Skip to content
BibleKenya

Biblica® Open Punjabi Contemporary Version 2025

2 ਰਾਜਿਆਂ 14

ਯਹੂਦਾਹ ਦਾ ਰਾਜਾ ਅਮਾਜ਼ਯਾਹ

ਇਸਰਾਏਲ ਦੇ ਪਾਤਸ਼ਾਹ ਯੋਆਹਾਜ਼ ਦੇ ਪੁੱਤਰ ਯਹੋਆਸ਼ ਦੇ ਦੂਸਰੇ ਸਾਲ ਯਹੂਦਾਹ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਾਜ਼ਯਾਹ ਰਾਜ ਕਰਨ ਲੱਗਾ। ਜਦੋਂ ਉਹ ਪਾਤਸ਼ਾਹ ਬਣਿਆ ਤਾਂ ਉਹ ਪੱਚੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਉਨੱਤੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਯੇਹੋਅਦਾਨ ਸੀ। ਉਹ ਯੇਰੂਸ਼ਲੇਮ ਦੀ ਸੀ। ਉਸਨੇ ਉਹ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਪਰ ਫਿਰ ਵੀ ਆਪਣੇ ਪਿਤਾ ਦਾਵੀਦ ਵਾਂਗ ਨਹੀਂ। ਹਰ ਗੱਲ ਵਿੱਚ ਉਹ ਆਪਣੇ ਪਿਤਾ ਯੋਆਸ਼ ਦੀ ਮਿਸਾਲ ਉੱਤੇ ਚੱਲਿਆ। ਪਰ ਉੱਚੀਆਂ ਥਾਵਾਂ ਨੂੰ ਨਾ ਢਾਹਿਆ ਅਤੇ ਲੋਕ ਉੱਥੇ ਬਲੀਆਂ ਚੜ੍ਹਾਉਂਦੇ, ਅਤੇ ਧੂਪ ਧੁਖਾਉਂਦੇ ਰਹੇ।

ਅਜਿਹਾ ਹੋਇਆ ਕਿ ਜਿਵੇਂ ਹੀ ਰਾਜ ਉਸਦੇ ਹੱਥ ਵਿੱਚ ਮਜ਼ਬੂਤ ਹੋ ਗਿਆ, ਉਸਨੇ ਉਹਨਾਂ ਅਧਿਕਾਰੀਆਂ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਉਸਦੇ ਪਿਤਾ ਰਾਜੇ ਦਾ ਕਤਲ ਕੀਤਾ ਸੀ। ਫਿਰ ਵੀ ਉਸਨੇ ਕਾਤਲਾਂ ਦੇ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ, ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਗੱਲਾਂ ਦੇ ਅਨੁਸਾਰ ਜਿੱਥੇ ਯਾਹਵੇਹ ਨੇ ਹੁਕਮ ਦਿੱਤਾ ਸੀ, “ਮਾਤਾ-ਪਿਤਾ ਆਪਣੇ ਬੱਚਿਆਂ ਦੀ ਥਾਂ ਨਾ ਮਾਰੇ ਜਾਣ, ਨਾ ਹੀ ਬੱਚੇ ਆਪਣੇ ਮਾਤਾ-ਪਿਤਾ ਦੇ ਕਾਰਨ ਮਾਰੇ ਜਾਣ ਹਰ ਇੱਕ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।”1

ਉਹੀ ਸੀ ਜਿਸਨੇ ਲੂਣ ਦੀ ਘਾਟੀ ਵਿੱਚ ਦਸ ਹਜ਼ਾਰ ਅਦੋਮੀਆਂ ਨੂੰ ਹਰਾਇਆ ਅਤੇ ਲੜਾਈ ਵਿੱਚ ਸੇਲਾ ਉੱਤੇ ਕਬਜ਼ਾ ਕਰ ਲਿਆ, ਇਸ ਨੂੰ ਯਾਕਥਏਲ ਕਿਹਾ ਜਾਂਦਾ ਹੈ, ਇਹ ਨਾਮ ਅੱਜ ਤੱਕ ਹੈ।

ਤਦ ਅਮਾਜ਼ਯਾਹ ਨੇ ਇਸਰਾਏਲ ਦੇ ਰਾਜੇ ਯੇਹੂ ਦੇ ਪੁੱਤਰ ਯਹੋਆਹਾਜ਼ ਦੇ ਪੁੱਤਰ ਯੋਆਸ਼ ਕੋਲ ਸੰਦੇਸ਼ਵਾਹਕ ਭੇਜੇ, “ਆਓ, ਅਸੀਂ ਇੱਕ ਦੂਸਰੇ ਨਾਲ ਆਹਮੋ-ਸਾਹਮਣੇ ਵੇਖੀਏ।”

