Biblica® Open Punjabi Contemporary Version 2025
2 ਰਾਜਿਆਂ 25
ਇਸ ਲਈ ਸਿਦਕੀਯਾਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਨੇ ਆਪਣੀ ਸਾਰੀ ਫ਼ੌਜ ਨਾਲ ਯੇਰੂਸ਼ਲੇਮ ਉੱਤੇ ਚੜ੍ਹਾਈ ਕੀਤੀ। ਉਸ ਨੇ ਸ਼ਹਿਰ ਦੇ ਬਾਹਰ ਡੇਰੇ ਲਾਏ ਅਤੇ ਚਾਰੇ ਪਾਸੇ ਘੇਰਾਬੰਦੀ ਦੇ ਕੰਮ ਕੀਤੇ। ਰਾਜੇ ਸਿਦਕੀਯਾਹ ਦੇ ਗਿਆਰਵੇਂ ਸਾਲ ਤੱਕ ਸ਼ਹਿਰ ਨੂੰ ਘੇਰਾਬੰਦੀ ਵਿੱਚ ਰੱਖਿਆ ਗਿਆ ਸੀ।
ਚੌਥੇ ਮਹੀਨੇ ਦੇ ਨੌਵੇਂ ਦਿਨ ਤੱਕ ਸ਼ਹਿਰ ਵਿੱਚ ਕਾਲ ਇੰਨਾ ਭਿਆਨਕ ਹੋ ਗਿਆ ਸੀ ਕਿ ਲੋਕਾਂ ਦੇ ਖਾਣ ਲਈ ਭੋਜਨ ਨਹੀਂ ਸੀ। ਤਦ ਸ਼ਹਿਰ ਦੀ ਕੰਧ ਢਾਹ ਦਿੱਤੀ ਗਈ ਅਤੇ ਸਾਰੀ ਫ਼ੌਜ ਰਾਤ ਨੂੰ ਰਾਜੇ ਦੇ ਬਾਗ਼ ਦੇ ਕੋਲ ਦੋ ਕੰਧਾਂ ਦੇ ਵਿਚਕਾਰਲੇ ਫਾਟਕ ਵਿੱਚੋਂ ਭੱਜ ਗਈ, ਭਾਵੇਂ ਬਾਬੇਲ ਦੇ ਲੋਕ ਸ਼ਹਿਰ ਨੂੰ ਘੇਰ ਰਹੇ ਸਨ। ਉਹ ਅਰਾਬਾਹ ਵੱਲ ਭੱਜੇ, ਪਰ ਕਸਦੀਆਂ1 ਦੀ ਫ਼ੌਜ ਨੇ ਰਾਜੇ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮੈਦਾਨ ਵਿੱਚ ਉਸਨੂੰ ਫੜ ਲਿਆ। ਉਹ ਦੇ ਸਾਰੇ ਸਿਪਾਹੀ ਉਸ ਤੋਂ ਵੱਖ ਹੋ ਗਏ ਅਤੇ ਖਿੰਡ ਗਏ, ਅਤੇ ਉਹ ਫੜਿਆ ਗਿਆ।
ਉਸਨੂੰ ਹਮਾਥ ਦੀ ਧਰਤੀ ਵਿੱਚ ਰਿਬਲਾਹ ਵਿੱਚ ਬਾਬੇਲ ਦੇ ਰਾਜੇ ਕੋਲ ਲਿਜਾਇਆ ਗਿਆ, ਜਿੱਥੇ ਉਸਨੂੰ ਸਜ਼ਾ ਸੁਣਾਈ ਗਈ। ਉਹਨਾਂ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਮਾਰ ਦਿੱਤਾ। ਤਦ ਉਹਨਾਂ ਨੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ, ਉਸ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਬਾਬੇਲ ਲੈ ਗਏ।
