Skip to content
BibleKenya

Biblica® Open Punjabi Contemporary Version 2025

2 ਇਤਿਹਾਸ 9

ਸ਼ਬਾ ਦੀ ਰਾਣੀ ਦੀ ਸ਼ਲੋਮੋਨ ਮੁਲਾਕਾਤ

ਜਦੋਂ ਸ਼ਬਾ ਦੀ ਰਾਣੀ ਨੇ ਸ਼ਲੋਮੋਨ ਦੀ ਪ੍ਰਸਿੱਧੀ ਬਾਰੇ ਸੁਣਿਆ, ਤਾਂ ਉਹ ਉਸ ਨੂੰ ਬੁਝਾਰਤਾਂ ਵਿੱਚ ਪਰਖਣ ਲਈ ਯੇਰੂਸ਼ਲੇਮ ਵਿੱਚ ਆਈ। ਉਹ ਇੱਕ ਬਹੁਤ ਵੱਡੇ ਕਾਫ਼ਲੇ ਦੇ ਨਾਲ ਮਸਾਲਿਆਂ ਨਾਲ ਲੱਦੇ ਹੋਏ ਊਠਾਂ ਦੇ ਨਾਲ, ਵੱਡੀ ਮਾਤਰਾ ਵਿੱਚ ਸੋਨਾ ਅਤੇ ਕੀਮਤੀ ਪੱਥਰ ਲੈ ਕੇ ਸ਼ਲੋਮੋਨ ਕੋਲ ਆਈ ਅਤੇ ਉਸ ਨਾਲ ਸਭ ਗੱਲਾਂ ਕੀਤੀਆਂ ਜੋ ਉਸ ਦੇ ਮਨ ਵਿੱਚ ਸਨ। ਸ਼ਲੋਮੋਨ ਨੇ ਉਸ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਅਤੇ ਉਸ ਕੋਲ ਕੋਈ ਅਜਿਹੀ ਗੱਲ ਨਹੀਂ ਸੀ ਜਿਸ ਦਾ ਉਸ ਨੇ ਉੱਤਰ ਦਿੱਤਾ ਨਾ ਹੋਵੇ। ਜਦੋਂ ਸ਼ਬਾ ਦੀ ਰਾਣੀ ਨੇ ਸ਼ਲੋਮੋਨ ਦੀ ਬੁੱਧ ਅਤੇ ਉਸ ਮਹਿਲ ਨੂੰ ਜਿਹੜਾ ਉਸ ਨੇ ਬਣਾਇਆ ਸੀ ਵੇਖਿਆ, ਉਸ ਦੇ ਮੇਜ਼ ਉੱਤੇ ਭੋਜਨ, ਉਸਦੇ ਅਧਿਕਾਰੀਆਂ ਦੇ ਬੈਠਣ ਦਾ ਤਰੀਕਾ, ਉਸ ਦੇ ਸੇਵਕਾਂ ਦੀ ਆਗਿਆਕਾਰੀ ਅਤੇ ਉਹਨਾਂ ਦਾ ਪਹਿਰਾਵਾ, ਉਸ ਦੇ ਪਿਲਾਉਣ ਵਾਲੇ ਅਤੇ ਉਸ ਦੀਆਂ ਹੋਮ ਬਲੀਆਂ ਜਿਹੜੀਆਂ ਉਹ ਯਾਹਵੇਹ ਦੇ ਭਵਨ ਵਿੱਚ ਚੜ੍ਹਾਉਂਦਾ ਸੀ ਵੇਖਿਆ, ਤਾਂ ਉਸ ਦੇ ਹੋਸ਼ ਉੱਡ ਗਏ।

