Skip to content
BibleKenya

Biblica® Open Punjabi Contemporary Version 2025

2 ਇਤਿਹਾਸ 18

ਮੀਕਾਯਾਹ ਦੀ ਅਹਾਬ ਦੇ ਵਿਰੁੱਧ ਭਵਿੱਖਬਾਣੀ

ਹੁਣ ਯਹੋਸ਼ਾਫ਼ਾਟ ਕੋਲ ਬਹੁਤ ਦੌਲਤ ਅਤੇ ਇੱਜ਼ਤ ਸੀ ਅਤੇ ਉਸ ਨੇ ਆਪਣੇ ਪੁੱਤਰ ਦਾ ਅਹਾਬ ਦੀ ਧੀ ਨਾਲ ਵਿਆਹ ਕਰਵਾ ਕੇ ਇਸਰਾਏਲ ਦੇ ਅਹਾਬ ਨਾਲ ਸੰਬੰਧ ਜੋੜੇ। ਕੁਝ ਸਾਲਾਂ ਬਾਅਦ ਉਹ ਸਾਮਰਿਯਾ ਵਿੱਚ ਅਹਾਬ ਨੂੰ ਮਿਲਣ ਗਿਆ। ਅਹਾਬ ਨੇ ਆਪਣੇ ਅਤੇ ਆਪਣੇ ਨਾਲ ਦੇ ਲੋਕਾਂ ਲਈ ਬਹੁਤ ਸਾਰੀਆਂ ਭੇਡਾਂ ਅਤੇ ਪਸ਼ੂ ਵੱਢੇ ਅਤੇ ਉਸ ਨੂੰ ਰਾਮੋਥ ਗਿਲਆਦ ਉੱਤੇ ਹਮਲਾ ਕਰਨ ਲਈ ਕਿਹਾ। ਇਸਰਾਏਲ ਦੇ ਰਾਜੇ ਅਹਾਬ ਨੇ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਨੂੰ ਪੁੱਛਿਆ, “ਕੀ ਤੂੰ ਮੇਰੇ ਨਾਲ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਵੇਂਗਾ?”

ਯਹੋਸ਼ਾਫ਼ਾਟ ਨੇ ਉੱਤਰ ਦਿੱਤਾ, “ਮੈਂ ਤੇਰੇ ਵਰਗਾ ਹਾਂ ਅਤੇ ਮੇਰੇ ਲੋਕ ਤੇਰੇ ਲੋਕਾਂ ਵਰਗੇ ਹਨ। ਅਸੀਂ ਤੁਹਾਡੇ ਨਾਲ ਜੰਗ ਵਿੱਚ ਸ਼ਾਮਲ ਹੋਵਾਂਗੇ।” ਪਰ ਯਹੋਸ਼ਾਫ਼ਾਟ ਨੇ ਇਸਰਾਏਲ ਦੇ ਰਾਜੇ ਨੂੰ ਇਹ ਵੀ ਕਿਹਾ, “ਪਹਿਲਾਂ ਯਾਹਵੇਹ ਦੀ ਸਲਾਹ ਲਓ।”

ਇਸ ਲਈ ਇਸਰਾਏਲ ਦੇ ਰਾਜਾ ਨੇ ਨਬੀਆਂ ਨੂੰ ਜੋ ਚਾਰ ਸੌ ਮਨੁੱਖ ਸਨ ਇਕੱਠਾ ਕੀਤਾ, ਅਤੇ ਉਹਨਾਂ ਨੂੰ ਪੁੱਛਿਆ, “ਕੀ ਅਸੀਂ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਈਏ ਜਾਂ ਨਹੀਂ?”

