Skip to content
BibleKenya

Biblica® Open Punjabi Contemporary Version 2025

2 ਇਤਿਹਾਸ 30

ਹਿਜ਼ਕੀਯਾਹ ਦਾ ਪਸਾਹ ਦਾ ਤਿਉਹਾਰ ਮਨਾਉਣ

ਹਿਜ਼ਕੀਯਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਨੂੰ ਸੰਦੇਸ਼ ਭੇਜਿਆ ਅਤੇ ਇਫ਼ਰਾਈਮ ਅਤੇ ਮਨੱਸ਼ੇਹ ਨੂੰ ਵੀ ਚਿੱਠੀਆਂ ਲਿਖੀਆਂ, ਉਹਨਾਂ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਵਿੱਚ ਆਉਣ ਦਾ ਸੱਦਾ ਦਿੱਤਾ ਅਤੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੇ ਲਈ ਪਸਾਹ ਮਨਾਉਣ ਦਾ ਸੱਦਾ ਦਿੱਤਾ। ਪਾਤਸ਼ਾਹ ਅਤੇ ਉਸਦੇ ਅਧਿਕਾਰੀਆਂ ਅਤੇ ਯੇਰੂਸ਼ਲੇਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਪਸਾਹ ਮਨਾਉਣ ਦਾ ਫ਼ੈਸਲਾ ਕੀਤਾ। ਉਹ ਉਸ ਵੇਲੇ ਉਸ ਨੂੰ ਮਨਾ ਨਾ ਸਕੇ ਇਸ ਲਈ ਕਿ ਜਾਜਕਾਂ ਨੇ ਕਾਫ਼ੀ ਗਿਣਤੀ ਵਿੱਚ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਅਤੇ ਲੋਕੀ ਵੀ ਯੇਰੂਸ਼ਲੇਮ ਵਿੱਚ ਇਕੱਠੇ ਨਹੀਂ ਹੋਏ ਸਨ। ਇਹ ਯੋਜਨਾ ਰਾਜੇ ਅਤੇ ਸਾਰੀ ਸਭਾ ਨੂੰ ਸਹੀ ਜਾਪਦੀ ਸੀ। ਸੋ ਉਹਨਾਂ ਨੇ ਇੱਕ ਹੁਕਮ ਜਾਰੀ ਕੀਤਾ ਕਿ ਬੇਰਸ਼ੇਬਾ ਤੋਂ ਦਾਨ ਤੀਕ ਸਾਰੇ ਇਸਰਾਏਲ ਵਿੱਚ ਡੌਂਡੀ ਪਿਟਵਾਈ ਜਾਵੇ ਕਿ ਯੇਰੂਸ਼ਲੇਮ ਵਿੱਚ ਆ ਕੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਲਈ ਪਸਾਹ ਮਨਾਈ ਜਾਵੇ ਕਿਉਂ ਜੋ ਉਹਨਾਂ ਨੇ ਬਹੁਤਿਆਂ ਦਿਨਾਂ ਤੋਂ ਜਿਵੇਂ ਲਿਖਿਆ ਹੈ ਉਸ ਨੂੰ ਨਹੀਂ ਮਨਾਇਆ ਸੀ।

ਰਾਜੇ ਦੇ ਹੁਕਮ ਤੇ, ਰਾਜੇ ਅਤੇ ਉਸ ਦੇ ਅਧਿਕਾਰੀਆਂ ਦੀਆਂ ਚਿੱਠੀਆਂ ਲੈ ਕੇ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਭੇਜੇ ਗਏ, ਜਿਨ੍ਹਾਂ ਵਿੱਚ ਲਿਖਿਆ ਸੀ:

