Biblica® Open Punjabi Contemporary Version 2025
2 ਸ਼ਮੁਏਲ 1
ਦਾਵੀਦ ਨੇ ਸ਼ਾਊਲ ਦੀ ਮੌਤ ਬਾਰੇ ਸੁਣਿਆ
ਸ਼ਾਊਲ ਦੀ ਮੌਤ ਤੋਂ ਬਾਅਦ, ਦਾਵੀਦ ਅਮਾਲੇਕੀਆਂ ਨੂੰ ਮਾਰ ਕੇ ਵਾਪਸ ਆਇਆ ਅਤੇ ਦੋ ਦਿਨ ਸਿਕਲਗ ਵਿੱਚ ਰਿਹਾ। ਤੀਜੇ ਦਿਨ ਸ਼ਾਊਲ ਦੇ ਡੇਰੇ ਤੋਂ ਇੱਕ ਆਦਮੀ ਜਿਸਦੇ ਕੱਪੜੇ ਪਾੜੇ ਅਤੇ ਸਿਰ ਵਿੱਚ ਮਿੱਟੀ ਪਈ ਹੋਈ ਸੀ ਦਾਵੀਦ ਕੋਲ ਆਇਆ। ਜਦੋਂ ਉਹ ਦਾਵੀਦ ਕੋਲ ਆਇਆ, ਤਾਂ ਉਹ ਦਾਵੀਦ ਨੂੰ ਆਦਰ ਦੇਣ ਲਈ ਜ਼ਮੀਨ ਤੇ ਡਿੱਗ ਪਿਆ।
ਦਾਵੀਦ ਨੇ ਉਸਨੂੰ ਪੁੱਛਿਆ, “ਤੁਸੀਂ ਕਿੱਥੋਂ ਆਏ ਹੋ?”
ਉਸ ਨੇ ਉੱਤਰ ਦਿੱਤਾ, “ਮੈਂ ਇਸਰਾਏਲ ਦੇ ਡੇਰੇ ਵਿੱਚੋਂ ਬਚ ਨਿੱਕਲਿਆ ਹਾਂ।”
ਦਾਵੀਦ ਨੇ ਪੁੱਛਿਆ, “ਮੈਨੂੰ ਦੱਸ, ਕੀ ਹੋਇਆ?”
ਉਸਨੇ ਜਵਾਬ ਦਿੱਤਾ, “ਮਨੁੱਖ ਲੜਾਈ ਵਿੱਚੋਂ ਭੱਜ ਗਏ, ਉਨ੍ਹਾਂ ਵਿੱਚੋਂ ਬਹੁਤ ਸਾਰੇ ਡਿੱਗ ਕੇ ਮਰ ਗਏ ਅਤੇ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਮਰ ਗਏ।”
ਤਦ ਦਾਵੀਦ ਨੇ ਉਸ ਜੁਆਨ ਨੂੰ ਜਿਹੜਾ ਉਸ ਕੋਲ ਖ਼ਬਰ ਲਿਆਇਆ ਸੀ, ਆਖਿਆ, “ਤੈਨੂੰ ਕਿਵੇਂ ਪਤਾ ਕਿ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਮਰ ਗਏ ਹਨ?”
ਉਸ ਨੌਜਵਾਨ ਨੇ ਕਿਹਾ, “ਮੈਂ ਗਿਲਬੋਆ ਪਹਾੜ ਉੱਤੇ ਸੀ ਅਤੇ ਉੱਥੇ ਸ਼ਾਊਲ ਆਪਣੇ ਬਰਛੇ ਉੱਤੇ ਢਾਸਣਾ ਲਾਈ ਪਿਆ ਸੀ, ਤਾਂ ਵੇਖੋ, ਰੱਥ ਅਤੇ ਘੁੜਸਵਾਰ ਉਹਨਾਂ ਦਾ ਜ਼ੋਰਦਾਰ ਪਿੱਛਾ ਕਰ ਰਹੇ ਸੀ। ਜਦ ਉਸ ਨੇ ਮੁੜ ਕੇ ਮੈਨੂੰ ਵੇਖਿਆ ਤਾਂ ਉਸ ਨੇ ਮੈਨੂੰ ਪੁਕਾਰਿਆ ਅਤੇ ਮੈਂ ਕਿਹਾ, ‘ਮੈਂ ਕੀ ਕਰ ਸਕਦਾ ਹਾਂ?’
