Skip to content
BibleKenya

Biblica® Open Punjabi Contemporary Version 2025

2 ਇਤਿਹਾਸ 21

ਫਿਰ ਯਹੋਸ਼ਾਫ਼ਾਟ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਯਹੋਰਾਮ ਉਸਦੇ ਬਾਅਦ ਰਾਜਾ ਬਣਿਆ। ਯਹੋਰਾਮ ਦੇ ਭਰਾ, ਯਹੋਸ਼ਾਫ਼ਾਟ ਦੇ ਪੁੱਤਰ, ਅਜ਼ਰਯਾਹ, ਯਹੀਏਲ, ਜ਼ਕਰਯਾਹ, ਅਜ਼ਰਯਾਹੂ, ਮੀਕਾਏਲ ਅਤੇ ਸ਼ਫ਼ਾਟਯਾਹ ਸਨ। ਇਹ ਸਾਰੇ ਇਸਰਾਏਲ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੇ ਪੁੱਤਰ ਸਨ। ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਸੋਨਾ ਚਾਂਦੀ ਅਤੇ ਬਹੁਮੁੱਲੀਆਂ ਚੀਜ਼ਾਂ ਦੇ ਵੱਡੇ ਇਨਾਮ ਅਤੇ ਯਹੂਦਾਹ ਵਿੱਚ ਗੜ੍ਹਾਂ ਵਾਲੇ ਸ਼ਹਿਰ ਸਣੇ ਦਿੱਤੇ ਪਰ ਰਾਜ ਯਹੋਰਾਮ ਨੂੰ ਦਿੱਤਾ ਕਿਉਂ ਜੋ ਉਹ ਜੇਠਾ ਪੁੱਤਰ ਸੀ।

ਯਹੂਦਾਹ ਦਾ ਰਾਜਾ ਯਹੋਰਾਮ

ਜਦੋਂ ਯਹੋਰਾਮ ਨੇ ਆਪਣੇ ਪਿਤਾ ਦੇ ਰਾਜ ਉੱਤੇ ਆਪਣੇ ਆਪ ਨੂੰ ਪੱਕਾ ਕਰ ਲਿਆ, ਤਾਂ ਉਸ ਨੇ ਇਸਰਾਏਲ ਦੇ ਕੁਝ ਅਧਿਕਾਰੀਆਂ ਸਮੇਤ ਆਪਣੇ ਸਾਰੇ ਭਰਾਵਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਜਦੋਂ ਯਹੋਰਾਮ ਰਾਜ ਕਰਨ ਲੱਗਾ ਤਾਂ ਉਹ ਬੱਤੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਅੱਠ ਸਾਲ ਰਾਜ ਕੀਤਾ। ਉਹ ਇਸਰਾਏਲ ਦੇ ਰਾਜਿਆਂ ਦੇ ਰਾਹਾਂ ਉੱਤੇ ਚੱਲਿਆ, ਜਿਵੇਂ ਅਹਾਬ ਦੇ ਘਰਾਣੇ ਨੇ ਕੀਤਾ ਸੀ ਕਿਉਂਕਿ ਉਸਨੇ ਅਹਾਬ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ। ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ। ਫਿਰ ਵੀ ਯਾਹਵੇਹ ਨੇ ਉਸ ਨੇਮ ਦੇ ਕਾਰਨ ਜੋ ਉਸ ਦਾਵੀਦ ਨਾਲ ਬੰਨ੍ਹਿਆ ਸੀ ਦਾਵੀਦ ਦੇ ਘਰਾਣੇ ਨੂੰ ਨਾਸ ਕਰਨਾ ਨਾ ਚਾਹਿਆ ਕਿਉਂਕਿ ਉਸ ਨੇ ਉਸ ਨਾਲ ਅਤੇ ਉਸ ਦੀ ਵੰਸ਼ ਨਾਲ ਸਦਾ ਲਈ ਇੱਕ ਚਰਾਗ ਜਗਾਈ ਰੱਖਣ ਦਾ ਵਾਅਦਾ ਕੀਤਾ ਸੀ।

