Skip to content
BibleKenya

Biblica® Open Punjabi Contemporary Version 2025

2 ਇਤਿਹਾਸ 12

ਸ਼ੀਸ਼ਕ ਦਾ ਯੇਰੂਸ਼ਲੇਮ ਉੱਤੇ ਹਮਲਾ

ਰਹਬੁਆਮ ਦੇ ਰਾਜੇ ਵਜੋਂ ਸਥਾਪਿਤ ਹੋਣ ਤੋਂ ਬਾਅਦ ਅਤੇ ਉਹ ਮਜ਼ਬੂਤ ਹੋ ਗਿਆ ਸੀ, ਉਸ ਨੇ ਅਤੇ ਉਸ ਦੇ ਨਾਲ ਸਾਰੇ ਇਸਰਾਏਲੀਆਂ ਨੇ ਯਾਹਵੇਹ ਦੇ ਕਾਨੂੰਨ ਨੂੰ ਛੱਡ ਦਿੱਤਾ। ਕਿਉਂਕਿ ਉਹ ਯਾਹਵੇਹ ਦੇ ਨਾਲ ਬੇਵਫ਼ਾ ਸਨ, ਮਿਸਰ ਦੇ ਰਾਜਾ ਸ਼ੀਸ਼ਕ ਨੇ ਰਾਜਾ ਰਹਬੁਆਮ ਦੇ ਪੰਜਵੇਂ ਸਾਲ ਵਿੱਚ ਯੇਰੂਸ਼ਲੇਮ ਉੱਤੇ ਹਮਲਾ ਕੀਤਾ। ਅਤੇ ਉਸ ਦੇ ਨਾਲ ਬਾਰਾਂ ਸੌ ਰਥ ਅਤੇ ਸੱਠ ਹਜ਼ਾਰ ਸਵਾਰ ਸਨ ਅਤੇ ਅਣਗਿਣਤ ਲਿਬੀਆ, ਸੂਕੀ ਅਤੇ ਕੂਸ਼ੀ1 ਲੋਕ ਜੋ ਉਸ ਦੇ ਨਾਲ ਮਿਸਰ ਤੋਂ ਆਏ ਸਨ, ਉਸ ਨੇ ਯਹੂਦਾਹ ਦੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਯੇਰੂਸ਼ਲੇਮ ਤੱਕ ਪਹੁੰਚ ਗਿਆ।

ਤਦ ਸ਼ਮਅਯਾਹ ਨਬੀ ਰਹਬੁਆਮ ਅਤੇ ਯਹੂਦਾਹ ਦੇ ਆਗੂਆਂ ਕੋਲ ਆਇਆ ਜਿਹੜੇ ਸ਼ੀਸ਼ਕ ਦੇ ਡਰ ਕਾਰਨ ਯੇਰੂਸ਼ਲੇਮ ਵਿੱਚ ਇਕੱਠੇ ਹੋਏ ਸਨ ਅਤੇ ਉਹਨਾਂ ਨੂੰ ਆਖਿਆ, “ਯਾਹਵੇਹ ਇਹ ਆਖਦਾ ਹੈ, ‘ਤੁਸੀਂ ਮੈਨੂੰ ਛੱਡ ਦਿੱਤਾ ਹੈ; ਇਸ ਲਈ ਹੁਣ ਮੈਂ ਤੈਨੂੰ ਸ਼ੀਸ਼ਕ ਲਈ ਛੱਡ ਦਿੰਦਾ ਹਾਂ।’ ”

ਤਦ ਇਸਰਾਏਲ ਦੇ ਸਰਦਾਰਾਂ ਅਤੇ ਪਾਤਸ਼ਾਹ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਅਤੇ ਆਖਿਆ, “ਯਾਹਵੇਹ ਹੀ ਧਰਮੀ ਹੈ।”

ਜਦੋਂ ਪਰਮੇਸ਼ਵਰ ਨੇ ਦੇਖਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਹੈ, ਤਾਂ ਪਰਮੇਸ਼ਵਰ ਦਾ ਇਹ ਬਚਨ ਸ਼ਮਅਯਾਹ ਨੂੰ ਆਇਆ, “ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਬਣਾਇਆ ਹੈ, ਮੈਂ ਉਹਨਾਂ ਨੂੰ ਤਬਾਹ ਨਹੀਂ ਕਰਾਂਗਾ ਪਰ ਛੇਤੀ ਹੀ ਉਹਨਾਂ ਨੂੰ ਛੁਟਕਾਰਾ ਦੇਵਾਂਗਾ। ਮੇਰਾ ਕ੍ਰੋਧ ਸ਼ੀਸ਼ਕ ਦੇ ਰਾਹੀਂ ਯੇਰੂਸ਼ਲੇਮ ਉੱਤੇ ਨਹੀਂ ਪਵੇਗਾ। ਹਾਲਾਂਕਿ, ਉਹ ਉਸ ਦੇ ਅਧੀਨ ਹੋ ਜਾਣਗੇ, ਤਾਂ ਜੋ ਉਹ ਮੇਰੀ ਸੇਵਾ ਕਰਨ ਅਤੇ ਹੋਰ ਦੇਸ਼ਾਂ ਦੇ ਰਾਜਿਆਂ ਦੀ ਸੇਵਾ ਕਰਨ ਵਿੱਚ ਅੰਤਰ ਸਿੱਖ ਸਕਣ।”

