Biblica® Open Punjabi Contemporary Version 2025
2 ਰਾਜਿਆਂ 2
ਏਲੀਯਾਹ ਦਾ ਸਵਰਗ ਤੱਕ ਜਾਣਾ
ਜਦੋਂ ਯਾਹਵੇਹ ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਨੂੰ ਚੁੱਕਣ ਵਾਲਾ ਸੀ, ਤਾਂ ਏਲੀਯਾਹ ਅਲੀਸ਼ਾ ਨਾਲ ਗਿਲਗਾਲ ਤੋਂ ਚੱਲਿਆ। ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਤੂੰ ਇੱਥੇ ਠਹਿਰ ਜਾ ਕਿਉਂ ਜੋ ਯਾਹਵੇਹ ਨੇ ਮੈਨੂੰ ਬੈਤਏਲ ਤੱਕ ਭੇਜਿਆ ਹੈ।”
ਪਰ ਅਲੀਸ਼ਾ ਨੇ ਆਖਿਆ, “ਜੀਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਬੈਤਏਲ ਨੂੰ ਚਲੇ ਗਏ।
ਬੈਤਏਲ ਵਿੱਚ ਨਬੀਆਂ ਦਾ ਸਮੂਹ ਅਲੀਸ਼ਾ ਕੋਲ ਆਇਆ ਅਤੇ ਪੁੱਛਿਆ, “ਕੀ ਤੈਨੂੰ ਪਤਾ ਹੈ ਕਿ ਅੱਜ ਯਾਹਵੇਹ ਤੇਰੇ ਮਾਲਕ ਨੂੰ ਤੇਰੇ ਕੋਲੋਂ ਚੁੱਕ ਲਵੇਗਾ?”
ਅਲੀਸ਼ਾ ਨੇ ਜਵਾਬ ਦਿੱਤਾ, “ਹਾਂ, ਮੈਂ ਜਾਣਦਾ ਹਾਂ, ਇਸ ਲਈ ਤੁਸੀਂ ਚੁੱਪ ਰਹੋ।”
ਤਦ ਏਲੀਯਾਹ ਨੇ ਉਸਨੂੰ ਆਖਿਆ, “ਅਲੀਸ਼ਾ ਇੱਥੇ ਠਹਿਰ ਜਾ ਕਿਉਂਕਿ ਯਾਹਵੇਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ।”
ਤਦ ਉਸ ਨੇ ਉੱਤਰ ਦਿੱਤਾ, “ਜਿਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਯਰੀਹੋ ਨੂੰ ਗਏ।
ਯਰੀਹੋ ਵਿੱਚ ਨਬੀਆਂ ਦਾ ਸਮੂਹ ਅਲੀਸ਼ਾ ਕੋਲ ਗਿਆ ਅਤੇ ਉਸਨੂੰ ਪੁੱਛਿਆ, “ਕੀ ਤੂੰ ਜਾਣਦਾ ਹੈ ਕਿ ਅੱਜ ਯਾਹਵੇਹ ਤੇਰੇ ਮਾਲਕ ਨੂੰ ਤੇਰੇ ਕੋਲੋਂ ਚੁੱਕ ਲਿਆ ਜਾਵੇਗਾ?”