ਉਹਨਾਂ ਨੇ ਉੱਤਰ ਦਿੱਤਾ, “ਤੁਸੀਂ ਜਾਓ, ਕਿਉਂਕਿ ਪਰਮੇਸ਼ਵਰ ਉਸ ਨੂੰ ਰਾਜੇ ਦੇ ਹੱਥ ਵਿੱਚ ਦੇ ਦੇਵੇਗਾ।”

ਪਰ ਯਹੋਸ਼ਾਫ਼ਾਟ ਨੇ ਪੁੱਛਿਆ, “ਕੀ ਹੁਣ ਇੱਥੇ ਯਾਹਵੇਹ ਦਾ ਕੋਈ ਨਬੀ ਨਹੀਂ ਹੈ ਜਿਸ ਤੋਂ ਅਸੀਂ ਪੁੱਛੀਏ?”

ਇਸਰਾਏਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਉੱਤਰ ਦਿੱਤਾ, “ਅਜੇ ਵੀ ਇੱਕ ਨਬੀ ਹੈ ਜਿਸ ਦੇ ਰਾਹੀਂ ਅਸੀਂ ਯਾਹਵੇਹ ਤੋਂ ਪੁੱਛ ਸਕਦੇ ਹਾਂ, ਪਰ ਮੈਂ ਉਸ ਨੂੰ ਨਫ਼ਰਤ ਕਰਦਾ ਹਾਂ ਕਿਉਂਕਿ ਉਹ ਕਦੇ ਵੀ ਮੇਰੇ ਬਾਰੇ ਕੋਈ ਚੰਗੀ ਭਵਿੱਖਬਾਣੀ ਨਹੀਂ ਕਰਦਾ, ਸਗੋਂ ਹਮੇਸ਼ਾ ਬੁਰੀ ਕਰਦਾ ਹੈ। ਉਹ ਇਮਲਾਹ ਦਾ ਪੁੱਤਰ ਮੀਕਾਯਾਹ ਹੈ।”

ਯਹੋਸ਼ਾਫ਼ਾਟ ਨੇ ਉੱਤਰ ਦਿੱਤਾ, “ਰਾਜੇ ਨੂੰ ਅਜਿਹੀ ਗੱਲ ਨਹੀਂ ਆਖਣੀ ਚਾਹੀਦੀ।”

ਇਸ ਲਈ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਇੱਕ ਅਧਿਕਾਰੀ ਨੂੰ ਬੁਲਾ ਕੇ ਕਿਹਾ, “ਇਮਲਾਹ ਦੇ ਪੁੱਤਰ ਮੀਕਾਯਾਹ ਨੂੰ ਇੱਕ ਵਾਰ ਲੈ ਆਉ।”

ਇਸਰਾਏਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਆਪਣੇ ਸ਼ਾਹੀ ਬਸਤਰ ਪਹਿਨੇ ਸਾਮਰਿਯਾ ਦੇ ਦਰਵਾਜ਼ੇ ਦੇ ਕੋਲ ਪਿੜ ਵਿੱਚ ਆਪਣੇ ਸਿੰਘਾਸਣ ਉੱਤੇ ਬੈਠਾ ਸੀ ਅਤੇ ਸਾਰੇ ਨਬੀ ਉਹਨਾਂ ਦੇ ਅੱਗੇ ਭਵਿੱਖਬਾਣੀ ਕਰ ਰਹੇ ਸਨ। ਹੁਣ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਲੋਹੇ ਦੇ ਸਿੰਗ ਬਣਾਏ ਸਨ ਅਤੇ ਉਸ ਨੇ ਐਲਾਨ ਕੀਤਾ, “ਯਾਹਵੇਹ ਇਹ ਆਖਦਾ ਹੈ, ‘ਇਨ੍ਹਾਂ ਨਾਲ ਤੁਸੀਂ ਅਰਾਮੀਆਂ ਨੂੰ ਉਦੋਂ ਤੱਕ ਮਾਰੋਗੇ ਜਦੋਂ ਤੱਕ ਉਹ ਨਾਸ਼ ਨਾ ਹੋ ਜਾਣ।’ ”