“ਇਸਰਾਏਲ ਦੇ ਲੋਕੋ, ਅਬਰਾਹਾਮ, ਇਸਹਾਕ ਅਤੇ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਵੱਲ ਵਾਪਸ ਜਾਓ, ਤਾਂ ਜੋ ਉਹ ਤੁਹਾਡੇ ਕੋਲ ਜਿਹੜੇ ਬਚੇ ਹੋਏ ਹਨ, ਜਿਹੜੇ ਅੱਸ਼ੂਰ ਦੇ ਰਾਜਿਆਂ ਦੇ ਹੱਥੋਂ ਬਚ ਗਏ ਹਨ ਵਾਪਸ ਆ ਜਾਵੇ। ਅਤੇ ਤੁਸੀਂ ਆਪਣੇ ਪਿਉ ਦਾਦਿਆਂ ਅਤੇ ਭਰਾਵਾਂ ਵਰਗੇ ਨਾ ਬਣੋ ਜਿਨ੍ਹਾਂ ਨੇ ਯਾਹਵੇਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ਵਰ ਨਾਲ ਬੇਈਮਾਨੀ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਭੈਜਲ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਵੇਖਦੇ ਹੋ। ਹੱਠੀਏ ਨਾ ਬਣੋ, ਜਿਵੇਂ ਤੁਹਾਡੇ ਪੁਰਖੇ ਸਨ ਸਗੋਂ ਯਾਹਵੇਹ ਦੇ ਅਧੀਨ ਹੋ ਜਾਓ। ਉਸ ਦੀ ਸ਼ਰਨ ਵਿੱਚ ਆਓ, ਜਿਸ ਨੂੰ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ। ਆਪਣੇ ਪਰਮੇਸ਼ਵਰ ਦੀ ਸੇਵਾ ਕਰੋ, ਤਾਂ ਜੋ ਉਸਦਾ ਭਿਆਨਕ ਕ੍ਰੋਧ ਤੁਹਾਡੇ ਤੋਂ ਹਟ ਜਾਵੇ। ਜੇ ਤੁਸੀਂ ਯਾਹਵੇਹ ਵੱਲ ਵਾਪਸ ਆਉਂਦੇ ਹੋ, ਤਾਂ ਤੁਹਾਡੇ ਸਾਥੀ ਇਸਰਾਏਲੀ ਅਤੇ ਤੁਹਾਡੇ ਬੱਚਿਆਂ ਨੂੰ ਉਹਨਾਂ ਦੇ ਗ਼ੁਲਾਮਾਂ ਦੁਆਰਾ ਤਰਸ ਕੀਤਾ ਜਾਵੇਗਾ ਅਤੇ ਉਹ ਇਸ ਧਰਤੀ ਉੱਤੇ ਵਾਪਸ ਆ ਜਾਣਗੇ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਮਿਹਰਬਾਨ ਅਤੇ ਦਿਆਲੂ ਹੈ। ਜੇਕਰ ਤੁਸੀਂ ਉਸ ਵੱਲ ਮੁੜਦੇ ਹੋ ਤਾਂ ਉਹ ਤੁਹਾਡੇ ਤੋਂ ਮੂੰਹ ਨਹੀਂ ਮੋੜੇਗਾ।”

ਸੰਦੇਸ਼ਵਾਹਕ ਇਫ਼ਰਾਈਮ ਅਤੇ ਮਨੱਸ਼ੇਹ ਵਿੱਚ ਜ਼ਬੂਲੁਨ ਤੱਕ ਕਸਬੇ-ਸ਼ਹਿਰ ਜਾਂਦੇ ਸਨ, ਪਰ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ। ਫਿਰ ਵੀ, ਆਸ਼ੇਰ, ਮਨੱਸ਼ੇਹ ਅਤੇ ਜ਼ਬੂਲੁਨ ਵਿੱਚੋਂ ਕੁਝ ਨੇ ਆਪਣੇ ਆਪ ਨੂੰ ਨਿਮਰ ਬਣਾਇਆ ਅਤੇ ਯੇਰੂਸ਼ਲੇਮ ਨੂੰ ਚਲੇ ਗਏ। ਯਹੂਦਾਹ ਵਿੱਚ ਵੀ ਪਰਮੇਸ਼ਵਰ ਦਾ ਹੱਥ ਲੋਕਾਂ ਉੱਤੇ ਸੀ ਤਾਂ ਜੋ ਉਹਨਾਂ ਨੂੰ ਮਨ ਦੀ ਏਕਤਾ ਪ੍ਰਦਾਨ ਕੀਤੀ ਜਾ ਸਕੇ ਤਾਂ ਜੋ ਰਾਜੇ ਅਤੇ ਉਸਦੇ ਅਧਿਕਾਰੀਆਂ ਨੇ ਯਾਹਵੇਹ ਦੇ ਬਚਨ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਹੋਵੇ।

ਦੂਜੇ ਮਹੀਨੇ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਉਣ ਲਈ ਲੋਕਾਂ ਦੀ ਇੱਕ ਬਹੁਤ ਵੱਡੀ ਭੀੜ ਯੇਰੂਸ਼ਲੇਮ ਵਿੱਚ ਇਕੱਠੀ ਹੋਈ। ਉਹਨਾਂ ਨੇ ਯੇਰੂਸ਼ਲੇਮ ਦੀਆਂ ਜਗਵੇਦੀਆਂ ਨੂੰ ਹਟਾ ਦਿੱਤਾ ਅਤੇ ਧੂਪ ਦੀਆਂ ਜਗਵੇਦੀਆਂ ਨੂੰ ਸਾਫ਼ ਕਰਕੇ ਕਿਦਰੋਨ ਘਾਟੀ ਵਿੱਚ ਸੁੱਟ ਦਿੱਤਾ।