ਉਸਨੇ ਰਾਜੇ ਨੂੰ ਆਖਿਆ, “ਉਹ ਸੱਚੀ ਖ਼ਬਰ ਸੀ ਜੋ ਮੈਂ ਤੇਰੇ ਕੰਮਾਂ ਅਤੇ ਤੇਰੀ ਬੁੱਧ ਦੇ ਬਾਰੇ ਆਪਣੇ ਦੇਸ਼ ਵਿੱਚ ਸੁਣੀ ਸੀ। ਪਰ ਜਦੋਂ ਤੱਕ ਮੈਂ ਆ ਕੇ ਆਪਣੀਆਂ ਅੱਖਾਂ ਨਾਲ ਸਭ ਕੁਝ ਨਾ ਵੇਖਿਆ, ਮੈਂ ਉਹਨਾਂ ਦੀਆਂ ਗੱਲਾਂ ਉੱਤੇ ਵਿਸ਼ਵਾਸ ਨਾ ਕੀਤਾ। ਸੱਚ-ਮੁੱਚ, ਤੁਹਾਡੀ ਬੁੱਧ ਦੀ ਅੱਧੀ ਮਹਾਨਤਾ ਵੀ ਮੈਨੂੰ ਨਹੀਂ ਦੱਸੀ ਗਈ ਸੀ ਅਤੇ ਤੁਸੀਂ ਉਸ ਧੁੰਮ ਤੋਂ ਵੱਧ ਹੈ ਜੋ ਮੈਂ ਸੁਣੀ ਸੀ। ਮੁਬਾਰਕ ਹਨ ਤੇਰੇ ਮਨੁੱਖ ਅਤੇ ਮੁਬਾਰਕ ਤੇਰੇ ਇਹ ਸੇਵਕ ਜੋ ਸਦਾ ਤੇਰੇ ਸਨਮੁਖ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ! ਯਾਹਵੇਹ ਤੇਰਾ ਪਰਮੇਸ਼ਵਰ ਮੁਬਾਰਕ ਹੋਵੇ ਜੋ ਤੇਰੇ ਤੋਂ ਪ੍ਰਸੰਨ ਹੈ ਕਿ ਤੈਨੂੰ ਆਪਣੀ ਰਾਜ ਗੱਦੀ ਉੱਤੇ ਬਿਠਾਇਆ ਹੈ ਤਾਂ ਜੋ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਵੱਲੋਂ ਪਾਤਸ਼ਾਹ ਹੋਵੇ ਕਿਉਂ ਜੋ ਤੇਰੇ ਪਰਮੇਸ਼ਵਰ ਨੂੰ ਇਸਰਾਏਲ ਨਾਲ ਪਿਆਰ ਸੀ ਕਿ ਉਹਨਾਂ ਨੂੰ ਸਦਾ ਲਈ ਕਾਇਮ ਰੱਖੇ ਇਸੇ ਲਈ ਉਸ ਨੇ ਤੈਨੂੰ ਉਹਨਾਂ ਦਾ ਰਾਜਾ ਬਣਾਇਆ ਤਾਂ ਜੋ ਤੂੰ ਨਿਆਂ ਅਤੇ ਧਾਰਮਿਕਤਾ ਨੂੰ ਕਾਇਮ ਰੱਖੇ।”

ਫਿਰ ਉਸ ਨੇ ਰਾਜੇ ਨੂੰ ਚਾਰ ਸੌ ਕਿੱਲੋ ਦੇ ਲਗਭਗ ਸੋਨਾ, ਵੱਡੀ ਮਾਤਰਾ ਵਿੱਚ ਮਸਾਲੇ ਅਤੇ ਕੀਮਤੀ ਪੱਥਰ ਦਿੱਤੇ ਅਤੇ ਉਹ ਮਸਾਲੇ ਜੋ ਸ਼ਬਾ ਦੀ ਰਾਣੀ ਨੇ ਰਾਜਾ ਸ਼ਲੋਮੋਨ ਨੂੰ ਦਿੱਤਾ ਅਜਿਹਾ ਫਿਰ ਕਦੇ ਨਾ ਮਿਲਿਆ।

(ਹੀਰਾਮ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕ ਓਫੀਰ ਤੋਂ ਸੋਨਾ ਲਿਆਉਂਦੇ ਸਨ, ਉਹ ਚੰਦਨ ਦੀ ਲੱਕੜੀ ਅਤੇ ਬਹੁਮੁੱਲੇ ਪੱਥਰ ਵੀ ਲਿਆਉਂਦੇ ਸਨ। ਰਾਜਾ ਨੇ ਚੰਦਨ ਦੀ ਲੱਕੜ ਦੀਆਂ ਯਾਹਵੇਹ ਦੇ ਭਵਨ ਲਈ ਅਤੇ ਸ਼ਾਹੀ ਮਹਿਲ ਲਈ ਪੌੜ੍ਹੀਆਂ ਬਣਾਈਆਂ ਅਤੇ ਰਾਗੀਆਂ ਲਈ ਬਰਬਤਾਂ ਅਤੇ ਰਬਾਬ ਬਣਾਏ ਅਤੇ ਇਹੋ ਜਿਹੀਆਂ ਚੀਜ਼ਾਂ ਪਹਿਲਾਂ ਕਦੀ ਵੀ ਯਹੂਦਾਹ ਦੇ ਦੇਸ਼ ਵਿੱਚ ਨਹੀਂ ਵੇਖੀਆਂ ਗਈਆਂ ਸਨ।)