ਬਾਕੀ ਸਾਰੇ ਨਬੀ ਵੀ ਇਸੇ ਗੱਲ ਦੀ ਭਵਿੱਖਬਾਣੀ ਕਰ ਰਹੇ ਸਨ। “ਰਾਮੋਥ ਗਿਲਆਦ ਉੱਤੇ ਹਮਲਾ ਕਰੋ ਅਤੇ ਜਿੱਤ ਪ੍ਰਾਪਤ ਕਰੋ, ਕਿਉਂਕਿ ਯਾਹਵੇਹ ਇਸ ਨੂੰ ਰਾਜੇ ਦੇ ਹੱਥ ਵਿੱਚ ਦੇ ਦੇਵੇਗਾ।”

ਜਿਹੜਾ ਸੰਦੇਸ਼ਵਾਹਕ ਮੀਕਾਯਾਹ ਨੂੰ ਬੁਲਾਉਣ ਗਿਆ ਸੀ, ਉਸਨੇ ਉਸ ਨੂੰ ਕਿਹਾ, “ਵੇਖੋ, ਕਿ ਨਬੀ ਇੱਕ ਮੂੰਹ ਹੋ ਕੇ ਪਾਤਸ਼ਾਹ ਲਈ ਭਲਿਆਈ ਦੀ ਗੱਲਾਂ ਦੱਸਦੇ ਹਨ। ਤੇਰੀ ਗੱਲ ਵੀ ਉਹਨਾਂ ਦੀਆਂ ਗੱਲਾਂ ਵਰਗੀ ਹੋਵੇ ਅਤੇ ਤੂੰ ਭਲਿਆਈ ਬੋਲੀ।”

ਪਰ ਮੀਕਾਯਾਹ ਨੇ ਕਿਹਾ, “ਜਿਉਂਦੇ ਯਾਹਵੇਹ ਦੀ ਸਹੁੰ, ਮੈਂ ਉਸਨੂੰ ਸਿਰਫ ਉਹੀ ਦੱਸਾਂਗਾ ਜੋ ਮੇਰਾ ਪਰਮੇਸ਼ਵਰ ਆਖਦਾ ਹੈ।”

ਜਦੋਂ ਉਹ ਪਹੁੰਚਿਆ, ਤਾਂ ਰਾਜੇ ਨੇ ਉਸ ਨੂੰ ਪੁੱਛਿਆ, “ਮੀਕਾਹ, ਕੀ ਅਸੀਂ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਈਏ ਜਾਂ ਨਹੀਂ?”

ਉਸਨੇ ਉੱਤਰ ਦਿੱਤਾ, “ਜਾਓ ਹਮਲਾ ਕਰੋ ਅਤੇ ਜਿੱਤ ਪ੍ਰਾਪਤ ਕਰੋ, ਕਿਉਂਕਿ ਉਹ ਤੁਹਾਡੇ ਹੱਥ ਵਿੱਚ ਦਿੱਤੇ ਜਾਣਗੇ।”

ਰਾਜੇ ਨੇ ਉਸ ਨੂੰ ਆਖਿਆ, “ਮੈਂ ਤੈਨੂੰ ਕਿੰਨੀ ਵਾਰ ਸਹੁੰ ਚੁਕਾਵਾਂ ਕਿ ਤੂੰ ਮੈਨੂੰ ਯਾਹਵੇਹ ਦੇ ਨਾਮ ਉੱਤੇ ਸਚਿਆਈ ਤੋਂ ਇਲਾਵਾ ਹੋਰ ਕੁਝ ਨਾ ਦੱਸ?”

ਤਦ ਮੀਕਾਯਾਹ ਨੇ ਉੱਤਰ ਦਿੱਤਾ, “ਮੈਂ ਸਾਰੇ ਇਸਰਾਏਲ ਨੂੰ ਪਹਾੜਾਂ ਉੱਤੇ ਭੇਡਾਂ ਵਾਂਗੂੰ ਬਿਨਾਂ ਚਰਵਾਹੇ ਦੇ ਖਿੱਲਰੇ ਹੋਏ ਵੇਖਿਆ ਅਤੇ ਯਾਹਵੇਹ ਨੇ ਆਖਿਆ, ‘ਇਨ੍ਹਾਂ ਲੋਕਾਂ ਦਾ ਕੋਈ ਮਾਲਕ ਨਹੀਂ ਹੈ। ਹਰ ਇੱਕ ਨੂੰ ਸ਼ਾਂਤੀ ਨਾਲ ਆਪਣੇ ਘਰ ਜਾਣ ਦਿਓ।’ ”

ਇਸਰਾਏਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਕੀ ਮੈਂ ਤੈਨੂੰ ਨਹੀਂ ਦੱਸਿਆ ਸੀ ਕਿ ਉਹ ਮੇਰੇ ਬਾਰੇ ਕਦੇ ਵੀ ਭਲੇ ਦੀ ਭਵਿੱਖਬਾਣੀ ਨਹੀਂ ਕਰਦਾ, ਪਰ ਸਿਰਫ ਬੁਰਿਆਈ ਹੀ ਕਰਦਾ ਹੈ?”

ਮੀਕਾਯਾਹ ਨੇ ਅੱਗੇ ਕਿਹਾ, “ਇਸ ਲਈ ਯਾਹਵੇਹ ਦਾ ਬਚਨ ਸੁਣੋ! ਮੈਂ ਯਾਹਵੇਹ ਨੂੰ ਆਪਣੇ ਸਿੰਘਾਸਣ ਤੇ ਬੈਠਾ ਵੇਖਿਆ ਅਤੇ ਸਵਰਗ ਦੀ ਸਾਰੀ ਸੈਨਾਂ ਉਸ ਦੇ ਸੱਜੇ ਅਤੇ ਖੱਬੇ ਪਾਸੇ ਖੜ੍ਹੀ ਸੀ। ਅਤੇ ਯਾਹਵੇਹ ਨੇ ਕਿਹਾ, ‘ਕੌਣ ਇਸਰਾਏਲ ਦੇ ਰਾਜੇ ਅਹਾਬ ਨੂੰ ਰਾਮੋਥ ਗਿਲਆਦ ਉੱਤੇ ਹਮਲਾ ਕਰਨ ਅਤੇ ਉੱਥੇ ਉਸਦੀ ਮੌਤ ਲਈ ਭਰਮਾਏਗਾ?’

“ਉੱਥੇ ਕਿਸੇ ਨੇ ਇੱਕ ਜਵਾਬ ਦਿੱਤਾ ਅਤੇ ਕਿਸੇ ਨੇ ਕੁਝ ਹੋਰ ਦਿੱਤਾ। ਅੰਤ ਵਿੱਚ, ਇੱਕ ਆਤਮਾ ਨਿੱਕਲ ਕੇ ਯਾਹਵੇਹ ਦੇ ਅੱਗੇ ਖੜ੍ਹਾ ਹੋਇਆ ਅਤੇ ਬੋਲਿਆ, ‘ਮੈਂ ਉਸ ਨੂੰ ਭਰਮਾਵਾਂਗਾ।’

“ਤਾਂ ਯਾਹਵੇਹ ਨੇ ਪੁੱਛਿਆ, ਕਿਸ ਤਰ੍ਹਾਂ।

“ਉਸ ਨੇ ਕਿਹਾ, ‘ਮੈਂ ਜਾਵਾਂਗਾ ਅਤੇ ਉਸਦੇ ਸਾਰੇ ਨਬੀਆਂ ਦੇ ਮੂੰਹ ਵਿੱਚ ਇੱਕ ਝੂਠ ਬੋਲਣ ਵਾਲਾ ਆਤਮਾ ਪਾਵਾਂਗਾ।’

