Biblica® Open Punjabi Contemporary Version 2025
2 ਇਤਿਹਾਸ 28
ਆਹਾਜ਼ ਯਹੂਦਾ ਦਾ ਰਾਜਾ
ਆਹਾਜ਼ ਵੀਹ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਸੋਲਾਂ ਸਾਲ ਰਾਜ ਕੀਤਾ। ਉਸ ਨੇ ਉਹ ਕੰਮ ਨਾ ਕੀਤੇ ਜੋ ਯਾਹਵੇਹ ਦੀ ਨਿਗਾਹ ਵਿੱਚ ਠੀਕ ਸਨ ਜਿਵੇਂ ਉਸ ਦੇ ਪਿਤਾ ਦਾਵੀਦ ਨੇ ਕੀਤੇ ਸਨ। ਉਹ ਇਸਰਾਏਲ ਦੇ ਰਾਜਿਆਂ ਦੇ ਰਾਹਾਂ ਉੱਤੇ ਚੱਲਿਆ ਅਤੇ ਬਆਲ ਦੇਵਤਿਆਂ ਦੀ ਪੂਜਾ ਕਰਨ ਲਈ ਮੂਰਤੀਆਂ ਵੀ ਬਣਾਈਆਂ। ਉਸ ਨੇ ਬੇਨ-ਹਿੰਨੋਮ ਦੀ ਵਾਦੀ ਵਿੱਚ ਬਲੀਆਂ ਚੜ੍ਹਾਈਆਂ ਅਤੇ ਆਪਣੇ ਬੱਚਿਆਂ ਨੂੰ ਅੱਗ ਵਿੱਚ ਬਲੀ ਚੜ੍ਹਾ ਦਿੱਤਾ ਅਤੇ ਉਹਨਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਹਮਣੇ ਬਾਹਰ ਕੱਢ ਦਿੱਤਾ ਸੀ। ਉਹ ਉੱਚੀਆਂ ਥਾਵਾਂ ਉੱਤੇ ਅਤੇ ਪਹਾੜੀਆਂ ਦੀਆਂ ਚੋਟੀਆਂ ਉੱਤੇ ਅਤੇ ਹਰ ਫੈਲੇ ਹੋਏ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਈਆਂ ਅਤੇ ਧੂਪ ਧੁਖਾਉਂਦਾ ਹੁੰਦਾ ਸੀ।
ਇਸ ਲਈ ਉਸ ਦੇ ਪਰਮੇਸ਼ਵਰ ਨੇ ਉਸ ਨੂੰ ਅਰਾਮ ਦੇ ਰਾਜੇ ਦੇ ਹੱਥਾਂ ਵਿੱਚ ਸੌਂਪ ਦਿੱਤਾ। ਅਰਾਮੀਆਂ ਨੇ ਉਸ ਨੂੰ ਹਰਾਇਆ ਅਤੇ ਉਸ ਦੇ ਬਹੁਤ ਸਾਰੇ ਲੋਕਾਂ ਨੂੰ ਕੈਦੀ ਬਣਾ ਲਿਆ ਅਤੇ ਦੰਮਿਸ਼ਕ ਵਿੱਚ ਲੈ ਆਏ।
