Skip to content
BibleKenya

Biblica® Open Punjabi Contemporary Version 2025

2 ਇਤਿਹਾਸ 35

ਯੋਸ਼ੀਯਾਹ ਦਾ ਪਸਾਹ ਦੇ ਤਿਉਹਾਰ ਨੂੰ ਮਨਾਉਣਾ

ਯੋਸ਼ੀਯਾਹ ਨੇ ਯੇਰੂਸ਼ਲੇਮ ਵਿੱਚ ਯਾਹਵੇਹ ਲਈ ਪਸਾਹ ਕੀਤੀ ਅਤੇ ਉਹਨਾਂ ਨੇ ਪਹਿਲੇ ਮਹੀਨੇ ਦੀ ਚੌਧਵੀਂ ਤਾਰੀਖ ਨੂੰ ਪਸਾਹ ਦੇ ਲੇਲੇ ਨੂੰ ਕੱਟਿਆ। ਉਸ ਨੇ ਜਾਜਕਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਉੱਤੇ ਖੜ੍ਹਾ ਕੀਤਾ ਅਤੇ ਉਹਨਾਂ ਨੂੰ ਯਾਹਵੇਹ ਦੇ ਭਵਨ ਦੀ ਸੇਵਾ ਲਈ ਤਕੜਾ ਕੀਤਾ। ਉਸ ਨੇ ਲੇਵੀਆਂ ਨੂੰ ਕਿਹਾ, ਜਿਨ੍ਹਾਂ ਨੇ ਸਾਰੇ ਇਸਰਾਏਲ ਨੂੰ ਹਿਦਾਇਤ ਦਿੱਤੀ ਸੀ ਅਤੇ ਜਿਨ੍ਹਾਂ ਨੂੰ ਯਾਹਵੇਹ ਲਈ ਪਵਿੱਤਰ ਕੀਤਾ ਗਿਆ ਸੀ: “ਪਵਿੱਤਰ ਸੰਦੂਕ ਨੂੰ ਉਸ ਮੰਦਰ ਵਿੱਚ ਰੱਖੋ ਜੋ ਇਸਰਾਏਲ ਦੇ ਰਾਜਾ ਦਾਵੀਦ ਦੇ ਪੁੱਤਰ ਸ਼ਲੋਮੋਨ ਨੇ ਬਣਾਇਆ ਸੀ, ਫਿਰ ਇਹ ਤੁਹਾਡਿਆਂ ਮੋਢਿਆਂ ਉੱਤੇ ਭਾਰ ਨਹੀਂ ਹੋਵੇਗਾ। ਹੁਣ ਤੁਸੀਂ ਆਪਣੇ ਪਰਮੇਸ਼ਵਰ ਅਤੇ ਉਸ ਦੀ ਪਰਜਾ ਇਸਰਾਏਲ ਦੀ ਸੇਵਾ ਕਰੋ। ਇਸਰਾਏਲ ਦੇ ਰਾਜੇ ਦਾਵੀਦ ਅਤੇ ਉਸ ਦੇ ਪੁੱਤਰ ਸ਼ਲੋਮੋਨ ਦੁਆਰਾ ਲਿਖੀਆਂ ਹਿਦਾਇਤਾਂ ਦੇ ਅਨੁਸਾਰ, ਆਪਣੇ-ਆਪ ਨੂੰ ਆਪਣੇ ਪਰਿਵਾਰ-ਸਮੂਹਾਂ ਅਨੁਸਾਰ ਤਿਆਰ ਕਰੋ।

“ਅਤੇ ਤੁਸੀਂ ਪਵਿੱਤਰ ਅਸਥਾਨ ਵਿੱਚ ਪਿੱਤਰਾਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਅਤੇ ਆਪਣੇ ਭਰਾਵਾਂ ਆਮ ਲੋਕਾਂ ਦੇ ਅਨੁਸਾਰ ਖੜ੍ਹੇ ਹੋਵੋ, ਅਤੇ ਲੇਵੀਆਂ ਦੇ ਪਿੱਤਰਾਂ ਦੇ ਘਰਾਣੇ ਦਾ ਹਿੱਸਾ ਹਰੇਕ ਲਈ ਹੋਵੇ। ਪਸਾਹ ਦੇ ਲੇਲਿਆਂ ਨੂੰ ਵੱਢੋ, ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਸੰਗੀ ਇਸਰਾਏਲੀਆਂ ਲਈ ਲੇਲੇ ਤਿਆਰ ਕਰੋ, ਉਹੀ ਕਰੋ ਜੋ ਯਾਹਵੇਹ ਨੇ ਮੋਸ਼ੇਹ ਰਾਹੀਂ ਹੁਕਮ ਦਿੱਤਾ ਸੀ।”

