Biblica® Open Punjabi Contemporary Version 2025
2 ਸ਼ਮੁਏਲ 9
ਦਾਵੀਦ ਅਤੇ ਮਫ਼ੀਬੋਸ਼ਥ
ਦਾਵੀਦ ਨੇ ਪੁੱਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਬਚਿਆ ਹੈ ਜਿਸ ਉੱਤੇ ਮੈਂ ਯੋਨਾਥਾਨ ਦੀ ਖ਼ਾਤਰ ਦਇਆ ਕਰਾਂ?”
ਹੁਣ ਸ਼ਾਊਲ ਦੇ ਘਰਾਣੇ ਦਾ ਸੀਬਾ ਨਾਂ ਦਾ ਇੱਕ ਨੌਕਰ ਸੀ। ਉਨ੍ਹਾਂ ਨੇ ਉਸਨੂੰ ਦਾਵੀਦ ਦੇ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਅਤੇ ਪਾਤਸ਼ਾਹ ਨੇ ਉਸਨੂੰ ਪੁੱਛਿਆ, “ਕੀ ਤੂੰ ਸੀਬਾ ਹੈ?”
ਉਸਨੇ ਜਵਾਬ ਦਿੱਤਾ, “ਜੀ ਤੁਹਾਡਾ ਸੇਵਕ ਉਹੀ ਹੈ।”
ਰਾਜੇ ਨੇ ਪੁਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਜੀਉਂਦਾ ਨਹੀਂ ਹੈ ਜਿਸ ਉੱਤੇ ਮੈਂ ਪਰਮੇਸ਼ਵਰ ਦੀ ਦਯਾ ਵਿਖਾ ਸਕਾਂ?”
ਸੀਬਾ ਨੇ ਰਾਜੇ ਨੂੰ ਉੱਤਰ ਦਿੱਤਾ, “ਯੋਨਾਥਾਨ ਦਾ ਇੱਕ ਪੁੱਤਰ ਅਜੇ ਵੀ ਹੈ। ਉਹ ਦੋਵੇਂ ਪੈਰਾਂ ਤੋਂ ਲੰਗੜਾ ਹੈ।”
ਰਾਜੇ ਨੇ ਪੁੱਛਿਆ, “ਉਹ ਕਿੱਥੇ ਹੈ?”
ਸੀਬਾ ਨੇ ਉੱਤਰ ਦਿੱਤਾ, “ਉਹ ਲੋ-ਦੇਬਾਰ ਵਿੱਚ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰ ਵਿੱਚ ਹੈ।”
ਇਸ ਲਈ ਦਾਵੀਦ ਪਾਤਸ਼ਾਹ ਨੇ ਮਨੁੱਖ ਭੇਜੇ ਅਤੇ ਉਸਨੂੰ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਲੋ-ਦੇਬਾਰ ਤੋਂ ਮੰਗਵਾ ਲਿਆ।
ਜਦੋਂ ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਪੁੱਤਰ ਮਫ਼ੀਬੋਸ਼ਥ ਦਾਵੀਦ ਕੋਲ ਆਇਆ ਤਾਂ ਉਸ ਨੇ ਉਸ ਦਾ ਆਦਰ ਕਰਨ ਲਈ ਮੱਥਾ ਟੇਕਿਆ।
ਦਾਵੀਦ ਨੇ ਕਿਹਾ, “ਮਫ਼ੀਬੋਸ਼ਥ!”
ਉਸਨੇ ਜਵਾਬ ਦਿੱਤਾ, “ਤੇਰਾ ਸੇਵਕ ਹਾਜ਼ਰ ਹੈ।”
ਦਾਵੀਦ ਨੇ ਉਸ ਨੂੰ ਕਿਹਾ, “ਡਰ ਨਾ ਕਿਉਂ ਜੋ ਮੈਂ ਤੇਰੇ ਪਿਤਾ ਯੋਨਾਥਾਨ ਦੀ ਖ਼ਾਤਰ ਤੇਰੇ ਉੱਤੇ ਦਯਾ ਵਿਖਾਵਾਂਗਾ। ਮੈਂ ਤੈਨੂੰ ਉਹ ਸਾਰੀ ਧਰਤੀ ਵਾਪਸ ਦੇ ਦਿਆਂਗਾ ਜਿਹੜੀ ਤੇਰੇ ਦਾਦੇ ਸ਼ਾਊਲ ਦੀ ਸੀ ਅਤੇ ਤੂੰ ਹਮੇਸ਼ਾ ਮੇਰੀ ਮੇਜ਼ ਉੱਤੇ ਰੋਟੀ ਖਾਵੇਗਾ।”
ਮਫ਼ੀਬੋਸ਼ਥ ਨੇ ਮੱਥਾ ਟੇਕਿਆ ਅਤੇ ਕਿਹਾ, “ਤੇਰਾ ਸੇਵਕ ਕੀ ਹੈ ਜੋ ਤੂੰ ਮੇਰੇ ਵਰਗੇ ਮਰੇ ਹੋਏ ਕੁੱਤੇ ਨੂੰ ਵੇਖੇਂ?”