“ਉਸ ਨੇ ਮੈਨੂੰ ਪੁੱਛਿਆ, ‘ਤੂੰ ਕੌਣ ਹੈ?’
“ਮੈਂ ਜਵਾਬ ਦਿੱਤਾ, ‘ਇੱਕ ਅਮਾਲੇਕੀ ਹਾਂ।’
“ਤਦ ਉਸ ਨੇ ਮੈਨੂੰ ਆਖਿਆ, ‘ਇੱਥੇ ਮੇਰੇ ਕੋਲ ਖਲੋ ਅਤੇ ਮੈਨੂੰ ਮਾਰ ਦੇ! ਮੈਂ ਮੌਤ ਦੇ ਘੇਰੇ ਵਿੱਚ ਹਾਂ, ਪਰ ਮੈਂ ਅਜੇ ਵੀ ਜ਼ਿੰਦਾ ਹਾਂ।’
“ਇਸ ਲਈ ਮੈਂ ਉਸਦੇ ਕੋਲ ਗਿਆ ਅਤੇ ਉਸਨੂੰ ਮਾਰ ਦਿੱਤਾ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਬਰਛੇ ਤੇ ਡਿੱਗਣ ਤੋਂ ਬਾਅਦ ਬਚ ਨਹੀਂ ਸਕਦਾ ਅਤੇ ਮੈਂ ਉਹ ਤਾਜ ਜੋ ਉਸਦੇ ਸਿਰ ਉੱਤੇ ਸੀ ਅਤੇ ਕੜਾ ਜੋ ਉਸਦੀ ਬਾਂਹ ਉੱਤੇ ਸੀ ਲੈ ਲਿਆ ਅਤੇ ਉਹਨਾਂ ਨੂੰ ਇੱਥੇ ਆਪਣੇ ਸੁਆਮੀ ਕੋਲ ਲੈ ਆਇਆ ਹਾਂ।”
ਤਦ ਦਾਵੀਦ ਨੇ ਦੁੱਖੀ ਹੋ ਕੇ ਆਪਣੇ ਕੱਪੜੇ ਪਾੜ ਲਏ ਅਤੇ ਉਸ ਦੇ ਸਾਰੇ ਸਾਥੀਆਂ ਨੇ ਵੀ ਅਜਿਹਾ ਹੀ ਕੀਤਾ। ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਲਈ ਅਤੇ ਯਾਹਵੇਹ ਦੀ ਸੈਨਾ ਅਤੇ ਇਸਰਾਏਲ ਦੀ ਕੌਮ ਲਈ ਸੋਗ ਕੀਤਾ ਅਤੇ ਰੋਏ ਅਤੇ ਸ਼ਾਮ ਤੱਕ ਵਰਤ ਰੱਖਿਆ ਕਿਉਂਕਿ ਉਹ ਤਲਵਾਰ ਨਾਲ ਮਾਰੇ ਗਏ ਸਨ।
ਦਾਵੀਦ ਨੇ ਉਸ ਨੌਜਵਾਨ ਨੂੰ ਕਿਹਾ ਜੋ ਉਸ ਕੋਲ ਖ਼ਬਰ ਲੈ ਕੇ ਆਇਆ ਸੀ, “ਤੂੰ ਕਿੱਥੋਂ ਦਾ ਹੈ?”