ਯੋਸ਼ੀਯਾਹ ਨੇ ਆਮ ਲੋਕਾਂ ਲਈ ਜਿੰਨੇ ਉੱਥੇ ਸਨ ਇੱਜੜ ਵਿੱਚੋਂ ਛੱਤ੍ਰੇ ਲੇਲੇ ਪਸਾਹ ਲਈ ਦਿੱਤੇ ਜਿਹੜੇ ਗਿਣਤੀ ਵਿੱਚ ਤੀਹ ਹਜ਼ਾਰ ਸਨ ਅਤੇ ਤਿੰਨ ਹਜ਼ਾਰ ਵਹਿੜੇ। ਇਹ ਸਾਰੇ ਸ਼ਾਹੀ ਮਾਲ ਵਿੱਚੋਂ ਸਨ।

ਉਸ ਦੇ ਸਰਦਾਰਾਂ ਨੇ ਖੁਸ਼ੀ ਦੇ ਚੜ੍ਹਾਵੇ ਲੋਕਾਂ ਲਈ ਜਾਜਕਾਂ ਅਤੇ ਲੇਵੀਆਂ ਲਈ ਦਿੱਤੇ ਅਤੇ ਹਿਲਕੀਯਾਹ, ਜ਼ਕਰਯਾਹ ਅਤੇ ਯਹੀਏਲ ਨੇ ਜਿਹੜੇ ਪਰਮੇਸ਼ਵਰ ਦੇ ਭਵਨ ਦੇ ਹਾਕਮ ਸਨ ਜਾਜਕਾਂ ਨੂੰ ਪਸਾਹ ਲਈ ਦੋ ਹਜ਼ਾਰ ਛੇ ਸੌ ਭੇਡਾਂ ਬੱਕਰੀਆਂ ਅਤੇ ਤਿੰਨ ਸੌ ਵਹਿੜੇ ਦਿੱਤੇ। ਅਤੇ ਕਨਨਯਾਹ, ਸ਼ਮਅਯਾਹ ਅਤੇ ਨਥਾਨੇਲ, ਉਸ ਦੇ ਭਰਾ ਅਤੇ ਹਸ਼ਬਯਾਹ, ਯਈਏਲ ਅਤੇ ਯੋਜ਼ਾਬਾਦ ਲੇਵੀਆਂ ਦੇ ਸਰਦਾਰਾਂ ਨੇ ਪਸਾਹ ਲਈ ਲੇਵੀਆਂ ਨੂੰ ਪੰਜ ਹਜ਼ਾਰ ਭੇਡਾਂ ਬੱਕਰੀਆਂ ਅਤੇ ਪੰਜ ਸੌ ਵਹਿੜੇ ਦਿੱਤੇ।