“ ‘ਯਾਹਵੇਹ ਨੇ ਆਖਿਆ, ਤੂੰ ਸਫ਼ਲ ਹੋਵੇਗਾ,’ ਅੱਗੇ ਜਾਓ ਅਤੇ ਇਹ ਕਰੋ।

“ਇਸ ਲਈ ਹੁਣ ਯਾਹਵੇਹ ਨੇ ਤੁਹਾਡੇ ਇਨ੍ਹਾਂ ਨਬੀਆਂ ਦੇ ਮੂੰਹ ਵਿੱਚ ਇੱਕ ਝੂਠ ਬੋਲਣ ਵਾਲਾ ਆਤਮਾ ਪਾ ਦਿੱਤਾ ਹੈ। ਯਾਹਵੇਹ ਨੇ ਤੁਹਾਡੇ ਲਈ ਤਬਾਹੀ ਦਾ ਫੈਸਲਾ ਕੀਤਾ ਹੈ।”

ਤਦ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਚੜ੍ਹ ਕੇ ਮੀਕਾਯਾਹ ਦੇ ਮੂੰਹ ਉੱਤੇ ਚਪੇੜ ਮਾਰੀ। ਉਸ ਨੇ ਪੁੱਛਿਆ, “ਯਾਹਵੇਹ ਦਾ ਆਤਮਾ ਕਿਸ ਪਾਸੇ ਗਿਆ ਜਦੋਂ ਉਹ ਤੁਹਾਡੇ ਨਾਲ ਗੱਲ ਕਰਨ ਲਈ ਮੇਰੇ ਕੋਲੋਂ ਗਿਆ ਸੀ?”

ਮੀਕਾਯਾਹ ਨੇ ਜਵਾਬ ਦਿੱਤਾ, “ਜਿਸ ਦਿਨ ਤੂੰ ਅੰਦਰਲੇ ਕਮਰੇ ਵਿੱਚ ਛੁਪਣ ਲਈ ਜਾਵੇਗਾ ਤੈਨੂੰ ਪਤਾ ਲੱਗ ਜਾਵੇਗਾ।”

ਇਸਰਾਏਲ ਦੇ ਰਾਜੇ ਨੇ ਹੁਕਮ ਦਿੱਤਾ, “ਮੀਕਾਯਾਹ ਨੂੰ ਲੈ ਕੇ ਸ਼ਹਿਰ ਦੇ ਹਾਕਮ ਆਮੋਨ ਕੋਲ ਅਤੇ ਰਾਜੇ ਦੇ ਪੁੱਤਰ ਯੋਆਸ਼ ਕੋਲ ਵਾਪਸ ਭੇਜੋ, ਅਤੇ ਆਖ, ‘ਰਾਜਾ ਇਹ ਆਖਦਾ ਹੈ: ਇਸ ਬੰਦੇ ਨੂੰ ਅੰਦਰ ਕੈਦ ਵਿੱਚ ਰੱਖੋ ਅਤੇ ਉਸਨੂੰ ਰੋਟੀ ਅਤੇ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ ਜਦੋਂ ਤੱਕ ਮੈਂ ਸਹੀ-ਸਲਾਮਤ ਵਾਪਸ ਨਾ ਆ ਜਾਵਾਂ।’ ”

ਪਰ ਮੀਕਾਯਾਹ ਨੇ ਆਖਿਆ, “ਜੇਕਰ ਤੁਸੀਂ ਕਦੀ ਸੁੱਖ-ਸਾਂਦ ਨਾਲ ਮੁੜ ਆਓ ਤਾਂ ਯਾਹਵੇਹ ਮੇਰੇ ਰਾਹੀਂ ਨਹੀਂ ਬੋਲਿਆ।” ਨਾਲੇ ਉਸ ਨੇ ਆਖਿਆ, “ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ!”