ਉਸ ਨੂੰ ਇਸਰਾਏਲ ਦੇ ਰਾਜੇ ਦੇ ਹੱਥਾਂ ਵਿੱਚ ਵੀ ਸੌਂਪ ਦਿੱਤਾ ਗਿਆ ਸੀ, ਜਿਸ ਨੇ ਉਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਇੱਕ ਦਿਨ ਵਿੱਚ ਰਮਲਯਾਹ ਦੇ ਪੁੱਤਰ ਪੇਕਾਹ ਨੇ ਯਹੂਦਾਹ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਸਿਪਾਹੀਆਂ ਨੂੰ ਮਾਰ ਦਿੱਤਾ, ਕਿਉਂਕਿ ਯਹੂਦਾਹ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਨੂੰ ਤਿਆਗ ਦਿੱਤਾ ਸੀ। ਜ਼ਿਕਰੀ, ਜੋ ਇਫ਼ਰਾਈਮ ਦਾ ਇੱਕ ਸੂਰਮਾ ਸੀ, ਮਅਸੇਯਾਹ ਰਾਜਕੁਮਾਰ ਨੂੰ ਅਤੇ ਮਹਿਲ ਦੇ ਹਾਕਮ ਅਜ਼ਰੀਕਾਮ ਨੂੰ ਅਤੇ ਪਾਤਸ਼ਾਹ ਦੇ ਵਜ਼ੀਰ ਅਲਕਾਨਾਹ ਨੂੰ ਮਾਰ ਸੁੱਟਿਆ। ਇਸਰਾਏਲ ਦੇ ਮਨੁੱਖਾਂ ਨੇ ਆਪਣੇ ਭਰਾਵਾਂ ਇਸਰਾਏਲੀਆਂ ਤੋਂ ਜਿਹੜੇ ਯਹੂਦਾਹ ਦੇ ਸਨ ਦੋ ਲੱਖ ਲੋਕਾਂ ਨੂੰ ਬੰਦੀ ਬਣਾ ਲਿਆ ਜਿਸ ਵਿੱਚ ਪਤਨੀਆਂ, ਪੁੱਤਰ ਅਤੇ ਧੀਆਂ ਸਨ। ਉਹਨਾਂ ਨੇ ਬਹੁਤ ਸਾਰੀ ਲੁੱਟ ਵੀ ਕੀਤੀ, ਜਿਸ ਨੂੰ ਉਹ ਸਾਮਰਿਯਾ ਵਾਪਸ ਲੈ ਗਏ।
ਪਰ ਓਦੇਦ ਨਾਂ ਦਾ ਯਾਹਵੇਹ ਦਾ ਇੱਕ ਨਬੀ ਉੱਥੇ ਸੀ, ਅਤੇ ਜਦੋਂ ਉਹ ਸਾਮਰਿਯਾ ਵਾਪਸ ਆਇਆ ਤਾਂ ਉਹ ਫ਼ੌਜ ਨੂੰ ਮਿਲਣ ਲਈ ਬਾਹਰ ਗਿਆ। ਉਸ ਨੇ ਉਹਨਾਂ ਨੂੰ ਕਿਹਾ, “ਕਿਉਂਕਿ ਤੁਹਾਡੇ ਪੁਰਖਿਆਂ ਦਾ ਯਾਹਵੇਹ, ਯਹੂਦਾਹ ਉੱਤੇ ਗੁੱਸੇ ਸੀ, ਇਸ ਲਈ ਉਸ ਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ। ਪਰ ਉਹਨਾਂ ਦੀ ਦੁਹਾਈ ਅਕਾਸ਼ ਤੱਕ ਪਹੁੰਚੀ ਹੈ ਸੋ ਪਰਮੇਸ਼ਵਰ ਹੁਣ ਤੁਹਾਡੇ ਨਾਲ ਨਾਰਾਜ਼ ਹੈ। ਹੁਣ ਯਹੂਦਾਹ ਅਤੇ ਯੇਰੂਸ਼ਲੇਮ ਦੀ ਵੰਸ਼ ਨੂੰ ਕੀ ਤੁਸੀਂ ਆਪਣੇ ਗੋਲੇ ਅਤੇ ਗੋਲੀਆਂ ਬਣਾ ਕੇ ਉਹਨਾਂ ਨੂੰ ਦਬਾਈ ਰੱਖੋਗੇ? ਪਰ ਕੀ ਤੁਹਾਡੇ ਹੀ ਪਾਪ ਜਿਹੜੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਵਿਰੁੱਧ ਕੀਤੇ ਹਨ ਤੁਹਾਡੇ ਸਿਰ ਨਹੀਂ? ਹੁਣ ਮੇਰੀ ਗੱਲ ਸੁਣੋ! ਆਪਣੇ ਸੰਗੀ ਇਸਰਾਏਲੀਆਂ ਨੂੰ ਵਾਪਸ ਭੇਜੋ ਜਿਨ੍ਹਾਂ ਨੂੰ ਤੁਸੀਂ ਕੈਦੀ ਬਣਾ ਲਿਆ ਹੈ, ਕਿਉਂਕਿ ਯਾਹਵੇਹ ਦਾ ਭਿਆਨਕ ਕ੍ਰੋਧ ਤੁਹਾਡੇ ਉੱਤੇ ਹੈ।”
ਫਿਰ ਇਫ਼ਰਾਈਮ ਦੇ ਕੁਝ ਆਗੂਆਂ ਨੇ ਯਹੋਹਾਨਾਨ ਦਾ ਪੁੱਤਰ ਅਜ਼ਰਯਾਹ, ਮਸ਼ੀਲੇਮੋਥ ਦਾ ਪੁੱਤਰ ਬਰਕਯਾਹ, ਸ਼ੱਲੂਮ ਦਾ ਪੁੱਤਰ ਹਿਜ਼ਕੀਯਾਹ ਅਤੇ ਹਦਲਈ ਦਾ ਪੁੱਤਰ ਅਮਾਸਾ ਉਹਨਾਂ ਲੋਕਾਂ ਦਾ ਸਾਹਮਣਾ ਕੀਤਾ ਜਿਹੜੇ ਯੁੱਧ ਤੋਂ ਆ ਰਹੇ ਸਨ। ਉਹਨਾਂ ਨੇ ਕਿਹਾ, “ਤੁਹਾਨੂੰ ਉਹਨਾਂ ਕੈਦੀਆਂ ਨੂੰ ਇੱਥੇ ਨਹੀਂ ਲਿਆਉਣਾ ਚਾਹੀਦਾ, ਨਹੀਂ ਤਾਂ ਅਸੀਂ ਯਾਹਵੇਹ ਦੇ ਸਾਹਮਣੇ ਦੋਸ਼ੀ ਹੋਵਾਂਗੇ। ਕੀ ਤੁਸੀਂ ਸਾਡੇ ਪਾਪ ਅਤੇ ਦੋਸ਼ ਵਿੱਚ ਵਾਧਾ ਕਰਨ ਦਾ ਇਰਾਦਾ ਰੱਖਦੇ ਹੋ? ਕਿਉਂਕਿ ਸਾਡਾ ਦੋਸ਼ ਪਹਿਲਾਂ ਹੀ ਬਹੁਤ ਵੱਡਾ ਹੈ, ਅਤੇ ਉਸਦਾ ਭਿਆਨਕ ਕ੍ਰੋਧ ਇਸਰਾਏਲ ਉੱਤੇ ਹੈ।”
ਇਸ ਲਈ ਉਹਨਾਂ ਸ਼ਸਤਰ ਧਾਰੀ ਲੋਕਾਂ ਨੇ ਬੰਧੂਆਂ ਅਤੇ ਲੁੱਟ ਦੇ ਮਾਲ ਨੂੰ ਸਰਦਾਰਾਂ ਅਤੇ ਸਾਰੀ ਸਭਾ ਦੇ ਸਾਹਮਣੇ ਛੱਡ ਦਿੱਤਾ। ਅਤੇ ਉਹ ਮਨੁੱਖ ਜਿਨ੍ਹਾਂ ਦੇ ਨਾਮ ਲਏ ਗਏ ਹਨ ਉੱਠੇ ਅਤੇ ਬੰਧੂਆਂ ਨੂੰ ਸੰਭਾਲਿਆ ਅਤੇ ਲੁੱਟ ਦੇ ਮਾਲ ਵਿੱਚੋਂ ਉਹਨਾਂ ਸਾਰਿਆਂ ਨੂੰ ਜੋ ਉਹਨਾਂ ਵਿੱਚ ਨੰਗੇ ਸਨ ਕੱਪੜੇ ਪਵਾਏ ਅਤੇ ਉਹਨਾਂ ਦੇ ਪੈਰੀਂ ਜੁੱਤੀਆਂ ਪਵਾਈਆਂ ਅਤੇ ਉਹਨਾਂ ਨੂੰ ਖਾਣ ਪੀਣ ਲਈ ਦਿੱਤਾ ਅਤੇ ਉਹਨਾਂ ਉੱਤੇ ਤੇਲ ਮਲਿਆ ਅਤੇ ਉਹਨਾਂ ਵਿੱਚੋਂ ਜਿਹੜੇ ਲਿੱਸੇ ਸਨ ਉਹਨਾਂ ਨੂੰ ਗਧਿਆ ਦੇ ਉੱਤੇ ਚੜ੍ਹਾ ਕੇ ਖਜੂਰਾਂ ਦੇ ਬਿਰਛਾਂ ਦੇ ਸ਼ਹਿਰ ਯਰੀਹੋ ਵਿੱਚ ਉਹਨਾਂ ਦੇ ਭਰਾਵਾਂ ਦੇ ਕੋਲ ਪਹੁੰਚਾ ਦਿੱਤਾ ਤਾਂ ਓਹ ਸਾਮਰਿਯਾ ਨੂੰ ਮੁੜ ਪਏ।
ਉਸ ਸਮੇਂ ਰਾਜਾ ਆਹਾਜ਼ ਨੇ ਅੱਸ਼ੂਰ ਦੇ ਰਾਜੇ ਨੂੰ ਮਦਦ ਲਈ ਭੇਜਿਆ। ਅਦੋਮੀਆਂ ਨੇ ਫੇਰ ਆ ਕੇ ਯਹੂਦਾਹ ਉੱਤੇ ਹਮਲਾ ਕੀਤਾ ਅਤੇ ਕੈਦੀਆਂ ਨੂੰ ਚੁੱਕ ਕੇ ਲੈ ਗਏ, ਜਦੋਂ ਕਿ ਫ਼ਲਿਸਤੀਆਂ ਨੇ ਯਹੂਦਾਹ ਦੇ ਨੇਗੇਵ ਅਤੇ ਪਹਾੜੀਆਂ ਦੇ ਕਸਬਿਆਂ ਉੱਤੇ ਹਮਲਾ ਕੀਤਾ ਸੀ। ਉਹਨਾਂ ਨੇ ਆਪਣੇ ਆਲੇ-ਦੁਆਲੇ ਦੇ ਪਿੰਡਾਂ ਸਮੇਤ ਬੈਥ-ਸ਼ੇਮੇਸ਼, ਅੱਯਾਲੋਨ ਅਤੇ ਗਦੇਰੋਥ ਦੇ ਨਾਲ-ਨਾਲ ਸੋਕੋ, ਤਿਮਨਾਹ ਅਤੇ ਗਿਮਜ਼ੋ ਉੱਤੇ ਕਬਜ਼ਾ ਕਰ ਲਿਆ। ਕਿਉਂ ਜੋ ਯਾਹਵੇਹ ਨੇ ਇਸਰਾਏਲ ਦੇ ਪਾਤਸ਼ਾਹ ਆਹਾਜ਼ ਦੇ ਕਾਰਨ ਯਹੂਦਾਹ ਨੂੰ ਅਧੀਨ ਕੀਤਾ ਇਸ ਲਈ ਕਿ ਉਹ ਨੇ ਯਹੂਦਾਹ ਵਿੱਚ ਅਵਾਰਾ ਚਾਲ ਚੱਲ ਕੇ ਯਾਹਵੇਹ ਦੀ ਵੱਡੀ ਬੇਈਮਾਨੀ ਕੀਤੀ ਸੀ। ਅੱਸ਼ੂਰ ਦਾ ਰਾਜਾ ਤਿਗਲਥ-ਪਿਲੇਸਰ ਉਸ ਕੋਲ ਆਇਆ, ਪਰ ਉਸ ਨੇ ਮਦਦ ਦੀ ਬਜਾਏ ਉਸ ਨੂੰ ਮੁਸੀਬਤ ਦਿੱਤੀ। ਭਾਵੇਂ ਹੀ ਆਹਾਜ਼ ਨੇ ਯਾਹਵੇਹ ਦੇ ਭਵਨ ਅਤੇ ਰਾਜਾ ਅਤੇ ਸ਼ਾਹੀ ਮਹਿਲ ਵਿੱਚੋਂ ਮਾਲ ਲੈ ਕੇ ਅੱਸ਼ੂਰ ਦੇ ਰਾਜਾ ਨੂੰ ਦਿੱਤਾ ਪਰ ਤਾਂ ਵੀ ਉਸ ਦੀ ਕੁਝ ਸਹਾਇਤਾ ਨਾ ਕੀਤੀ।