ਸੋ ਉਪਾਸਨਾ ਦਾ ਕੰਮ ਪੂਰਾ ਹੋਇਆ, ਤਾਂ ਜਾਜਕ ਆਪਣੇ ਥਾਂ ਅਤੇ ਲੇਵੀ ਆਪਣੀ-ਆਪਣੀ ਵਾਰੀ ਉੱਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਖੜ੍ਹੇ ਹੋ ਗਏ। ਪਸਾਹ ਦੇ ਲੇਲਿਆਂ ਨੂੰ ਵੱਢਿਆ ਗਿਆ ਅਤੇ ਜਾਜਕਾਂ ਨੇ ਜਗਵੇਦੀ ਉੱਤੇ ਲਹੂ ਦੇ ਛਿੱਟੇ ਮਾਰੇ, ਜਦੋਂ ਕਿ ਲੇਵੀਆਂ ਨੇ ਜਾਨਵਰਾਂ ਦੀ ਖੱਲ ਕੱਟੀ। ਤਾਂ ਉਹ ਹੋਮ ਬਲੀਆਂ ਨੂੰ ਲੈ ਗਏ ਅਤੇ ਆਮ ਲੋਕਾਂ ਦੇ ਪਿਉ ਦਾਦਿਆਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਯਾਹਵੇਹ ਦੇ ਹਜ਼ੂਰ ਭੇਟ ਚੜ੍ਹਾਉਣ ਲਈ ਉਹਨਾਂ ਨੂੰ ਦਿੱਤਾ ਜਿਵੇਂ ਮੋਸ਼ੇਹ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਵਹਿੜਿਆਂ ਨਾਲ ਕੀਤਾ। ਅਤੇ ਉਹਨਾਂ ਨੇ ਪਸਾਹ ਨੂੰ ਬਿਧੀ ਦੇ ਅਨੁਸਾਰ ਅੱਗ ਉੱਤੇ ਭੁੰਨਿਆ ਅਤੇ ਪਵਿੱਤਰ ਭੇਟਾਂ ਉਹਨਾਂ ਨੇ ਦੇਗਾਂ, ਤਉੜੀਆਂ ਅਤੇ ਕੜਾਹੀਆਂ ਵਿੱਚ ਪਕਾਈਆਂ ਅਤੇ ਉਹਨਾਂ ਨੂੰ ਆਮ ਲੋਕਾਂ ਤੱਕ ਛੇਤੀ ਨਾਲ ਪਹੁੰਚਾ ਦਿੱਤਾ। ਇਸ ਤੋਂ ਬਾਅਦ, ਉਹਨਾਂ ਨੇ ਆਪਣੇ ਲਈ ਅਤੇ ਜਾਜਕਾਂ ਲਈ ਤਿਆਰੀਆਂ ਕੀਤੀਆਂ, ਕਿਉਂਕਿ ਜਾਜਕ, ਹਾਰੋਨ ਦੇ ਉੱਤਰਾਧਿਕਾਰੀ, ਹੋਮ ਦੀਆਂ ਭੇਟਾਂ ਅਤੇ ਚਰਬੀ ਦੇ ਭਾਗਾਂ ਨੂੰ ਰਾਤ ਹੋਣ ਤੱਕ ਚੜ੍ਹਾਉਂਦੇ ਰਹੇ ਸਨ। ਇਸ ਲਈ ਲੇਵੀਆਂ ਨੇ ਆਪਣੇ ਲਈ ਅਤੇ ਹਾਰੋਨ ਦੇ ਜਾਜਕਾਂ ਲਈ ਤਿਆਰੀਆਂ ਕੀਤੀਆਂ।

ਅਤੇ ਆਸਾਫ਼ ਦੀ ਵੰਸ਼ ਦੇ ਗਵੱਯੇ ਦਾਵੀਦ ਅਤੇ ਆਸਾਫ਼ ਅਰ ਹੇਮਾਨ ਅਤੇ ਪਾਤਸ਼ਾਹ ਦੇ ਗੈਬਦਾਨ ਯਦੂਥੂਨ ਦੇ ਹੁਕਮ ਅਨੁਸਾਰ ਆਪਣੀ-ਆਪਣੀ ਥਾਂ ਉੱਤੇ ਖੜ੍ਹੇ ਸਨ ਅਤੇ ਹਰ ਫਾਟਕ ਉੱਤੇ ਦਰਬਾਨ ਸਨ ਅਤੇ ਉਹਨਾਂ ਨੂੰ ਆਪਣੀ ਟਹਿਲ ਸੇਵਾ ਤੋਂ ਅੱਡ ਹੋਣਾ ਨਾ ਪਿਆ ਕਿਉਂ ਜੋ ਉਹਨਾਂ ਦੇ ਭਰਾਵਾਂ ਲੇਵੀਆਂ ਨੇ ਉਹਨਾਂ ਲਈ ਤਿਆਰ ਕੀਤਾ।