ਯਹੋਰਾਮ ਦੇ ਸਮੇਂ ਵਿੱਚ, ਅਦੋਮ ਨੇ ਯਹੂਦਾਹ ਦੇ ਵਿਰੁੱਧ ਬਗਾਵਤ ਕੀਤੀ ਅਤੇ ਆਪਣਾ ਰਾਜਾ ਸਥਾਪਿਤ ਕੀਤਾ। ਇਸ ਲਈ ਯਹੋਰਾਮ ਆਪਣਿਆ ਸੈਨਾਪਤੀ ਅਤੇ ਆਪਣੇ ਸਾਰੇ ਰਥਾਂ ਨੂੰ ਨਾਲ ਲੈ ਕੇ ਬਾਹਰ ਨਿੱਕਲਿਆ ਅਤੇ ਰਾਤ ਨੂੰ ਉੱਠ ਕੇ ਅਦੋਮੀਆਂ ਨੂੰ ਜਿਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਰਥਾਂ ਦੇ ਸਰਦਾਰਾਂ ਨੂੰ ਘੇਰ ਲਿਆ ਸੀ ਮਾਰ ਸੁੱਟਿਆ। ਅੱਜ ਤੱਕ ਅਦੋਮ ਯਹੂਦਾਹ ਦੇ ਵਿਰੁੱਧ ਬਗਾਵਤ ਕਰਦਾ ਰਿਹਾ ਹੈ।

ਉਸੇ ਸਮੇਂ ਲਿਬਨਾਹ ਨੇ ਬਗਾਵਤ ਕੀਤੀ, ਕਿਉਂਕਿ ਯਹੋਰਾਮ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਨੂੰ ਤਿਆਗ ਦਿੱਤਾ ਸੀ। ਇਸ ਤੋਂ ਬਿਨ੍ਹਾਂ ਉਸ ਨੇ ਯਹੂਦਾਹ ਦੇ ਪਰਬਤਾਂ ਉੱਤੇ ਉੱਚੇ ਅਸਥਾਨ ਬਣਾਏ ਅਤੇ ਯੇਰੂਸ਼ਲੇਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਅਤੇ ਯਹੂਦਾਹ ਨੂੰ ਭੁਲੇਖੇ ਵਿੱਚ ਪਾ ਦਿੱਤਾ।

ਯਹੋਰਾਮ ਨੂੰ ਏਲੀਯਾਹ ਨਬੀ ਦੀ ਇੱਕ ਚਿੱਠੀ ਮਿਲੀ, ਜਿਸ ਵਿੱਚ ਲਿਖਿਆ ਸੀ,

“ਯਾਹਵੇਹ ਤੇਰੇ ਪਿਤਾ ਦਾਵੀਦ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ‘ਤੂੰ ਆਪਣੇ ਪਿਤਾ ਯਹੋਸ਼ਾਫ਼ਾਟ ਦੇ ਰਾਹ ਉੱਤੇ ਅਤੇ ਨਾ ਹੀ ਯਹੂਦਾਹ ਦੇ ਰਾਜਾ ਆਸਾ ਦੇ ਰਾਹਾਂ ਉੱਤੇ ਚੱਲਿਆ। ਸਗੋਂ ਇਸਰਾਏਲ ਦੇ ਪਾਤਸ਼ਾਹਾਂ ਦੇ ਰਾਹ ਉੱਤੇ ਤੁਰਿਆ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਜਿਵੇਂ ਅਹਾਬ ਦੇ ਘਰਾਣੇ ਨੇ ਕੀਤਾ ਸੀ ਅਤੇ ਆਪਣੇ ਪਿਤਾ ਦੀ ਅੰਸ ਵਿੱਚੋਂ ਆਪਣੇ ਭਰਾਵਾਂ ਨੂੰ ਜਿਹੜੇ ਤੇਰੇ ਨਾਲੋਂ ਚੰਗੇ ਸਨ ਕਤਲ ਵੀ ਕੀਤਾ। ਇਸ ਲਈ ਹੁਣ ਯਾਹਵੇਹ ਤੇਰੇ ਲੋਕਾਂ, ਤੇਰੇ ਪੁੱਤਰਾਂ, ਤੇਰੀਆਂ ਪਤਨੀਆਂ ਅਤੇ ਤੇਰੀ ਹਰ ਚੀਜ਼ ਨੂੰ ਇੱਕ ਵੱਡੀ ਬਵਾ ਨਾਲ ਮਾਰਨ ਵਾਲਾ ਹੈ। ਅਤੇ ਤੂੰ ਆਂਦਰਾਂ ਦੀ ਬੀਮਾਰੀ ਨਾਲ ਸਖ਼ਤ ਬਿਮਾਰ ਹੋ ਜਾਵੇਂਗਾ ਇੱਥੋਂ ਤੱਕ ਕਿ ਤੇਰੀਆਂ ਆਂਦਰਾਂ ਉਸ ਬੀਮਾਰੀ ਦੇ ਕਾਰਨ ਹਰ ਰੋਜ਼ ਬਾਹਰ ਆਉਣਗੀਆਂ।’ ”

