ ਪ੍ਰਦੇਸ਼ ਦੇ ਫਿਗੇਲਸ ਅਤੇ ਹਰਮੋਗੇਨੇਸ ਸਮੇਤ ਹਰ ਵਿਅਕਤੀ ਨੇ ਮੈਨੂੰ ਤਿਆਗ ਦਿੱਤਾ ਹੈ।
ਪ੍ਰਭੂ ਓਨੇਸਿਫੋਰਸ ਦੇ ਘਰ ਵਾਲਿਆਂ ਤੇ ਮਿਹਰ ਕਰੇ, ਕਿਉਂਕਿ ਉਹ ਅਕਸਰ ਮੈਨੂੰ ਤਾਜ਼ਗੀ ਦਿੰਦਾ ਹੈ ਅਤੇ ਮੇਰੀ ਜੰਜ਼ੀਰਾਂ ਤੋਂ ਸ਼ਰਮਿੰਦਾ ਨਹੀਂ ਸੀ। ਇਸ ਦੇ ਉਲਟ, ਜਦੋਂ ਉਹ ਰੋਮ ਸ਼ਹਿਰ ਵਿੱਚ ਸੀ, ਉਸ ਨੇ ਮੇਰੀ ਸਖ਼ਤ ਤਲਾਸ਼ ਕੀਤੀ ਜਦੋਂ ਤੱਕ ਮੈਨੂੰ ਲੱਭ ਨਹੀਂ ਲਿਆ। ਪ੍ਰਭੂ ਬਖ਼ਸ਼ੇ ਕਿ ਉਸ ਦਿਨ ਪ੍ਰਭੂ ਦੀ ਮਿਹਰ ਉਸ ਉੱਤੇ ਹੋਏ! ਤੁਸੀਂ ਜਾਣਦੇ ਹੋ ਕਿ ਅਫ਼ਸੁਸ ਸ਼ਹਿਰ ਵਿੱਚ ਉਸ ਨੇ ਕਿੰਨੇ ਤਰੀਕਿਆਂ ਨਾਲ ਮੇਰੀ ਸਹਾਇਤਾ ਕੀਤੀ ਸੀ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.