ਇਸ ਲਈ ਉਸ ਸਮੇਂ ਪਸਾਹ ਦੇ ਤਿਉਹਾਰ ਦੇ ਜਸ਼ਨ ਅਤੇ ਯਾਹਵੇਹ ਦੀ ਜਗਵੇਦੀ ਉੱਤੇ ਹੋਮ ਦੀਆਂ ਭੇਟਾਂ ਚੜ੍ਹਾਉਣ ਲਈ ਯਾਹਵੇਹ ਦੀ ਸਾਰੀ ਸੇਵਾ ਕੀਤੀ ਗਈ ਸੀ, ਜਿਵੇਂ ਕਿ ਰਾਜਾ ਯੋਸ਼ੀਯਾਹ ਨੇ ਹੁਕਮ ਦਿੱਤਾ ਸੀ। ਜਿਹੜੇ ਇਸਰਾਏਲੀ ਹਾਜ਼ਰ ਸਨ, ਉਹਨਾਂ ਨੇ ਉਸ ਸਮੇਂ ਪਸਾਹ ਦਾ ਤਿਉਹਾਰ ਮਨਾਇਆ ਅਤੇ ਸੱਤ ਦਿਨਾਂ ਤੱਕ ਪਤੀਰੀ ਰੋਟੀ ਦਾ ਪਰਬ ਮਨਾਇਆ। ਨਬੀ ਸਮੂਏਲ ਦੇ ਦਿਨਾਂ ਤੋਂ ਇਸਰਾਏਲ ਵਿੱਚ ਪਸਾਹ ਦਾ ਤਿਉਹਾਰ ਇਸ ਤਰ੍ਹਾਂ ਨਹੀਂ ਮਨਾਇਆ ਗਿਆ ਸੀ ਅਤੇ ਇਸਰਾਏਲ ਦੇ ਰਾਜਿਆਂ ਵਿੱਚੋਂ ਕਿਸੇ ਨੇ ਵੀ ਅਜਿਹਾ ਪਸਾਹ ਨਹੀਂ ਮਨਾਇਆ ਸੀ ਜਿਵੇਂ ਯੋਸ਼ੀਯਾਹ ਨੇ ਜਾਜਕਾਂ, ਲੇਵੀਆਂ ਅਤੇ ਸਾਰੇ ਯਹੂਦਾਹ ਅਤੇ ਇਸਰਾਏਲ ਦੇ ਲੋਕਾਂ ਨਾਲ ਜੋ ਯੇਰੂਸ਼ਲੇਮ ਦੇ ਲੋਕਾਂ ਨਾਲ ਉੱਥੇ ਸਨ। ਇਹ ਪਸਾਹ ਯੋਸ਼ੀਯਾਹ ਦੇ ਰਾਜ ਦੇ ਅਠਾਰਵੇਂ ਸਾਲ ਵਿੱਚ ਮਨਾਇਆ ਗਿਆ ਸੀ।

ਯੋਸ਼ੀਯਾਹ ਦੀ ਮੌਤ

ਇਸ ਸਭ ਕੁਝ ਦੇ ਬਾਅਦ, ਜਦੋਂ ਯੋਸ਼ੀਯਾਹ ਨੇ ਭਵਨ ਦਾ ਕੰਮ ਪੂਰਾ ਕੀਤਾ, ਤਾਂ ਮਿਸਰ ਦਾ ਰਾਜਾ ਨੇਕੋ ਫ਼ਰਾਤ ਦੇ ਕੰਢੇ ਕਰਕਮੀਸ਼ ਵਿੱਚ ਲੜਨ ਲਈ ਚੜ੍ਹਿਆ ਅਤੇ ਯੋਸ਼ੀਯਾਹ ਲੜਾਈ ਵਿੱਚ ਉਸ ਨੂੰ ਮਿਲਣ ਲਈ ਨਿਕਲਿਆ। ਪਰ ਉਸ ਨੇ ਉਹਦੇ ਕੋਲ ਦੂਤਾਂ ਦੇ ਰਾਹੀਂ ਸੰਦੇਸ਼ ਭੇਜਿਆ, “ਹੇ ਯਹੂਦਾਹ ਦੇ ਪਾਤਸ਼ਾਹ, ਤੇਰੇ ਨਾਲ ਮੇਰਾ ਕੀ ਕੰਮ? ਮੈਂ ਅੱਜ ਦੇ ਦਿਨ ਤੇਰੇ ਉੱਤੇ ਨਹੀਂ, ਸਗੋਂ ਇੱਕ ਹੋਰ ਘਰਾਣੇ ਉੱਤੇ ਚੜ੍ਹਾਈ ਕਰ ਰਿਹਾ ਹਾਂ ਅਤੇ ਪਰਮੇਸ਼ਵਰ ਨੇ ਮੈਨੂੰ ਛੇਤੀ ਕਰਨ ਦਾ ਹੁਕਮ ਦਿੱਤਾ ਹੈ, ਸੋ ਤੂੰ ਪਰਮੇਸ਼ਵਰ ਦੇ ਵਿਰੁੱਧ ਜਿਹੜਾ ਮੇਰੇ ਅੰਗ-ਸੰਗ ਹੈ ਟਾਕਰਾ ਨਾ ਕਰ ਮਤੇ ਉਹ ਤੈਨੂੰ ਮਾਰ ਸੁੱਟੇ।”