ਉਹਨਾਂ ਨੇ ਦੂਜੇ ਮਹੀਨੇ ਦੀ ਚੌਦਵੀਂ ਤਾਰੀਖ਼ ਨੂੰ ਪਸਾਹ ਦੇ ਲੇਲੇ ਨੂੰ ਵੱਢਿਆ। ਜਾਜਕਾਂ ਅਤੇ ਲੇਵੀਆਂ ਨੇ ਸ਼ਰਮਿੰਦਾ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਯਾਹਵੇਹ ਦੇ ਭਵਨ ਵਿੱਚ ਹੋਮ ਦੀਆਂ ਭੇਟਾਂ ਲੈ ਕੇ ਆਏ। ਫਿਰ ਉਹਨਾਂ ਨੇ ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਦੀ ਬਿਵਸਥਾ ਵਿੱਚ ਦਰਸਾਏ ਅਨੁਸਾਰ ਆਪਣਾ ਨਿਯਮਿਤ ਅਹੁਦਾ ਸੰਭਾਲ ਲਿਆ। ਜਾਜਕਾਂ ਨੇ ਲੇਵੀਆਂ ਦੁਆਰਾ ਉਹਨਾਂ ਨੂੰ ਦਿੱਤਾ ਲਹੂ ਜਗਵੇਦੀ ਉੱਤੇ ਛਿੜਕਿਆ। ਕਿਉਂਕਿ ਭੀੜ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ, ਇਸ ਲਈ ਲੇਵੀਆਂ ਨੂੰ ਉਹਨਾਂ ਸਾਰਿਆਂ ਲਈ ਪਸਾਹ ਦੇ ਲੇਲਿਆਂ ਨੂੰ ਮਾਰਨਾ ਪਿਆ ਜੋ ਰਸਮੀ ਤੌਰ ਤੇ ਸ਼ੁੱਧ ਨਹੀਂ ਸਨ ਅਤੇ ਆਪਣੇ ਲੇਲੇ ਨੂੰ ਯਾਹਵੇਹ ਲਈ ਪਵਿੱਤਰ ਨਹੀਂ ਕਰ ਸਕਦੇ ਸਨ। ਭਾਵੇਂ ਇਫ਼ਰਾਈਮ, ਮਨੱਸ਼ੇਹ, ਯਿੱਸਾਕਾਰ ਅਤੇ ਜ਼ਬੂਲੁਨ ਤੋਂ ਆਏ ਬਹੁਤਿਆਂ ਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਕੀਤਾ ਸੀ, ਤਾਂ ਵੀ ਉਹਨਾਂ ਨੇ ਪਸਾਹ ਦਾ ਭੋਜਨ ਖਾਧਾ ਜੋ ਲਿਖਿਆ ਹੋਇਆ ਸੀ। ਪਰ ਹਿਜ਼ਕੀਯਾਹ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ, “ਯਾਹਵੇਹ, ਜੋ ਭਲਾ ਹੈ, ਹਰ ਉਸ ਵਿਅਕਤੀ ਨੂੰ ਮਾਫ਼ ਕਰੇ ਜੋ ਆਪਣੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੂੰ ਭਾਲਣ ਲਈ ਆਪਣਾ ਦਿਲ ਲਗਾਉਂਦੇ ਹਨ। ਭਾਵੇਂ ਉਹ ਪਵਿੱਤਰ ਅਸਥਾਨ ਦੇ ਨਿਯਮਾਂ ਅਨੁਸਾਰ ਸਾਫ਼ ਵੀ ਨਹੀਂ ਹਨ।” ਅਤੇ ਯਾਹਵੇਹ ਨੇ ਹਿਜ਼ਕੀਯਾਹ ਨੂੰ ਸੁਣਿਆ ਅਤੇ ਲੋਕਾਂ ਨੂੰ ਚੰਗਾ ਕੀਤਾ।