ਪਰ ਇਸਰਾਏਲ ਦੇ ਰਾਜੇ ਯੋਆਸ਼ ਨੇ ਯਹੂਦਾਹ ਦੇ ਰਾਜੇ ਅਮਾਜ਼ਯਾਹ ਨੂੰ ਜਵਾਬ ਦਿੱਤਾ, “ਲਬਾਨੋਨ ਦੀ ਇੱਕ ਕੰਡਿਆਲੀ ਝਾੜੀ ਨੇ ਲਬਾਨੋਨ ਦੇ ਇੱਕ ਦਿਆਰ ਨੂੰ ਸੁਨੇਹਾ ਭੇਜਿਆ, ‘ਆਪਣੀ ਧੀ ਦਾ ਮੇਰੇ ਪੁੱਤਰ ਨਾਲ ਵਿਆਹ ਕਰ ਦੇ।’ ਤਦ ਲਬਾਨੋਨ ਵਿੱਚ ਇੱਕ ਜੰਗਲੀ ਜਾਨਵਰ ਉਸ ਦੇ ਕੋਲ ਦੀ ਲੰਘਿਆ ਅਤੇ ਉਸ ਨੇ ਉਸ ਕੰਡਿਆਲੇ ਨੂੰ ਪੈਰਾਂ ਹੇਠ ਮਿੱਧ ਦਿੱਤਾ। ਤੂੰ ਸੱਚਮੁੱਚ ਅਦੋਮ ਨੂੰ ਹਰਾਇਆ ਹੈ ਅਤੇ ਹੁਣ ਤੂੰ ਹੰਕਾਰੀ ਹੋ ਰਿਹਾ ਹੈ। ਤੇਰੀ ਜਿੱਤ ਵਿੱਚ ਸ਼ਾਨ ਹੈ, ਪਰ ਘਰ ਵਿੱਚ ਬੈਠ! ਤੂੰ ਕਿਉਂ ਆਪਣੇ ਲਈ ਅਤੇ ਯਹੂਦਾਹ ਵੀ ਲਈ ਮੁਸੀਬਤ ਨੂੰ ਛੇੜਦਾ ਅਤੇ ਡਿੱਗਦਾ ਹੈ?”

ਪਰ ਅਮਾਜ਼ਯਾਹ ਨੇ ਨਾ ਸੁਣੀ, ਇਸ ਲਈ ਇਸਰਾਏਲ ਦੇ ਰਾਜਾ ਯੋਆਸ਼ ਨੇ ਹਮਲਾ ਕਰ ਦਿੱਤਾ। ਉਹ ਅਤੇ ਯਹੂਦਾਹ ਦਾ ਰਾਜਾ ਅਮਾਜ਼ਯਾਹ ਯਹੂਦਾਹ ਵਿੱਚ ਬੈਥ-ਸ਼ੇਮੇਸ਼ ਵਿੱਚ ਇੱਕ ਦੂਸਰੇ ਦੇ ਆਹਮੋ-ਸਾਹਮਣੇ ਹੋਏ। ਤਦ ਯਹੂਦਾਹ ਇਸਰਾਏਲ ਦੁਆਰਾ ਹਾਰ ਗਿਆ ਅਤੇ ਹਰੇਕ ਮਨੁੱਖ ਆਪਣੇ ਤੰਬੂ ਨੂੰ ਭੱਜ ਗਿਆ। ਇਸਰਾਏਲ ਦੇ ਪਾਤਸ਼ਾਹ ਯੋਆਸ਼ ਨੇ ਯਹੂਦਾਹ ਦੇ ਰਾਜੇ ਅਮਾਜ਼ਯਾਹ ਨੂੰ, ਜੋ ਯੋਆਸ਼ ਦਾ ਪੁੱਤਰ, ਅਹਜ਼ਯਾਹ ਦਾ ਪੋਤਰਾ ਸੀ, ਬੈਥ-ਸ਼ੇਮੇਸ਼ ਵਿੱਚ ਫੜ ਲਿਆ। ਫਿਰ ਯੋਆਸ਼ ਯੇਰੂਸ਼ਲੇਮ ਨੂੰ ਗਿਆ ਅਤੇ ਯੇਰੂਸ਼ਲੇਮ ਦੀ ਕੰਧ ਨੂੰ ਇਫ਼ਰਾਈਮ ਦੇ ਫ਼ਾਟਕ ਤੋਂ ਲੈ ਕੇ ਕੋਨੇ ਦੇ ਫ਼ਾਟਕ ਤੱਕ ਢਾਹ ਦਿੱਤਾ, ਜੋ ਲਗਭਗ ਚਾਰ ਸੌ ਹੱਥ2 ਲੰਮੀ ਸੀ। ਉਸ ਨੇ ਸਾਰਾ ਸੋਨਾ ਅਤੇ ਚਾਂਦੀ ਜੋ ਯਾਹਵੇਹ ਦੇ ਭਵਨ ਵਿੱਚ ਅਤੇ ਸ਼ਾਹੀ ਮਹਿਲ ਦੇ ਖਜ਼ਾਨਿਆਂ ਵਿੱਚ ਪਿਆ ਸੀ ਸਾਰਾ ਲੈ ਲਿਆ। ਉਸ ਨੇ ਪੁਰਸ਼ਾਂ ਨੂੰ ਬੰਦੀ ਬਣਾ ਲਿਆ ਅਤੇ ਸਾਮਰਿਯਾ ਵਾਪਸ ਆ ਗਿਆ।