ਹਾਲਾਂਕਿ, ਯੋਸ਼ੀਯਾਹ ਨੇ ਉਸ ਤੋਂ ਮੂੰਹ ਨਹੀਂ ਮੋੜਿਆ, ਪਰ ਉਸ ਨੂੰ ਲੜਾਈ ਵਿੱਚ ਸ਼ਾਮਲ ਕਰਨ ਲਈ ਭੇਸ ਬਦਲਿਆ। ਉਸ ਨੇ ਪਰਮੇਸ਼ਵਰ ਦੇ ਹੁਕਮ ਤੇ ਨੇਕੋ ਦੀ ਗੱਲ ਨਹੀਂ ਸੁਣੀ ਪਰ ਮਗਿੱਦੋ ਦੇ ਮੈਦਾਨ ਵਿੱਚ ਉਸ ਨਾਲ ਲੜਨ ਲਈ ਚਲਾ ਗਿਆ।

ਤਾਂ ਤੀਰ ਅੰਦਾਜ਼ਾਂ ਨੇ ਯੋਸ਼ੀਯਾਹ ਪਾਤਸ਼ਾਹ ਨੂੰ ਤੀਰ ਮਾਰਿਆ ਤਾਂ ਪਾਤਸ਼ਾਹ ਨੇ ਆਪਣੇ ਨੌਕਰਾਂ ਨੂੰ ਆਖਿਆ ਕਿ “ਮੈਨੂੰ ਕੱਢ ਲੈ ਚੱਲੋ; ਕਿਉਂ ਜੋ ਮੈਂ ਬਹੁਤ ਫੱਟੜ ਹੋ ਗਿਆ ਹਾਂ।” ਸੋ ਉਸ ਦੇ ਨੌਕਰਾਂ ਨੇ ਉਸ ਨੂੰ ਰਥ ਤੋਂ ਲਾਹ ਕੇ ਉਸ ਦੇ ਦੂਸਰੇ ਰਥ ਵਿੱਚ ਚੜ੍ਹਾਇਆ ਅਤੇ ਉਹ ਨੂੰ ਯੇਰੂਸ਼ਲੇਮ ਨੂੰ ਲੈ ਗਏ ਜਿੱਥੇ ਉਹ ਮਰ ਗਿਆ ਅਰ ਆਪਣੇ ਪਿਉ ਦਾਦਿਆਂ ਦੀਆਂ ਕਬਰਾਂ ਵਿੱਚ ਦੱਬਿਆ ਗਿਆ। ਤਾਂ ਸਾਰੇ ਯਹੂਦਾਹ ਅਤੇ ਯੇਰੂਸ਼ਲੇਮ ਨੇ ਯੋਸ਼ੀਯਾਹ ਦੇ ਲਈ ਸੋਗ ਕੀਤਾ।

ਯਿਰਮਿਯਾਹ ਨੇ ਯੋਸ਼ੀਯਾਹ ਲਈ ਵਿਰਲਾਪ ਰਚਿਆ ਅਤੇ ਅੱਜ ਤੱਕ ਸਾਰੇ ਮਰਦ ਅਤੇ ਔਰਤਾਂ ਗਾਇਕ ਵਿਰਲਾਪ ਵਿੱਚ ਯੋਸ਼ੀਯਾਹ ਨੂੰ ਯਾਦ ਕਰਦੇ ਹਨ। ਇਹ ਇਸਰਾਏਲ ਵਿੱਚ ਇੱਕ ਪਰੰਪਰਾ ਬਣ ਗਈ ਹੈ ਅਤੇ ਵਿਰਲਾਪ ਵਿੱਚ ਲਿਖੇ ਗਏ ਹਨ।

ਯੋਸ਼ੀਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਉਸ ਦੇ ਭਗਤੀ ਦੇ ਕੰਮ ਜੋ ਯਾਹਵੇਹ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ, ਆਦਿ ਤੋਂ ਅੰਤ ਤੱਕ ਸਾਰੀਆਂ ਘਟਨਾਵਾਂ ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.