ਆਪਣੇ ਮੁਸੀਬਤ ਦੇ ਸਮੇਂ ਵਿੱਚ ਰਾਜਾ ਆਹਾਜ਼ ਯਾਹਵੇਹ ਲਈ ਹੋਰ ਵੀ ਬੇਵਫ਼ਾ ਹੋ ਗਿਆ। ਉਸ ਨੇ ਦੰਮਿਸ਼ਕ ਦੇ ਦੇਵਤਿਆਂ ਲਈ ਜਿਨ੍ਹਾਂ ਨੇ ਉਹ ਨੂੰ ਮਾਰਿਆ ਸੀ ਬਲੀਆਂ ਚੜ੍ਹਾਈਆਂ ਅਤੇ ਆਖਿਆ ਕਿ ਅਰਾਮ ਦੇ ਪਾਤਸ਼ਾਹਾਂ ਦੇ ਦੇਵਤਿਆਂ ਨੇ ਉਹਨਾਂ ਦੀ ਸਹਾਇਤਾ ਕੀਤੀ ਸੀ ਸੋ ਮੈਂ ਵੀ ਉਹਨਾਂ ਲਈ ਬਲੀਦਾਨ ਕਰਾਂਗਾ ਤਾਂ ਜੋ ਉਹ ਮੇਰੀ ਸਹਾਇਤਾ ਕਰਨ ਪਰ ਉਹ ਉਸ ਦੀ ਅਤੇ ਸਾਰੇ ਇਸਰਾਏਲ ਦੀ ਤਬਾਹੀ ਦਾ ਕਾਰਨ ਬਣੇ।
ਆਹਾਜ਼ ਨੇ ਪਰਮੇਸ਼ਵਰ ਦੇ ਭਵਨ ਵਿੱਚੋਂ ਸਮਾਨ ਇਕੱਠਾ ਕੀਤਾ ਅਤੇ ਉਹਨਾਂ ਦੇ ਟੁਕੜੇ ਕਰ ਦਿੱਤੇ। ਉਸ ਨੇ ਯਾਹਵੇਹ ਦੇ ਭਵਨ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਯੇਰੂਸ਼ਲੇਮ ਦੇ ਹਰ ਗਲੀ ਦੇ ਕੋਨੇ ਤੇ ਜਗਵੇਦੀਆਂ ਸਥਾਪਿਤ ਕੀਤੀਆਂ। ਯਹੂਦਾਹ ਦੇ ਹਰ ਕਸਬੇ ਵਿੱਚ ਉਸਨੇ ਦੂਜੇ ਦੇਵਤਿਆਂ ਨੂੰ ਬਲ਼ੀਆਂ ਚੜ੍ਹਾਉਣ ਲਈ ਉੱਚੇ ਸਥਾਨ ਬਣਾਏ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਦਾ ਗੁੱਸਾ ਭੜਕਾਇਆ।
ਉਸ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਉਸ ਦੇ ਸਾਰੇ ਰਾਹ ਸ਼ੁਰੂ ਤੋਂ ਅੰਤ ਤੱਕ, ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੇ ਹੋਏ ਹਨ। ਆਹਾਜ਼ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਉਹਨਾਂ ਨੇ ਉਸ ਨੂੰ ਯੇਰੂਸ਼ਲੇਮ ਸ਼ਹਿਰ ਵਿੱਚ ਦੱਬ ਦਿੱਤਾ ਕਿਉਂ ਜੋ ਉਹ ਉਸ ਨੂੰ ਇਸਰਾਏਲ ਦੇ ਰਾਜਿਆਂ ਦੀਆਂ ਕਬਰਾਂ ਵਿੱਚ ਨਾ ਲਿਆਏ। ਉਸ ਦਾ ਪੁੱਤਰ ਹਿਜ਼ਕੀਯਾਹ ਉਸ ਤੋਂ ਬਾਅਦ ਰਾਜਾ ਬਣਿਆ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.