ਉਸਨੇ ਉੱਤਰ ਦਿੱਤਾ, “ਮੈਂ ਇੱਕ ਪਰਦੇਸੀ ਦਾ ਪੁੱਤਰ ਹਾਂ, ਇੱਕ ਅਮਾਲੇਕੀ।”
ਦਾਵੀਦ ਨੇ ਉਸ ਨੂੰ ਪੁੱਛਿਆ, “ਯਾਹਵੇਹ ਦੇ ਮਸਹ ਕੀਤੇ ਹੋਏ ਨੂੰ ਤਬਾਹ ਕਰਨ ਲਈ ਤੂੰ ਆਪਣਾ ਹੱਥ ਚੁੱਕਣ ਤੋਂ ਕਿਉਂ ਨਹੀਂ ਡਰਿਆ?”
ਤਦ ਦਾਵੀਦ ਨੇ ਆਪਣੇ ਆਦਮੀਆਂ ਵਿੱਚੋਂ ਇੱਕ ਨੂੰ ਬੁਲਾਇਆ ਅਤੇ ਕਿਹਾ, “ਜਾਓ, ਉਸਨੂੰ ਮਾਰੋ!” ਇਸ ਲਈ ਉਸਨੇ ਉਸਨੂੰ ਮਾਰਿਆ, ਅਤੇ ਉਹ ਮਰ ਗਿਆ। ਕਿਉਂਕਿ ਦਾਵੀਦ ਨੇ ਉਸਨੂੰ ਕਿਹਾ ਸੀ, “ਤੇਰਾ ਲਹੂ ਤੇਰੇ ਸਿਰ ਉੱਤੇ ਹੋਵੇ। ਤੇਰੇ ਆਪਣੇ ਮੂੰਹ ਨੇ ਤੇਰੇ ਵਿਰੁੱਧ ਗਵਾਹੀ ਦਿੱਤੀ ਜਦੋਂ ਤੂੰ ਕਿਹਾ ਸੀ, ‘ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਨੂੰ ਮਾਰ ਦਿੱਤਾ।’ ”
ਦਾਵੀਦ ਦਾ ਸ਼ਾਊਲ ਅਤੇ ਯੋਨਾਥਾਨ ਲਈ ਵਿਰਲਾਪ
ਦਾਵੀਦ ਨੇ ਇਹ ਵਿਰਲਾਪ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਲਈ ਕੀਤਾ, ਅਤੇ ਉਸਨੇ ਹੁਕਮ ਦਿੱਤਾ ਕਿ ਯਹੂਦਾਹ ਦੇ ਲੋਕਾਂ ਨੂੰ ਧਨੁਸ਼ ਦਾ ਇਹ ਵਿਰਲਾਪ ਸਿਖਾਇਆ ਜਾਵੇ, ਇਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ:
“ਹੇ ਇਸਰਾਏਲ, ਤੇਰਾ ਸਿਰੋਮਣੀ ਉੱਚਿਆਂ ਥਾਵਾਂ ਵਿੱਚ ਮਾਰਿਆ ਗਿਆ।
ਹਾਏ ਸੂਰਬੀਰ ਕਿਵੇਂ ਡਿੱਗ ਪਿਆ!