ਰਾਜਾ ਸ਼ਲੋਮੋਨ ਨੇ ਸ਼ਬਾ ਦੀ ਰਾਣੀ ਨੂੰ ਜੋ ਕੁਝ ਉਸ ਨੇ ਚਾਹਿਆ ਅਤੇ ਮੰਗਿਆ ਉਸ ਤੋਂ ਵਧੀਕ ਜੋ ਉਹ ਰਾਜਾ ਲਈ ਲਿਆਈ ਸੀ ਦਿੱਤਾ ਅਤੇ ਫਿਰ ਉਹ ਚਲੀ ਗਈ ਅਤੇ ਆਪਣੇ ਸੇਵਾਦਾਰ ਨਾਲ ਆਪਣੇ ਦੇਸ਼ ਵਾਪਸ ਮੁੜ ਗਈ।

ਸ਼ਲੋਮੋਨ ਦੀ ਸ਼ਾਨ

ਸ਼ਲੋਮੋਨ ਨੂੰ ਹਰ ਸਾਲ ਸੋਨਾ ਬਾਈ ਹਜ਼ਾਰ ਕਿੱਲੋ ਮਿਲਦਾ ਸੀ, ਉਸ ਤੋਂ ਬਿਨ੍ਹਾਂ ਹੋਰ ਵੀ ਜੋ ਵਪਾਰੀ ਤੇ ਸੌਦਾਗਰ ਲਿਆਉਂਦੇ ਸਨ ਨਾਲੇ ਅਰਬ ਦੇ ਸਾਰੇ ਰਾਜਿਆਂ ਕੋਲ ਅਤੇ ਦੇਸ਼ ਦੇ ਹਾਕਮਾਂ ਅਤੇ ਸ਼ਲੋਮੋਨ ਦੇ ਕੋਲ ਸੋਨਾ ਅਤੇ ਚਾਂਦੀ ਲਿਆਉਂਦੇ ਸਨ।

ਅਤੇ ਸ਼ਲੋਮੋਨ ਰਾਜਾ ਨੇ ਸੋਨਾ ਘੜ੍ਹ ਕੇ ਦੋ ਸੌ ਵੱਡੀਆਂ ਢਾਲ਼ਾਂ ਬਣਾਈਆਂ ਅਤੇ ਇੱਕ-ਇੱਕ ਢਾਲ਼ ਨੂੰ ਸੱਤ ਕਿੱਲੋ ਸੋਨਾ ਲੱਗਾ ਹੋਇਆ ਸੀ। ਅਤੇ ਸੋਨੇ ਦੀਆਂ ਘੜ੍ਹਵੀਆਂ ਤਿੰਨ ਸੌ ਛੋਟੀਆਂ ਢਾਲ਼ਾਂ ਬਣਾਈਆਂ, ਹਰ ਇੱਕ ਢਾਲ਼ ਨੂੰ ਤਿੰਨ ਸੌ ਸ਼ੈਕੇਲ ਸੋਨਾ ਸੀ। ਰਾਜੇ ਨੇ ਉਹਨਾਂ ਨੂੰ ਲਬਾਨੋਨ ਦੇ ਜੰਗਲ ਦੇ ਮਹਿਲ ਵਿੱਚ ਰੱਖਿਆ।