ਅਹਾਬ ਦੀ ਹਾਰ ਅਤੇ ਮੌਤ

ਇਸ ਲਈ ਇਸਰਾਏਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਰਾਮੋਥ ਗਿਲਆਦ ਨੂੰ ਚੜ੍ਹ ਗਿਆ। ਇਸਰਾਏਲ ਦੇ ਰਾਜਾ ਨੇ ਯਹੋਸ਼ਾਫ਼ਾਟ ਨੂੰ ਆਖਿਆ, “ਮੈਂ ਆਪਣਾ ਭੇਸ ਬਦਲ ਕੇ ਲੜਾਈ ਵਿੱਚ ਜਾਵਾਂਗਾ ਪਰ ਤੂੰ ਆਪਣੇ ਸ਼ਾਹੀ ਬਸਤਰ ਪਹਿਨੀ ਰੱਖੀ।” ਇਸ ਲਈ ਇਸਰਾਏਲ ਦਾ ਰਾਜਾ ਭੇਸ ਧਾਰ ਕੇ ਲੜਾਈ ਵਿੱਚ ਗਿਆ।

ਹੁਣ ਅਰਾਮ ਦੇ ਰਾਜੇ ਨੇ ਆਪਣੇ ਰੱਥਾਂ ਦੇ ਸਰਦਾਰਾਂ ਨੂੰ ਹੁਕਮ ਦਿੱਤਾ ਸੀ, “ਇਸਰਾਏਲ ਦੇ ਰਾਜੇ ਤੋਂ ਬਿਨਾਂ ਕਿਸੇ ਛੋਟੇ ਜਾਂ ਵੱਡੇ ਨਾਲ ਨਾ ਲੜੋ।” ਜਦੋਂ ਰੱਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਟ ਨੂੰ ਵੇਖਿਆ, ਤਾਂ ਉਹਨਾਂ ਨੇ ਸੋਚਿਆ, “ਇਹ ਇਸਰਾਏਲ ਦਾ ਰਾਜਾ ਹੈ।” ਇਸ ਲਈ ਉਹ ਉਸ ਉੱਤੇ ਹਮਲਾ ਕਰਨ ਲਈ ਮੁੜੇ, ਪਰ ਯਹੋਸ਼ਾਫ਼ਾਟ ਨੇ ਉੱਚੀ ਅਵਾਜ਼ ਨਾਲ ਪੁਕਾਰਿਆ ਅਤੇ ਯਾਹਵੇਹ ਨੇ ਉਸ ਦੀ ਮਦਦ ਕੀਤੀ। ਪਰਮੇਸ਼ਵਰ ਨੇ ਉਹਨਾਂ ਨੂੰ ਉਸ ਤੋਂ ਦੂਰ ਕਰ ਦਿੱਤਾ, ਕਿਉਂਕਿ ਜਦੋਂ ਰੱਥਾਂ ਦੇ ਸਰਦਾਰਾਂ ਨੇ ਵੇਖਿਆ ਕਿ ਉਹ ਇਸਰਾਏਲ ਦਾ ਰਾਜਾ ਨਹੀਂ ਹੈ ਤਾਂ ਉਹਨਾਂ ਨੇ ਉਸਦਾ ਪਿੱਛਾ ਕਰਨਾ ਛੱਡ ਦਿੱਤਾ।

ਅਤੇ ਕਿਸੇ ਮਨੁੱਖ ਨੇ ਅਟਕਲ ਪੱਚੂ ਆਪਣਾ ਧਣੁੱਖ ਖਿੱਚ ਕੇ ਇਸਰਾਏਲ ਦੇ ਰਾਜਾ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, “ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ।” ਸਾਰਾ ਦਿਨ ਲੜਾਈ ਹੁੰਦੀ ਰਹੀ ਅਤੇ ਇਸਰਾਏਲ ਦਾ ਰਾਜਾ ਸ਼ਾਮ ਤੱਕ ਆਪਣੇ ਰੱਥ ਉੱਤੇ ਅਰਾਮੀਆਂ ਦੇ ਸਾਹਮਣੇ ਖੜ੍ਹਾ ਰਿਹਾ। ਫਿਰ ਸੂਰਜ ਡੁੱਬਣ ਵੇਲੇ ਉਸ ਦੀ ਮੌਤ ਹੋ ਗਈ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.