ਯਾਹਵੇਹ ਨੇ ਯਹੋਰਾਮ ਦੇ ਵਿਰੁੱਧ ਫ਼ਲਿਸਤੀਆਂ ਅਤੇ ਕੂਸ਼ੀਆਂ ਦੇ ਨੇੜੇ ਰਹਿੰਦੇ ਅਰਬਾਂ ਦੀ ਦੁਸ਼ਮਣੀ ਨੂੰ ਭੜਕਾਇਆ। ਉਹਨਾਂ ਨੇ ਯਹੂਦਾਹ ਉੱਤੇ ਹਮਲਾ ਕੀਤਾ, ਉਸ ਵਿੱਚ ਆ ਵੜੇ ਅਤੇ ਉਸ ਦੇ ਪੁੱਤਰਾਂ ਅਤੇ ਪਤਨੀਆਂ ਸਮੇਤ ਰਾਜੇ ਦੇ ਮਹਿਲ ਵਿੱਚ ਪਾਇਆ ਸਾਰਾ ਸਮਾਨ ਲੈ ਗਏ। ਸਭ ਤੋਂ ਛੋਟੇ ਯਹੋਆਹਾਜ਼ ਤੋਂ ਬਿਨਾਂ ਉਸ ਦੇ ਲਈ ਕੋਈ ਪੁੱਤਰ ਨਹੀਂ ਬਚਿਆ।

ਅਤੇ ਇਸ ਸਾਰੇ ਦੇ ਮਗਰੋਂ ਯਾਹਵੇਹ ਨੇ ਆਂਦਰਾਂ ਦੀ ਇੱਕ ਅਜਿਹੀ ਬਿਮਾਰੀ ਉਸ ਉੱਤੇ ਆਉਣ ਦਿੱਤੀ ਜਿਸ ਦਾ ਕੋਈ ਇਲਾਜ਼ ਨਹੀਂ ਸੀ। ਅਤੇ ਕੁਝ ਸਮੇਂ ਦੇ ਮਗਰੋਂ ਦੋ ਸਾਲਾਂ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਉਸ ਦੇ ਦੁੱਖ ਦੇ ਕਾਰਨ ਉਸ ਦੀਆਂ ਆਂਦਰਾਂ ਨਿੱਕਲ ਪਈਆਂ ਅਤੇ ਉਹ ਭੈੜੇ ਦਰਦ ਦੇ ਕਾਰਨ ਉਹ ਮਰ ਗਿਆ ਅਤੇ ਉਸ ਦੇ ਲੋਕਾਂ ਨੇ ਉਸ ਦੇ ਲਈ ਅੱਗ ਨਾ ਬਾਲੀ ਜਿਵੇਂ ਉਸ ਦੇ ਪਿਉ ਦਾਦਿਆਂ ਲਈ ਬਾਲਦੇ ਸਨ।

ਜਦੋਂ ਯਹੋਰਾਮ ਰਾਜ ਕਰਨ ਲੱਗਾ ਤਾਂ ਉਹ ਬੱਤੀ ਸਾਲਾਂ ਦਾ ਸੀ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਅੱਠ ਸਾਲ ਰਾਜ ਕੀਤਾ। ਉਹ ਮਰ ਗਿਆ, ਕਿਸੇ ਨੂੰ ਪਛਤਾਵਾ ਨਹੀਂ ਹੋਇਆ, ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਪਰ ਰਾਜਿਆਂ ਦੀਆਂ ਕਬਰਾਂ ਵਿੱਚ ਨਹੀਂ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.