ਜਿੱਥੋਂ ਤੱਕ ਯੋਆਸ਼ ਦੇ ਰਾਜ ਦੀਆਂ ਹੋਰ ਘਟਨਾਵਾਂ ਬਾਰੇ, ਉਸ ਨੇ ਜੋ ਕੁਝ ਕੀਤਾ ਅਤੇ ਉਸ ਦੀਆਂ ਪ੍ਰਾਪਤੀਆਂ, ਯਹੂਦਾਹ ਦੇ ਰਾਜੇ ਅਮਾਜ਼ਯਾਹ ਦੇ ਵਿਰੁੱਧ ਲੜਾਈ ਸਮੇਤ ਉਹ ਸਭ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। ਯੋਆਸ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਸਾਮਰਿਯਾ ਵਿੱਚ ਇਸਰਾਏਲ ਦੇ ਰਾਜਿਆਂ ਨਾਲ ਦਫ਼ਨਾਇਆ ਗਿਆ ਅਤੇ ਉਸ ਦਾ ਪੁੱਤਰ ਯਾਰਾਬੁਆਮ ਉਸ ਤੋਂ ਬਾਅਦ ਰਾਜਾ ਬਣਿਆ।

ਯਹੂਦਾਹ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਾਜ਼ਯਾਹ ਇਸਰਾਏਲ ਦੇ ਪਾਤਸ਼ਾਹ ਯਹੋਆਹਾਜ਼ ਦੇ ਪੁੱਤਰ ਯੋਆਸ਼ ਦੀ ਮੌਤ ਤੋਂ ਬਾਅਦ ਪੰਦਰਾਂ ਸਾਲ ਤੱਕ ਜੀਉਂਦਾ ਰਿਹਾ। ਅਮਾਜ਼ਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਉਹ ਸਭ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ।

ਉਹਨਾਂ ਨੇ ਯੇਰੂਸ਼ਲੇਮ ਵਿੱਚ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਹ ਲਾਕੀਸ਼ ਨੂੰ ਭੱਜ ਗਿਆ, ਪਰ ਉਹਨਾਂ ਨੇ ਉਸਦੇ ਮਗਰ ਲਾਕੀਸ਼ ਵਿੱਚ ਆਦਮੀ ਭੇਜੇ ਅਤੇ ਉੱਥੇ ਉਸਨੂੰ ਮਾਰ ਦਿੱਤਾ। ਉਸਨੂੰ ਘੋੜੇ ਉੱਤੇ ਵਾਪਸ ਲਿਆਂਦਾ ਗਿਆ ਅਤੇ ਯੇਰੂਸ਼ਲੇਮ ਵਿੱਚ ਦਾਵੀਦ ਦੇ ਸ਼ਹਿਰ ਵਿੱਚ ਉਸਦੇ ਪੁਰਖਿਆਂ ਦੇ ਨਾਲ ਦਫ਼ਨਾਇਆ ਗਿਆ।

ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਅਜ਼ਰਯਾਹ ਨੂੰ ਜਿਹੜਾ ਸੋਲਾਂ ਸਾਲਾਂ ਦਾ ਸੀ, ਲੈ ਲਿਆ ਅਤੇ ਉਸ ਨੂੰ ਉਹ ਦੇ ਪਿਤਾ ਅਮਾਜ਼ਯਾਹ ਦੀ ਥਾਂ ਰਾਜਾ ਬਣਾਇਆ। ਇਹ ਉਹੀ ਸੀ ਜਿਸਨੇ ਅਮਸਯਾਹ ਦੇ ਮਰਨ ਅਤੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਣ ਤੋਂ ਬਾਅਦ ਏਲਾਥ ਨੂੰ ਦੁਬਾਰਾ ਬਣਾਇਆ ਅਤੇ ਇਸਨੂੰ ਯਹੂਦਾਹ ਵਿੱਚ ਮੁੜ ਸਥਾਪਿਤ ਕੀਤਾ।