ਉਸਨੇ ਜਵਾਬ ਦਿੱਤਾ, “ਹਾਂ, ਮੈਂ ਜਾਣਦਾ ਹਾਂ, ਇਸ ਲਈ ਤੁਸੀਂ ਚੁੱਪ ਰਹੋ।”
ਤਦ ਏਲੀਯਾਹ ਨੇ ਉਸਨੂੰ ਕਿਹਾ, “ਇੱਥੇ ਠਹਿਰ ਜਾ ਕਿਉਂ ਜੋ ਯਾਹਵੇਹ ਨੇ ਮੈਨੂੰ ਯਰਦਨ ਵਿੱਚ ਭੇਜਿਆ ਹੈ।”
ਅਤੇ ਉਸ ਨੇ ਉੱਤਰ ਦਿੱਤਾ, “ਜੀਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੁਹਾਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਦੋਵੇਂ ਤੁਰ ਪਏ।
ਨਬੀਆਂ ਦੇ ਸਮੂਹ ਵਿੱਚੋਂ ਪੰਜਾਹ ਆਦਮੀ ਆਏ ਅਤੇ ਉਹਨਾਂ ਦੇ ਸਾਹਮਣੇ ਦੂਰ ਜਾ ਖੜ੍ਹੇ ਹੋ ਗਏ ਜਿੱਥੇ ਏਲੀਯਾਹ ਅਤੇ ਅਲੀਸ਼ਾ ਯਰਦਨ ਨਦੀ ਦੇ ਕੰਢੇ ਉੱਤੇ ਖੜ੍ਹੇ ਸਨ। ਏਲੀਯਾਹ ਨੇ ਆਪਣੀ ਚਾਦਰ ਲਈ, ਉਸ ਨੂੰ ਲਪੇਟ ਕੇ ਪਾਣੀ ਉੱਤੇ ਮਾਰਿਆ। ਪਾਣੀ ਸੱਜੇ ਅਤੇ ਖੱਬੇ ਪਾਸੇ ਦੋ ਹਿੱਸਿਆ ਵਿੱਚ ਵੰਡਿਆ ਗਿਆ ਅਤੇ ਉਹ ਦੋਵੇਂ ਸੁੱਕੀ ਜ਼ਮੀਨ ਦੇ ਉੱਤੋਂ ਦੀ ਪਾਰ ਲੰਘ ਗਏ।
ਜਦੋਂ ਉਹ ਪਾਰ ਹੋ ਗਏ ਤਾਂ ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਮੈਨੂੰ ਦੱਸ, ਮੈਂ ਤੇਰੇ ਲਈ ਕੀ ਕਰ ਸਕਦਾ ਹਾਂ ਇਸ ਤੋਂ ਪਹਿਲਾਂ ਕਿ ਮੈਨੂੰ ਤੇਰੇ ਕੋਲੋਂ ਖੋਹ ਲਿਆ ਜਾਵੇ?”
ਅਲੀਸ਼ਾ ਨੇ ਜਵਾਬ ਦਿੱਤਾ, “ਮੈਨੂੰ ਤੁਹਾਡੀ ਆਤਮਾ ਦਾ ਦੋਹਰਾ ਹਿੱਸਾ ਪ੍ਰਾਪਤ ਹੋ ਜਾਵੇ।”
ਏਲੀਯਾਹ ਨੇ ਕਿਹਾ, “ਤੂੰ ਇੱਕ ਔਖੀ ਚੀਜ਼ ਮੰਗੀ ਹੈ, ਫਿਰ ਵੀ ਜੇ ਤੂੰ ਮੈਨੂੰ ਜਾਂਦੇ ਹੋਏ ਵੇਖੇਂ ਜਦੋਂ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ, ਤਾਂ ਤੇਰੇ ਨਾਲ ਉਵੇਂ ਹੀ ਹੋਵੇਗਾ, ਪਰ ਤੂੰ ਜੇ ਨਹੀਂ ਵੇਖਿਆ ਤਾਂ ਇਹ ਨਹੀਂ ਹੋਵੇਗਾ।”
ਜਦੋਂ ਉਹ ਗੱਲਾਂ ਕਰਦੇ-ਕਰਦੇ ਤੁਰੇ ਜਾਂਦੇ ਸਨ, ਤਾਂ ਅਚਾਨਕ ਉੱਥੇ ਅਗਨ ਰੱਥ ਅਤੇ ਅਗਨ ਘੋੜੇ ਪ੍ਰਗਟ ਹੋਏ ਜਿੰਨ੍ਹਾਂ ਨੇ ਉਹਨਾਂ ਦੋਹਾਂ ਨੂੰ ਵੱਖ-ਵੱਖ ਕਰ ਦਿੱਤਾ ਅਤੇ ਏਲੀਯਾਹ ਇੱਕ ਵਾਵਰੋਲੇ ਵਿੱਚ ਸਵਰਗ ਨੂੰ ਉਠਾਇਆ ਗਿਆ। ਅਲੀਸ਼ਾ ਨੇ ਇਹ ਵੇਖਿਆ ਅਤੇ ਚੀਕਿਆ, “ਹੇ ਮੇਰੇ ਪਿਤਾ! ਹੇ ਮੇਰੇ ਪਿਤਾ! ਮੈਂ ਇਸਰਾਏਲ ਦੇ ਰੱਥਾਂ ਅਤੇ ਘੋੜਸਵਾਰਾਂ ਨੂੰ ਦੇਖਦਾ ਹਾਂ!” ਜਦ ਅਲੀਸ਼ਾ ਨੇ ਉਸਨੂੰ ਫਿਰ ਨਹੀਂ ਦੇਖਿਆ ਤਾਂ ਉਸ ਨੇ ਉਸ ਦਾ ਕੱਪੜਾ ਫ਼ੜ ਲਿਆ ਅਤੇ ਉਦਾਸ ਹੋ ਕੇ ਉਸ ਕੱਪੜੇ ਦੋ ਟੁਕੜੇ ਕਰ ਦਿੱਤੇ।
ਤਦ ਅਲੀਸ਼ਾ ਨੇ ਏਲੀਯਾਹ ਦੀ ਚਾਦਰ ਜੋ ਉਸ ਦੇ ਉੱਤੋਂ ਡਿੱਗੀ ਸੀ ਚੁੱਕ ਲਈ ਅਤੇ ਵਾਪਸ ਜਾ ਕੇ ਯਰਦਨ ਦੇ ਕੰਢੇ ਉੱਤੇ ਖੜ੍ਹਾ ਹੋ ਗਿਆ। ਉਸ ਨੇ ਏਲੀਯਾਹ ਤੋਂ ਡਿੱਗੀ ਹੋਈ ਚਾਦਰ ਨੂੰ ਲੈ ਲਿਆ ਅਤੇ ਪਾਣੀ ਉੱਤੇ ਮਾਰਿਆ। ਉਸ ਨੇ ਆਖਿਆ, “ਯਾਹਵੇਹ ਏਲੀਯਾਹ ਦਾ ਪਰਮੇਸ਼ਵਰ ਕਿੱਥੇ ਹੈ?” ਜਦੋਂ ਉਸਨੇ ਪਾਣੀ ਨੂੰ ਮਾਰਿਆ, ਤਾਂ ਇਹ ਸੱਜੇ ਅਤੇ ਖੱਬੇ ਪਾਸੇ ਦੋ ਹਿੱਸਿਆ ਵਿੱਚ ਵੰਡਿਆ ਗਿਆ ਅਤੇ ਅਲੀਸ਼ਾ ਪਾਰ ਲੰਘ ਗਿਆ।
ਯਰੀਹੋ ਦੇ ਨਬੀਆਂ ਦੀ ਟੋਲੀ ਜੋ ਉਸਦੇ ਸਾਹਮਣੇ ਦੇਖ ਰਹੇ ਸਨ, ਉਹਨਾਂ ਕਿਹਾ, “ਏਲੀਯਾਹ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੋਇਆ ਹੈ।” ਅਤੇ ਉਹ ਉਸ ਨੂੰ ਮਿਲਣ ਲਈ ਗਏ ਅਤੇ ਉਸ ਦੇ ਅੱਗੇ ਜ਼ਮੀਨ ਉੱਤੇ ਮੱਥਾ ਟੇਕਿਆ। “ਵੇਖ” ਉਹਨਾਂ ਨੇ ਕਿਹਾ, “ਤੇਰੇ ਸੇਵਕਾਂ ਦੇ ਨਾਲ ਪੰਜਾਹ ਸੂਰਬੀਰ ਹਨ। ਉਹਨਾਂ ਨੂੰ ਜਾਣ ਦਿਓ ਜੋ ਉਹ ਤੇਰੇ ਸੁਆਮੀ ਨੂੰ ਲੱਭਣ। ਸ਼ਾਇਦ ਯਾਹਵੇਹ ਦੇ ਆਤਮਾ ਨੇ ਉਸਨੂੰ ਉਠਾ ਕੇ ਕਿਸੇ ਪਹਾੜ ਦੇ ਉੱਤੇ ਜਾਂ ਕਿਸੇ ਖੱਡ ਵਿੱਚ ਦਿੱਤਾ ਹੋਵੇ।”
ਅਲੀਸ਼ਾ ਨੇ ਜਵਾਬ ਦਿੱਤਾ, “ਨਹੀਂ ਉਹਨਾਂ ਨੂੰ ਨਾ ਭੇਜੋ।”
ਪਰ ਜਦ ਉਹਨਾਂ ਨੇ ਬਹੁਤ ਜ਼ਿੱਦ ਕੀਤੀ ਕਿ ਉਹ ਸ਼ਰਮਿੰਦਾ ਹੋ ਗਿਆ। ਇਸ ਲਈ ਉਸਨੇ ਕਿਹਾ, “ਉਹਨਾਂ ਨੂੰ ਭੇਜੋ।” ਅਤੇ ਉਹਨਾਂ ਨੇ ਪੰਜਾਹ ਮਨੁੱਖ ਭੇਜੇ ਜਿਨ੍ਹਾਂ ਨੇ ਤਿੰਨ ਦਿਨ ਤੱਕ ਖੋਜ ਕੀਤੀ ਪਰ ਉਹਨਾਂ ਨੂੰ ਨਾ ਲੱਭਿਆ। ਜਦੋਂ ਉਹ ਅਲੀਸ਼ਾ ਕੋਲ ਜੋ ਯਰੀਹੋ ਵਿੱਚ ਠਹਿਰਿਆ ਹੋਇਆ ਸੀ ਮੁੜ ਕੇ ਆਏ ਅਤੇ ਉਸ ਨੇ ਉਹਨਾਂ ਨੂੰ ਆਖਿਆ, ਕੀ ਮੈਂ ਤੁਹਾਨੂੰ ਨਹੀਂ ਆਖਿਆ, ਜੋ ਨਾ ਜਾਣਾ?