ਬਾਬੇਲ ਦੇ ਰਾਜਾ ਨਬੂਕਦਨੇਜ਼ਰ ਦੇ ਉਨ੍ਹੀਵੇਂ ਸਾਲ ਦੇ ਪੰਜਵੇਂ ਮਹੀਨੇ ਦੇ ਸੱਤਵੇਂ ਦਿਨ ਸ਼ਾਹੀ ਪਹਿਰੇਦਾਰਾਂ ਦਾ ਸੈਨਾਪਤੀ ਨਬੂਜ਼ਰਦਾਨ, ਬਾਬੇਲ ਦੇ ਰਾਜੇ ਦਾ ਇੱਕ ਅਧਿਕਾਰੀ, ਯੇਰੂਸ਼ਲੇਮ ਵਿੱਚ ਆਇਆ। ਉਸ ਨੇ ਯਾਹਵੇਹ ਦੇ ਹੈਕਲ, ਸ਼ਾਹੀ ਮਹਿਲ ਅਤੇ ਯੇਰੂਸ਼ਲੇਮ ਦੇ ਸਾਰੇ ਘਰਾਂ ਨੂੰ ਅੱਗ ਲਗਾ ਦਿੱਤੀ। ਹਰ ਮਹੱਤਵਪੂਰਨ ਇਮਾਰਤ ਉਸ ਨੇ ਸਾੜ ਦਿੱਤੀ। ਅਤੇ ਕਸਦੀਆਂ ਦੀ ਸਾਰੀ ਸੈਨਾਂ ਨੇ ਜੋ ਜੱਲਾਦਾਂ ਦੇ ਸਰਦਾਰ ਦੇ ਨਾਲ ਸੀ, ਯੇਰੂਸ਼ਲੇਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਦਿੱਤਾ। ਅਤੇ ਬਚੇ-ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ ਅਤੇ ਭਗੌੜੇ ਜਿਹੜੇ ਬਾਬੇਲ ਦੇ ਰਾਜਾ ਵੱਲ ਹੋ ਗਏ ਸਨ ਨਾਲੇ ਦਲ ਦੇ ਬਚੇ-ਖੁਚੇ ਹੋਇਆਂ ਨੂੰ ਪਹਿਰੇਦਾਰਾਂ ਦਾ ਸਰਦਾਰ ਨਬੂਜ਼ਰਦਾਨ ਗ਼ੁਲਾਮ ਬਣਾ ਕੇ ਲੈ ਗਿਆ। ਪਰ ਸੈਨਾਪਤੀ ਨੇ ਦੇਸ਼ ਦੇ ਸਭ ਤੋਂ ਗਰੀਬ ਲੋਕਾਂ ਨੂੰ ਅੰਗੂਰੀ ਬਾਗਾਂ ਅਤੇ ਖੇਤਾਂ ਵਿੱਚ ਕੰਮ ਕਰਨ ਲਈ ਪਿੱਛੇ ਛੱਡ ਦਿੱਤਾ।