ਇਸਰਾਏਲ ਦਾ ਰਾਜਾ ਦੂਸਰਾ ਯਾਰਾਬੁਆਮ

ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਪੁੱਤਰ ਅਮਾਜ਼ਯਾਹ ਦੇ ਪੰਦਰਵੇਂ ਸਾਲ ਵਿੱਚ ਇਸਰਾਏਲ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਯਾਰਾਬੁਆਮ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਇੱਕਤਾਲੀ ਸਾਲ ਰਾਜ ਕੀਤਾ। ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਕਿਸੇ ਵੀ ਪਾਪ ਤੋਂ ਪਿੱਛੇ ਨਹੀਂ ਹਟਿਆ, ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ। ਇਹ ਉਹੀ ਸੀ ਜਿਸ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੇ ਬਚਨ ਦੇ ਅਨੁਸਾਰ ਲੇਬੋ ਹਮਾਥ ਤੋਂ ਲੈ ਕੇ ਮ੍ਰਿਤ ਸਾਗਰ ਤੱਕ ਇਸਰਾਏਲ ਦੀਆਂ ਹੱਦਾਂ ਨੂੰ ਬਹਾਲ ਕੀਤਾ ਸੀ ਜੋ ਆਪਣੇ ਸੇਵਕ ਅਮਿੱਤਾਈ ਦੇ ਪੁੱਤਰ, ਗਾਥ ਹੇਫ਼ਰ ਦੇ ਨਬੀ, ਯੋਨਾਹ ਦੇ ਰਾਹੀਂ ਬੋਲਿਆ ਗਿਆ ਸੀ।

ਯਾਹਵੇਹ ਨੇ ਦੇਖਿਆ ਸੀ ਕਿ ਇਸਰਾਏਲ ਵਿੱਚ ਹਰ ਕੋਈ, ਭਾਵੇਂ ਉਹ ਗੁਲਾਮ ਹੋਵੇ ਜਾਂ ਅਜ਼ਾਦ, ਦੁੱਖ ਝੱਲ ਰਿਹਾ ਸੀ; ਪਰ ਉਹਨਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ।3 ਕਿਉਂਕਿ ਯਾਹਵੇਹ ਨੇ ਇਹ ਨਹੀਂ ਕਿਹਾ ਸੀ ਕਿ ਮੈਂ ਅਕਾਸ਼ ਦੇ ਹੇਠਾਂ ਤੋਂ ਇਸਰਾਏਲ ਦਾ ਨਾਮ ਮਿਟਾ ਦੇਵੇਗਾ, ਇਸ ਲਈ ਉਸਨੇ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਹੱਥੋਂ ਉਹਨਾਂ ਨੂੰ ਬਚਾਇਆ।

ਜਿੱਥੋਂ ਤੱਕ ਯਾਰਾਬੁਆਮ ਦੇ ਰਾਜ ਦੀਆਂ ਹੋਰ ਘਟਨਾਵਾਂ ਬਾਰੇ, ਉਸ ਨੇ ਜੋ ਕੁਝ ਕੀਤਾ ਅਤੇ ਉਸ ਦੇ ਯੁੱਧ ਦੀਆਂ ਪ੍ਰਾਪਤੀਆਂ, ਜਿਸ ਵਿੱਚ ਉਸ ਨੇ ਦੰਮਿਸ਼ਕ ਅਤੇ ਹਮਾਥ, ਜੋ ਯਹੂਦਾਹ ਦੇ ਸਨ, ਇਸਰਾਏਲ ਲਈ ਕਿਵੇਂ ਮੁੜ ਪ੍ਰਾਪਤ ਕੀਤਾ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ? ਯਾਰਾਬੁਆਮ ਮਰ ਕੇ ਆਪਣੇ ਪੁਰਖਿਆਂ ਅਰਥਾਤ ਇਸਰਾਏਲ ਦੇ ਰਾਜਿਆਂ ਨਾਲ ਜਾ ਮਿਲਿਆ ਅਤੇ ਉਸ ਦਾ ਪੁੱਤਰ ਜ਼ਕਰਯਾਹ ਉਸ ਤੋਂ ਬਾਅਦ ਰਾਜਾ ਬਣਿਆ।

Source notes (3)
  1. Footnote ਬਿਵ 24:16
  2. Footnote ਚਾਰ ਸੌ ਹੱਥ ਲਗਭਗ 600 ਫੁੱਟ
  3. Footnote ਇਸਰਾਏਲ ਦੁੱਖ ਝੱਲ ਰਿਹਾ ਸੀ। ਉਹ ਬਿਨਾਂ ਕਿਸੇ ਹਾਕਮ ਜਾਂ ਆਗੂ ਦੇ ਸਨ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.