“ਗਾਥ ਵਿੱਚ ਇਹ ਨਾ ਆਖੋ,
ਅਸ਼ਕਲੋਨ ਦੀਆਂ ਗਲੀਆਂ ਵਿੱਚ ਇਸ ਦਾ ਪ੍ਰਚਾਰ ਨਾ ਕਰੋ,
ਅਜਿਹਾ ਨਾ ਹੋਵੇ ਕਿ ਫ਼ਲਿਸਤੀਆਂ ਦੀਆਂ ਧੀਆਂ ਖੁਸ਼ ਹੋਣ,
ਅਜਿਹਾ ਨਾ ਹੋਵੇ ਕਿ ਅਸੁੰਨਤੀਆਂ ਦੀਆਂ ਧੀਆਂ ਅਨੰਦ ਮਨਾਉਣ।
“ਹੇ ਗਿਲਬੋਆ ਦੇ ਪਹਾੜੋ,
ਤੁਹਾਡੇ ਤੇ ਨਾ ਤ੍ਰੇਲ ਪਵੇ, ਨਾ ਮੀਂਹ ਪਵੇ,
ਤੁਹਾਡੇ ਤੇ ਉਪਜਾਓ ਖੇਤਾਂ ਤੇ ਮੀਂਹ ਨਾ ਪਵੇ।
ਕਿਉਂਕਿ ਉੱਥੇ ਸੂਰਬੀਰਾਂ ਦੀ ਢਾਲ਼ ਨੂੰ ਤੁੱਛ ਜਾਣਿਆ ਜਾਂਦਾ ਸੀ,
ਸ਼ਾਊਲ ਦੀ ਢਾਲ਼ ਨੂੰ ਹੁਣ ਤੇਲ ਨਹੀਂ ਸੀ ਰਗੜਿਆ ਜਾਂਦਾ।
“ਮਾਰੇ ਹੋਇਆ ਦੇ ਲਹੂ ਤੋਂ,
ਸੂਰਬੀਰਾਂ ਦੇ ਮਾਸ ਤੋਂ,
ਯੋਨਾਥਾਨ ਦਾ ਧਨੁਸ਼ ਵਾਪਸ ਨਹੀਂ ਮੁੜਿਆ,
ਸ਼ਾਊਲ ਦੀ ਤਲਵਾਰ ਅਸੰਤੁਸ਼ਟ ਵਾਪਸ ਨਹੀਂ ਆਈ।
ਸ਼ਾਊਲ ਅਤੇ ਯੋਨਾਥਾਨ
ਜੀਵਨ ਵਿੱਚ ਉਹ ਪਿਆਰੇ ਅਤੇ ਪ੍ਰਸ਼ੰਸਾਯੋਗ ਸਨ,
ਅਤੇ ਮੌਤ ਵਿੱਚ ਵੀ ਉਹ ਵੱਖ ਨਹੀਂ ਹੋਏ ਸਨ।
ਉਹ ਉਕਾਬਾਂ ਨਾਲੋਂ ਤੇਜ਼ ਸਨ,
ਉਹ ਸ਼ੇਰਾਂ ਨਾਲੋਂ ਤਕੜੇ ਸਨ।
“ਇਸਰਾਏਲ ਦੀਆਂ ਧੀਓ,
ਸ਼ਾਊਲ ਲਈ ਰੋਵੋ,
ਜਿਸ ਨੇ ਤੁਹਾਨੂੰ ਲਾਲ ਰੰਗ ਦੇ ਕੱਪੜੇ ਪਹਿਨਾਏ ਸਨ,
ਜਿਸ ਨੇ ਤੁਹਾਡੇ ਕੱਪੜਿਆਂ ਨੂੰ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਸੀ।
“ਕਿੰਨੇ ਸੂਰਮੇ ਜੰਗ ਵਿੱਚ ਡਿੱਗ ਪਏ ਹਨ!
ਯੋਨਾਥਾਨ ਤੁਹਾਡੀਆਂ ਉਚਾਈਆਂ ਉੱਤੇ ਮਰਿਆ ਪਿਆ ਹੈ।
ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਲਈ ਉਦਾਸ ਹਾਂ;
ਤੂੰ ਮੈਨੂੰ ਬਹੁਤ ਪਿਆਰਾ ਸੀ।
ਤੇਰਾ ਮੇਰੇ ਲਈ ਪਿਆਰ ਅਦਭੁਤ ਸੀ,
ਔਰਤਾਂ ਨਾਲੋਂ ਵੀ ਅਦਭੁਤ ਸੀ।
“ਬਲਵੰਤ ਕਿਵੇਂ ਡਿੱਗ ਪਏ ਹਨ!
ਜੰਗ ਦੇ ਹਥਿਆਰ ਨਸ਼ਟ ਹੋ ਗਏ ਹਨ!”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.