ਪਾਣੀ ਨੂੰ ਸ਼ੁੱਧ ਕਰਨਾ
ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ, “ਦੇਖੋ, ਸਾਡੇ ਸੁਆਮੀ, ਇਹ ਸ਼ਹਿਰ ਕਿੰਨੀ ਵਧੀਆ ਥਾਂ ਤੇ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਪਰ ਪਾਣੀ ਖ਼ਰਾਬ ਅਤੇ ਧਰਤੀ ਬੰਜਰ ਜਿਹੀ ਹੈ।”
ਉਸਨੇ ਕਿਹਾ, “ਮੇਰੇ ਲਈ ਇੱਕ ਨਵਾਂ ਕਟੋਰਾ ਲਿਆਓ ਅਤੇ ਉਸ ਵਿੱਚ ਨਮਕ ਪਾ ਦਿਓ।” ਤਦ ਉਹ ਉਸਦੇ ਕੋਲ ਲੈ ਆਏ।
ਤਦ ਉਹ ਪਾਣੀ ਦੇ ਚਸ਼ਮੇ ਕੋਲ ਗਿਆ ਅਤੇ ਉਸ ਵਿੱਚ ਲੂਣ ਸੁੱਟਿਆ ਅਤੇ ਕਿਹਾ, “ਯਾਹਵੇਹ ਇਸ ਤਰ੍ਹਾਂ ਆਖਦਾ ਹੈ, ‘ਮੈਂ ਇਸ ਪਾਣੀ ਨੂੰ ਚੰਗਾ ਕੀਤਾ ਹੈ।’ ਇਹ ਫਿਰ ਕਦੇ ਵੀ ਮੌਤ ਦਾ ਕਾਰਨ ਨਹੀਂ ਬਣੇਗਾ ਜਾਂ ਬੰਜਰਪਣ ਨਹੀਂ ਆਵੇਂਗਾ।” ਅਤੇ ਅਲੀਸ਼ਾ ਦੇ ਬਚਨ ਦੇ ਅਨੁਸਾਰ ਅੱਜ ਤੱਕ ਪਾਣੀ ਸ਼ੁੱਧ ਰਿਹਾ ਹੈ।
ਅਲੀਸ਼ਾ ਦਾ ਮਖੌਲ
ਉੱਥੋਂ ਅਲੀਸ਼ਾ ਬੈਤਏਲ ਨੂੰ ਚਲਾ ਗਿਆ। ਜਦੋਂ ਉਹ ਰਾਹ ਵਿੱਚ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿੱਕਲੇ ਅਤੇ ਮਖੌਲ ਕਰਕੇ ਉਸਨੂੰ ਆਖਿਆ, “ਇੱਥੋ ਚਲੇ ਜਾਓ, ਗੰਜੇ!” ਉਹਨਾਂ ਨੇ ਕਿਹਾ, “ਇੱਥੋ ਚਲੇ ਜਾਓ, ਗੰਜੇ!” ਜਦੋਂ ਉਸਨੇ ਪਿੱਛੇ ਮੁੜ ਕੇ ਉਹਨਾਂ ਵੱਲ ਵੇਖਿਆ ਅਤੇ ਯਾਹਵੇਹ ਦੇ ਨਾਮ ਵਿੱਚ ਉਹਨਾਂ ਉੱਤੇ ਸਰਾਪ ਦਿੱਤਾ। ਫਿਰ ਜੰਗਲ ਵਿੱਚੋਂ ਦੋ ਰਿੱਛ ਨਿਕਲੇ ਅਤੇ ਉਹਨਾਂ ਨੇ ਬਤਾਲੀ ਮੁੰਡਿਆਂ ਨੂੰ ਪਾੜ ਛੱਡਿਆ। ਉੱਥੋਂ ਉਹ ਕਰਮਲ ਪਹਾੜ ਉੱਤੇ ਗਿਆ ਅਤੇ ਉੱਥੋਂ ਉਹ ਵਾਪਸ ਸਾਮਰਿਯਾ ਨੂੰ ਮੁੜ ਆਇਆ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.