ਕਸਦੀਆਂ ਨੇ ਕਾਂਸੀ ਦੇ ਥੰਮ੍ਹਾਂ, ਖੰਭਿਆਂ ਅਤੇ ਕਾਂਸੀ ਦੇ ਸਮੁੰਦਰ ਨੂੰ ਤੋੜ ਦਿੱਤਾ ਜੋ ਯਾਹਵੇਹ ਦੇ ਭਵਨ ਵਿੱਚ ਸਨ ਅਤੇ ਉਹ ਪਿੱਤਲ ਬਾਬੇਲ ਦੇਸ਼ ਵਿੱਚ ਲੈ ਗਏ। ਅਤੇ ਉਹ ਤਸਲੇ, ਕੜਛੇ, ਗੁਲਤਰਾਸ਼, ਕੌਲੀਆਂ ਨਾਲੇ ਪਿੱਤਲ ਦੇ ਸਾਰੇ ਭਾਂਡੇ ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਲੈ ਗਏ। ਸ਼ਾਹੀ ਪਹਿਰੇਦਾਰਾਂ ਦੇ ਅਧਿਕਾਰੀਆਂ ਨੇ ਧੂਪਦਾਨ ਅਤੇ ਛਿੜਕਣ ਵਾਲੇ ਕਟੋਰੇ, ਉਹ ਸਭ ਕੁਝ ਜੋ ਸ਼ੁੱਧ ਸੋਨੇ ਜਾਂ ਚਾਂਦੀ ਦੇ ਬਣੇ ਹੋਏ ਸਨ ਲੈ ਗਏ।
ਦੋ ਥੰਮ੍ਹਾਂ, ਹੌਦ ਅਰ ਕੁਰਸੀਆਂ ਜਿਨ੍ਹਾਂ ਨੂੰ ਸ਼ਲੋਮੋਨ ਨੇ ਯਾਹਵੇਹ ਦੇ ਭਵਨ ਦੇ ਲਈ ਬਣਾਇਆ ਸੀ ਉਹਨਾਂ ਸਾਰੀਆਂ ਵਸਤਾਂ ਦਾ ਪਿੱਤਲ ਤੋਲ ਤੋਂ ਬਾਹਰ ਸੀ। ਹਰ ਥੰਮ੍ਹ ਅਠਾਰਾਂ ਹੱਥ ਉੱਚਾ2 ਸੀ। ਉਸ ਦੇ ਉੱਤੇ ਪਿੱਤਲ ਦਾ ਇੱਕ ਕਲਸ ਸੀ ਅਤੇ ਕਲਸ ਤਿੰਨ ਹੱਥ ਉੱਚਾ ਸੀ ਅਤੇ ਉਸ ਕਲਸ ਉੱਤੇ ਚੁਫ਼ੇਰੇ ਜਾਲੀ ਤੇ ਅਨਾਰ ਸੱਭੇ ਪਿੱਤਲ ਦੇ ਸਨ ਅਤੇ ਦੂਸਰਾ ਥੰਮ੍ਹ ਵੀ ਇਸੇ ਤਰ੍ਹਾਂ ਦਾ ਹੀ ਸੀ।
ਪਹਿਰੇਦਾਰਾਂ ਦੇ ਸਰਦਾਰ ਨੇ ਮੁੱਖ ਜਾਜਕ ਸਰਾਯਾਹ, ਸਫ਼ਨਯਾਹ ਜਾਜਕ ਅਤੇ ਤਿੰਨ ਦਰਬਾਨਾਂ ਨੂੰ ਕੈਦੀ ਬਣਾ ਲਿਆ। ਅਤੇ ਸ਼ਹਿਰ ਵਿੱਚੋਂ ਇੱਕ ਦਰਬਾਰੀ ਨੂੰ ਫੜ ਲਿਆ, ਜੋ ਲੜਨ ਵਾਲਿਆ ਸੂਰਮਿਆਂ ਉੱਤੇ ਠਹਿਰਾਇਆ ਹੋਇਆ ਸੀ, ਅਤੇ ਪੰਜ ਸ਼ਾਹੀ ਸਲਾਹਕਾਰਾਂ ਨੂੰ ਵੀ ਲਿਆ ਅਤੇ ਸੈਨਾਪਤੀ ਦਾ ਲਿਖਾਰੀ ਜੋ ਦੇਸ਼ ਦੇ ਲੋਕਾਂ ਦੀ ਭਰਤੀ ਕਰਦਾ ਹੁੰਦਾ ਸੀ ਅਤੇ ਦੇਸ਼ ਦੇ ਲੋਕਾਂ ਵਿੱਚੋਂ ਸੱਠ ਆਦਮੀ ਜੋ ਸ਼ਹਿਰ ਵਿੱਚ ਮਿਲੇ। ਸੈਨਾਪਤੀ ਨਬੂਜ਼ਰਦਾਨ ਉਹਨਾਂ ਸਾਰਿਆਂ ਨੂੰ ਲੈ ਕੇ ਰਿਬਲਾਹ ਵਿੱਚ ਬਾਬੇਲ ਦੇ ਰਾਜੇ ਕੋਲ ਲੈ ਆਇਆ। ਉੱਥੇ ਹਮਾਥ ਦੇ ਦੇਸ਼ ਵਿੱਚ ਰਿਬਲਾਹ ਵਿੱਚ ਰਾਜੇ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਲਈ ਯਹੂਦਾਹ ਆਪਣੀ ਧਰਤੀ ਤੋਂ ਦੂਰ, ਗ਼ੁਲਾਮੀ ਵਿੱਚ ਚਲਾ ਗਿਆ।
ਬਾਬੇਲ ਦੇ ਰਾਜੇ ਨਬੂਕਦਨੇਜ਼ਰ ਨੇ ਸ਼ਾਫਾਨ ਦੇ ਪੁੱਤਰ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਉਹਨਾਂ ਲੋਕਾਂ ਉੱਤੇ ਨਿਯੁਕਤ ਕੀਤਾ ਜੋ ਉਹ ਯਹੂਦਾਹ ਵਿੱਚ ਛੱਡ ਗਿਆ ਸੀ। ਜਦੋਂ ਫ਼ੌਜ ਦੇ ਸਾਰੇ ਅਧਿਅਕਾਰੀਆਂ ਨੇ ਅਤੇ ਉਹਨਾਂ ਦੇ ਮਨੁੱਖਾਂ ਨੇ ਸੁਣਿਆ ਕਿ ਬਾਬੇਲ ਦੇ ਰਾਜਾ ਨੇ ਗਦਲਯਾਹ ਨੂੰ ਹਾਕਮ ਨਿਯੁਕਤ ਕੀਤਾ ਹੈ ਤਾਂ ਉਹ ਮਿਸਪਾਹ ਵਿੱਚ ਗਦਲਯਾਹ ਦੇ ਕੋਲ ਆਏ, ਨਥਾਨਯਾਹ ਦਾ ਪੁੱਤਰ ਇਸਮਾਏਲ, ਕਾਰੇਆਹ ਦਾ ਪੁੱਤਰ ਯੋਹਾਨਾਨ, ਨਟੋਫਾਥੀ ਤਨਹੂਮਥ ਦਾ ਪੁੱਤਰ ਸਰਾਯਾਹ, ਨਟੋਫਾਥੀ ਦਾ ਪੁੱਤਰ ਯਅਜ਼ਨਯਾਹ। ਮਕਾਹਥੀਆਂ ਅਤੇ ਉਹਨਾਂ ਦੇ ਮਨੁੱਖ ਵੀ। ਗਦਲਯਾਹ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਆਦਮੀਆਂ ਨੂੰ ਭਰੋਸਾ ਦਿਵਾਉਣ ਲਈ ਸਹੁੰ ਚੁੱਕੀ। ਉਸਨੇ ਕਿਹਾ, “ਕਸਦੀਆਂ ਦੇ ਅਧਿਕਾਰੀਆਂ ਤੋਂ ਨਾ ਡਰੋ ਦੇਸ਼ ਵਿੱਚ ਵੱਸੋ ਅਤੇ ਬਾਬੇਲ ਦੇ ਰਾਜੇ ਦੀ ਸੇਵਾ ਕਰੋ, ਅਤੇ ਇਹ ਤੁਹਾਡੇ ਲਈ ਚੰਗਾ ਹੋਵੇਗਾ।”