ਅਤੇ ਜਿਹੜੇ ਇਸਰਾਏਲੀ ਯੇਰੂਸ਼ਲੇਮ ਵਿੱਚ ਮੌਜੂਦ ਸਨ ਉਹਨਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਅਤੇ ਲੇਵੀ ਅਰ ਜਾਜਕ ਉੱਚੀ ਸੁਰ ਦੇ ਵਾਜਿਆਂ ਨਾਲ ਯਾਹਵੇਹ ਦੇ ਦਰਬਾਰ ਵਿੱਚ ਗਾ-ਗਾ ਕੇ ਹਮੇਸ਼ਾ ਯਾਹਵੇਹ ਦੀ ਉਸਤਤ ਕਰਦੇ ਰਹੇ।

ਹਿਜ਼ਕੀਯਾਹ ਨੇ ਸਾਰੇ ਲੇਵੀਆਂ ਨੂੰ ਹੌਸਲਾ ਦਿੱਤਾ, ਜਿਨ੍ਹਾਂ ਨੇ ਯਾਹਵੇਹ ਦੀ ਸੇਵਾ ਬਾਰੇ ਚੰਗੀ ਸਮਝ ਦਿਖਾਈ। ਸੱਤਾਂ ਦਿਨਾਂ ਤੱਕ ਉਹਨਾਂ ਨੇ ਆਪਣਾ ਦਿੱਤਾ ਹੋਇਆ ਹਿੱਸਾ ਖਾਧਾ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਦੀ ਉਸਤਤ ਕੀਤੀ।

ਸਾਰੀ ਸਭਾ ਫਿਰ ਸੱਤ ਦਿਨ ਹੋਰ ਤਿਉਹਾਰ ਮਨਾਉਣ ਲਈ ਸਹਿਮਤ ਹੋ ਗਈ ਅਤੇ ਇਸ ਲਈ ਉਹਨਾਂ ਨੇ ਹੋਰ ਸੱਤ ਦਿਨ ਖੁਸ਼ੀ ਨਾਲ ਮਨਾਇਆ। ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਸਭਾ ਲਈ ਇੱਕ ਹਜ਼ਾਰ ਬਲਦ ਅਤੇ ਸੱਤ ਹਜ਼ਾਰ ਭੇਡਾਂ ਅਤੇ ਬੱਕਰੀਆਂ ਦਿੱਤੀਆਂ ਅਤੇ ਅਧਿਕਾਰੀਆਂ ਨੇ ਉਹਨਾਂ ਨੂੰ ਇੱਕ ਹਜ਼ਾਰ ਬਲਦ ਅਤੇ ਦਸ ਹਜ਼ਾਰ ਭੇਡਾਂ ਅਤੇ ਬੱਕਰੀਆਂ ਦਿੱਤੀਆਂ। ਬਹੁਤ ਸਾਰੇ ਪੁਜਾਰੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ। ਯਹੂਦਾਹ ਦੀ ਸਾਰੀ ਸਭਾ, ਜਾਜਕਾਂ, ਲੇਵੀਆਂ ਅਤੇ ਇਸਰਾਏਲ ਤੋਂ ਆਏ ਸਾਰੇ ਲੋਕਾਂ ਸਮੇਤ, ਇਸਰਾਏਲ ਤੋਂ ਆਏ ਵਿਦੇਸ਼ੀ ਅਤੇ ਯਹੂਦਾਹ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਅਨੰਦ ਕੀਤਾ। ਯੇਰੂਸ਼ਲੇਮ ਵਿੱਚ ਬਹੁਤ ਖੁਸ਼ੀ ਹੋਈ ਕਿਉਂ ਜੋ ਇਸਰਾਏਲ ਦੇ ਰਾਜਾ ਦਾਵੀਦ ਦੇ ਪੁੱਤਰ ਸ਼ਲੋਮੋਨ ਦੇ ਦਿਨਾਂ ਤੋਂ ਯੇਰੂਸ਼ਲੇਮ ਵਿੱਚ ਅਜਿਹਾ ਕੁਝ ਨਹੀਂ ਸੀ ਹੋਇਆ। ਜਾਜਕ ਅਤੇ ਲੇਵੀ ਲੋਕਾਂ ਨੂੰ ਅਸੀਸ ਦੇਣ ਲਈ ਖੜ੍ਹੇ ਹੋਏ, ਅਤੇ ਪਰਮੇਸ਼ਵਰ ਨੇ ਉਹਨਾਂ ਦੀ ਪ੍ਰਾਰਥਨਾ ਸੁਣੀ, ਕਿਉਂਕਿ ਉਹਨਾਂ ਦੀਆਂ ਦੀ ਪ੍ਰਾਰਥਨਾ ਉਸਦੇ ਪਵਿੱਤਰ ਨਿਵਾਸ ਸਥਾਨ ਤੋਂ ਸਵਰਗ ਤੱਕ ਪਹੁੰਚ ਗਈ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.