ਤਦ ਰਾਜੇ ਨੇ ਸ਼ਾਊਲ ਦੇ ਮੁਖ਼ਤਿਆਰ ਸੀਬਾ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਮੈਂ ਤੇਰੇ ਮਾਲਕ ਦੇ ਪੋਤੇ ਨੂੰ ਉਹ ਸਭ ਕੁਝ ਦੇ ਦਿੱਤਾ ਹੈ ਜੋ ਸ਼ਾਊਲ ਅਤੇ ਉਸਦੇ ਪਰਿਵਾਰ ਦਾ ਸੀ। ਤੂੰ ਅਤੇ ਤੇਰੇ ਪੁੱਤਰ ਅਤੇ ਤੇਰੇ ਨੌਕਰ ਉਸ ਲਈ ਜ਼ਮੀਨ ਦੀ ਵਾਹੀ ਕਰੋ ਅਤੇ ਉਸ ਫਸਲ ਲਿਆਓ, ਤਾਂ ਜੋ ਤੁਹਾਡੇ ਮਾਲਕ ਦੇ ਪੋਤਰੇ ਲਈ ਰੋਟੀ ਹੋ ਸਕੇ ਅਤੇ ਤੁਹਾਡੇ ਸੁਆਮੀ ਦਾ ਪੋਤਾ ਮਫ਼ੀਬੋਸ਼ਥ ਹਮੇਸ਼ਾ ਮੇਰੇ ਮੇਜ਼ ਉੱਤੇ ਖਾਵੇਗਾ।” (ਹੁਣ ਸੀਬਾ ਦੇ ਪੰਦਰਾਂ ਪੁੱਤਰ ਅਤੇ ਵੀਹ ਨੌਕਰ ਸਨ।)
ਤਦ ਸੀਬਾ ਨੇ ਰਾਜੇ ਨੂੰ ਆਖਿਆ, ਤੁਹਾਡਾ ਦਾਸ ਉਹੀ ਕਰੇਗਾ ਜੋ ਮੇਰਾ ਮਹਾਰਾਜ ਰਾਜਾ ਆਪਣੇ ਸੇਵਕ ਨੂੰ ਕਰਨ ਦਾ ਹੁਕਮ ਦੇਵੇਗਾ। ਇਸ ਲਈ ਮਫ਼ੀਬੋਸ਼ਥ ਨੇ ਦਾਵੀਦ ਦੇ ਮੇਜ਼ ਉੱਤੇ ਰਾਜੇ ਦੇ ਪੁੱਤਰਾਂ ਵਿੱਚੋਂ ਇੱਕ ਵਾਂਗ ਖਾਧਾ।
ਮਫ਼ੀਬੋਸ਼ਥ ਦਾ ਮੀਕਾ ਨਾਂ ਦਾ ਇੱਕ ਪੁੱਤਰ ਸੀ ਅਤੇ ਸੀਬਾ ਦੇ ਘਰ ਦੇ ਸਾਰੇ ਮੈਂਬਰ ਮਫ਼ੀਬੋਸ਼ਥ ਦੇ ਸੇਵਕ ਸਨ। ਅਤੇ ਮਫ਼ੀਬੋਸ਼ਥ ਯੇਰੂਸ਼ਲੇਮ ਵਿੱਚ ਰਹਿੰਦਾ ਸੀ ਕਿਉਂਕਿ ਉਹ ਹਮੇਸ਼ਾ ਰਾਜੇ ਦੇ ਮੇਜ਼ ਉੱਤੇ ਖਾਂਦਾ ਸੀ ਅਤੇ ਉਹ ਦੋਵੇਂ ਪੈਰਾਂ ਤੋਂ ਲੰਗੜਾ ਸੀ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.