ਸੱਤਵੇਂ ਮਹੀਨੇ ਐਉਂ ਹੋਇਆ ਕਿ ਨਥਾਨਯਾਹ ਦੇ ਪੁੱਤਰ ਤੇ ਅਲੀਸ਼ਾਮਾ ਦਾ ਪੋਤਾ ਇਸਮਾਏਲ ਜਿਹੜਾ ਰਾਜਵੰਸ਼ੀ ਸੀ ਆਪਣੇ ਨਾਲ ਦਸ ਮਨੁੱਖਾਂ ਨਾਲ ਆਇਆ ਕਿ ਗਦਲਯਾਹ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਉਹਨਾਂ ਯਹੂਦੀਆਂ ਤੇ ਕਸਦੀਆਂ ਨੂੰ ਭੀ ਜੋ ਉਹ ਦੇ ਨਾਲ ਮਿਸਪਾਹ ਵਿੱਚ ਸਨ। ਇਹ ਸੁਣ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਦੇ ਸਾਰੇ ਲੋਕ, ਫ਼ੌਜ ਦੇ ਅਧਿਕਾਰੀਆਂ ਸਮੇਤ ਬਾਬੇਲੀਆਂ ਦੇ ਡਰੋਂ ਮਿਸਰ ਨੂੰ ਭੱਜ ਗਏ।
ਯਹੋਯਾਕੀਨ ਨੂੰ ਅਜ਼ਾਦ ਕਰਨ
ਯਹੂਦਾਹ ਦੇ ਰਾਜੇ ਯਹੋਯਾਕੀਨ ਦੀ ਗ਼ੁਲਾਮੀ ਦੇ ਸੈਂਤੀਵੇਂ ਸਾਲ, ਜਿਸ ਸਾਲ ਆਵੇਲ-ਮਾਰਦੂਕ ਬਾਬੇਲ ਦਾ ਰਾਜਾ ਬਣਿਆ, ਉਸਨੇ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਕੈਦ ਤੋਂ ਰਿਹਾ ਕਰ ਦਿੱਤਾ। ਉਸਨੇ ਅਜਿਹਾ ਬਾਰ੍ਹਵੇਂ ਮਹੀਨੇ ਦੀ ਸਤਾਈਵੇਂ ਦਿਨ ਕੀਤਾ। ਉਸ ਨੇ ਉਸ ਨਾਲ ਪਿਆਰ ਨਾਲ ਗੱਲ ਕੀਤੀ ਅਤੇ ਉਸ ਨੂੰ ਬਾਕੀ ਰਾਜਿਆਂ ਨਾਲੋਂ ਉੱਚਾ ਸਨਮਾਨ ਦਿੱਤਾ ਜੋ ਬਾਬੇਲ ਵਿੱਚ ਉਸ ਦੇ ਨਾਲ ਸਨ। ਇਸ ਲਈ ਯਹੋਯਾਕੀਨ ਨੇ ਜੇਲ੍ਹ ਦੇ ਕੱਪੜੇ ਲਾਹ ਸੁੱਟੇ ਅਤੇ ਸਾਰੀ ਉਮਰ ਰਾਜੇ ਦੇ ਮੇਜ਼ ਉੱਤੇ ਖਾਧਾ। ਇਸ ਲਈ ਰਾਜਾ ਯਹੋਯਾਕੀਨ ਨੂੰ ਜਿੰਨਾ ਚਿਰ ਉਹ ਜਿਉਂਦਾ ਰਿਹਾ, ਨਿਯਮਿਤ ਭੋਜਨ ਭੱਤਾ ਦਿੱਤਾ। ਇਹ ਉਸਦੀ ਮੌਤ ਦੇ ਦਿਨ ਤੱਕ ਜਾਰੀ ਰਿਹਾ।
Source notes (2)
- Footnote ਕਸਦੀਆਂ ਅਰਥਾਤ ਬਾਬੇਲ ਸ਼ਹਿਰ ਦੀਆਂ ਫ਼ੌਜਾਂ
- Footnote ਅਠਾਰਾਂ ਹੱਥ ਉੱਚਾ ਅਰਥਾਤ 27 ਫੁੱਟ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.