ਤਦ ਰਾਜੇ ਨੇ ਹਾਥੀ ਦੰਦ ਦਾ ਇੱਕ ਵੱਡਾ ਸਿੰਘਾਸਣ ਬਣਾਇਆ ਅਤੇ ਸ਼ੁੱਧ ਸੋਨੇ ਨਾਲ ਮੜ੍ਹਿਆ ਹੋਇਆ ਸੀ। ਸਿੰਘਾਸਣ ਦੀਆਂ ਛੇ ਪੌੜੀਆਂ ਸਨ ਅਤੇ ਇਸ ਦੇ ਨਾਲ ਸੋਨੇ ਦੀ ਚੌਂਕੀ ਲੱਗੀ ਹੋਈ ਸੀ। ਸੀਟ ਦੇ ਦੋਵੇਂ ਪਾਸੇ ਢਾਸਣੇ ਬੰਨ੍ਹੇ ਹੋਏ ਸਨ ਬੈਠਣ ਦੇ ਥਾਂ ਦੇ ਆਲੇ-ਦੁਆਲੇ ਦੋਹੀ ਪਾਸੇ ਢਾਸਣੇ ਸਨ ਅਤੇ ਢਾਸਣਿਆ ਦੇ ਕੋਲ ਬੱਬਰ ਸ਼ੇਰ ਖੜ੍ਹੇ ਸਨ। ਛੇ ਪੌੜੀਆਂ ਉੱਤੇ ਬਾਰਾਂ ਸ਼ੇਰ ਖੜ੍ਹੇ ਸਨ, ਹਰੇਕ ਕਦਮ ਦੇ ਦੋਹਾਂ ਸਿਰਿਆਂ ਉੱਤੇ ਇੱਕ। ਕਿਸੇ ਵੀ ਹੋਰ ਰਾਜ ਵਿੱਚ ਅਜਿਹਾ ਸਿੰਘਾਸਣ ਨਹੀਂ ਬਣਾਇਆ ਗਿਆ ਸੀ। ਸ਼ਲੋਮੋਨ ਰਾਜਾ ਦੇ ਸਾਰੇ ਪੀਣ ਵਾਲੇ ਬਰਤਨ ਸੋਨੇ ਦੇ ਸਨ ਅਤੇ ਲਬਾਨੋਨ ਦੇ ਜੰਗਲ ਦੇ ਮਹਿਲ ਵਿੱਚ ਸਾਰੀਆਂ ਘਰੇਲੂ ਵਸਤਾਂ ਸ਼ੁੱਧ ਸੋਨੇ ਦੀਆਂ ਸਨ। ਕੁਝ ਵੀ ਚਾਂਦੀ ਦਾ ਨਹੀਂ ਸੀ ਕਿਉਂਕਿ ਸ਼ਲੋਮੋਨ ਦੇ ਦਿਨਾਂ ਵਿੱਚ ਚਾਂਦੀ ਦੀ ਕੀਮਤ ਘੱਟ ਸਮਝੀ ਜਾਂਦੀ ਸੀ। ਕਿਉਂ ਜੋ ਰਾਜੇ ਦੇ ਕੋਲ ਜਹਾਜ਼ ਸਨ ਜੋ ਹੀਰਾਮ ਦੇ ਨੌਕਰਾਂ ਦੇ ਨਾਲ ਤਰਸ਼ੀਸ਼ ਨੂੰ ਜਾਂਦੇ ਸਨ। ਇਹ ਸਮੁੰਦਰੀ ਜਹਾਜ਼ ਹਰ ਤਿੰਨ ਸਾਲਾਂ ਵਿੱਚ ਇੱਕ ਵਾਰ ਸੋਨਾ, ਚਾਂਦੀ ਅਤੇ ਹਾਥੀ ਦੇ ਦੰਦ, ਅਤੇ ਬਾਂਦਰ ਤੇ ਮੋਰ ਲੱਦ ਕੇ ਲਿਆਉਂਦਾ ਹੁੰਦਾ ਸੀ।

ਰਾਜਾ ਸ਼ਲੋਮੋਨ ਧਰਤੀ ਦੇ ਬਾਕੀ ਰਾਜਿਆਂ ਨਾਲੋਂ ਧੰਨ ਅਤੇ ਬੁੱਧ ਵਿੱਚ ਵੱਡਾ ਸੀ। ਅਤੇ ਧਰਤੀ ਉੱਤੇ ਦੇ ਸਾਰੇ ਪਾਤਸ਼ਾਹ ਸ਼ਲੋਮੋਨ ਦੇ ਦਰਸ਼ਨ ਦੇ ਚਾਹਵੰਦ ਸਨ ਤਾਂ ਜੋ ਉਸ ਦੀ ਬੁੱਧ ਨੂੰ ਸੁਣਨ ਜਿਹੜੀ ਪਰਮੇਸ਼ਵਰ ਨੇ ਉਹ ਦੇ ਮਨ ਵਿੱਚ ਪਾਈ ਸੀ। ਉਹਨਾਂ ਵਿੱਚੋਂ ਹਰ ਸਾਲ ਹਰ ਕੋਈ ਆਪਣਾ ਨਜ਼ਰਾਨਾ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ ਬਸਤਰ, ਸ਼ਸਤਰ, ਮਸਾਲੇ, ਘੋੜੇ ਅਤੇ ਖੱਚਰਾਂ ਲੈ ਕੇ ਆਉਂਦਾ ਸੀ।

ਸ਼ਲੋਮੋਨ ਦੇ ਕੋਲ ਘੋੜਿਆਂ ਅਤੇ ਰੱਥਾਂ ਦੇ ਚਾਰ ਹਜ਼ਾਰ ਠਿਕਾਣੇ ਸਨ ਅਤੇ ਬਾਰਾਂ ਹਜ਼ਾਰ ਘੋੜੇ ਜੋ ਉਸ ਨੇ ਰਥਾਂ ਦੇ ਸ਼ਹਿਰਾਂ ਵਿੱਚ ਅਤੇ ਯੇਰੂਸ਼ਲੇਮ ਵਿੱਚ ਆਪਣੇ ਨਾਲ ਰੱਖੇ ਹੋਏ ਸਨ। ਉਸ ਨੇ ਫ਼ਰਾਤ ਦਰਿਆ ਤੋਂ ਲੈ ਕੇ ਮਿਸਰ ਦੀ ਹੱਦ ਤੱਕ ਫ਼ਲਿਸਤੀਆਂ ਦੀ ਧਰਤੀ ਤੱਕ ਸਾਰੇ ਰਾਜਿਆਂ ਉੱਤੇ ਰਾਜ ਕੀਤਾ। ਰਾਜੇ ਨੇ ਯੇਰੂਸ਼ਲੇਮ ਵਿੱਚ ਚਾਂਦੀ ਪੱਥਰਾਂ ਵਾਂਗੂੰ ਅਤੇ ਦਿਆਰ ਨੂੰ ਗੁੱਲਰ ਵਾਂਗੂੰ ਦਿੱਤਾ ਅਤੇ ਹੰਜੀਰ ਦੇ ਰੁੱਖਾਂ ਵਾਂਗੂੰ ਬਹੁਤਾ ਕੀਤਾ। ਸ਼ਲੋਮੋਨ ਦੇ ਘੋੜੇ ਮਿਸਰ ਅਤੇ ਹੋਰ ਸਾਰੇ ਦੇਸ਼ਾਂ ਤੋਂ ਲਿਆਏ ਜਾਂਦੇ ਸਨ।

ਸ਼ਲੋਮੋਨ ਦੀ ਮੌਤ

ਅਤੇ ਸ਼ਲੋਮੋਨ ਦੇ ਰਾਜ ਦੀਆਂ ਹੋਰ ਘਟਨਾਵਾਂ ਸ਼ੁਰੂਆਤ ਤੋਂ ਅੰਤ ਤੀਕ ਜੋ ਕੁਝ ਉਸਨੇ ਕੀਤਾ ਉਹ ਨਾਥਾਨ ਨਬੀ ਦੀਆਂ ਗੱਲਾਂ ਵਿੱਚ ਅਤੇ ਸ਼ੀਲੋਹਨੀ ਅਹੀਯਾਹ ਦੇ ਭਵਿੱਖਵਾਣੀ ਵਿੱਚ ਅਤੇ ਇੱਦੋ ਗੈਬ ਬੀਨ ਦੀਆਂ ਦਰਿਸ਼ਟਾਂ ਵਿੱਚ ਜੋ ਉਸ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਵਿਖੇ ਵੇਖੀਆਂ ਸਨ ਲਿਖੀਆਂ ਹੋਈਆਂ ਹਨ। ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਸਾਰੇ ਇਸਰਾਏਲ ਉੱਤੇ ਚਾਲੀ ਸਾਲ ਰਾਜ ਕੀਤਾ। ਤਦ ਸ਼ਲੋਮੋਨ ਆਪਣੇ ਪੁਰਖਿਆਂ ਨਾਲ ਸੌ ਗਿਆ ਅਤੇ ਆਪਣੇ ਪਿਤਾ ਦਾਵੀਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਰਹਬੁਆਮ ਉਸ ਤੋਂ ਬਾਅਦ ਰਾਜਾ ਬਣਿਆ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.