ਸੋ ਮਿਸਰ ਦਾ ਰਾਜਾ ਸ਼ੀਸ਼ਕ ਯੇਰੂਸ਼ਲੇਮ ਉੱਚੇ ਚੜ੍ਹ ਆਇਆ ਅਤੇ ਉਹ ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨੇ ਲੈ ਗਿਆ ਸਗੋਂ ਉਹ ਸਭ ਕੁਝ ਲੈ ਗਿਆ ਸੋਨੇ ਦੀਆਂ ਢਾਲ਼ਾਂ ਵੀ ਜੋ ਸ਼ਲੋਮੋਨ ਨੇ ਬਣਵਾਈਆਂ ਸਨ। ਇਸ ਲਈ ਰਾਜਾ ਰਹਬੁਆਮ ਨੇ ਉਹਨਾਂ ਨੂੰ ਬਦਲਣ ਲਈ ਪਿੱਤਲ ਦੀਆਂ ਢਾਲ਼ਾਂ ਬਣਵਾਈਆਂ ਅਤੇ ਇਨ੍ਹਾਂ ਨੂੰ ਸ਼ਾਹੀ ਮਹਿਲ ਦੇ ਪ੍ਰਵੇਸ਼ ਦੁਆਰ ਉੱਤੇ ਪਹਿਰੇਦਾਰਾਂ ਨੂੰ ਸੌਂਪ ਦਿੱਤਾ। ਜਦੋਂ ਵੀ ਰਾਜਾ ਯਾਹਵੇਹ ਦੇ ਭਵਨ ਵਿੱਚ ਜਾਂਦਾ ਸੀ ਤਾਂ ਪਹਿਰੇਦਾਰ ਢਾਲ਼ਾਂ ਲੈ ਕੇ ਉਸ ਦੇ ਨਾਲ ਜਾਂਦੇ ਸਨ ਅਤੇ ਬਾਅਦ ਵਿੱਚ ਉਹ ਉਹਨਾਂ ਨੂੰ ਪਹਿਰੇ ਵਾਲੇ ਕਮਰੇ ਵਿੱਚ ਵਾਪਸ ਰੱਖ ਦਿੰਦੇ ਸਨ।

ਕਿਉਂਕਿ ਰਹਬੁਆਮ ਨੇ ਆਪਣੇ ਆਪ ਨੂੰ ਨਿਮਰ ਬਣਾਇਆ, ਯਾਹਵੇਹ ਦਾ ਕ੍ਰੋਧ ਉਸ ਤੋਂ ਹਟ ਗਿਆ ਅਤੇ ਉਹ ਪੂਰੀ ਤਰ੍ਹਾਂ ਤਬਾਹ ਨਹੀਂ ਹੋਇਆ, ਇਸ ਸਮੇਂ ਯਹੂਦੀਆ ਦੀ ਹਾਲਤ ਵੀ ਕੁਝ ਚੰਗੀ ਸੀ।

ਰਾਜਾ ਰਹਬੁਆਮ ਨੇ ਆਪਣੇ ਆਪ ਨੂੰ ਯੇਰੂਸ਼ਲੇਮ ਵਿੱਚ ਮਜ਼ਬੂਤੀ ਨਾਲ ਸਥਾਪਿਤ ਕੀਤਾ ਅਤੇ ਰਾਜ ਕਰਦਾ ਰਿਹਾ। ਜਦੋਂ ਉਹ ਰਾਜਾ ਬਣਿਆ ਤਾਂ ਉਹ ਇੱਕਤਾਲੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਸਤਾਰਾਂ ਸਾਲ ਰਾਜ ਕੀਤਾ, ਜਿਸ ਸ਼ਹਿਰ ਨੂੰ ਯਾਹਵੇਹ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਸੀ ਜਿਸ ਵਿੱਚ ਆਪਣਾ ਨਾਮ ਰੱਖਣ ਲਈ ਚੁਣਿਆ ਗਿਆ ਸੀ। ਉਸਦੀ ਮਾਤਾ ਦਾ ਨਾਮ ਨਾਮਾਹ ਸੀ ਜੋ ਕਿ ਉਹ ਇੱਕ ਅੰਮੋਨੀ ਸੀ। ਉਸ ਨੇ ਬੁਰਿਆਈ ਕੀਤੀ ਕਿਉਂ ਜੋ ਉਸ ਨੇ ਯਾਹਵੇਹ ਦੀ ਖੋਜ ਵਿੱਚ ਆਪਣਾ ਮੰਨ ਨਾ ਲਾਇਆ।

ਅਤੇ ਰਹਬੁਆਮ ਦੇ ਕੰਮ ਮੁੱਢ ਤੋਂ ਅੰਤ ਤੀਕ ਉਹ ਸ਼ਮਅਯਾਹ ਨਬੀ ਅਤੇ ਇੱਦੋ ਗੈਬਦਾਨ ਦੇ ਇਤਿਹਾਸ ਵਿੱਚ ਕੁਲ ਪੱਤ੍ਰੀ ਦੇ ਅਨੁਸਾਰ ਲਿਖੇ ਹਨ। ਰਹਬੁਆਮ ਅਤੇ ਯਾਰਾਬੁਆਮ ਵਿਚਕਾਰ ਲਗਾਤਾਰ ਲੜਾਈ ਹੁੰਦੀ ਰਹਿੰਦੀ ਸੀ। ਰਹਬੁਆਮ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਅਬੀਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।

Source notes (1)
  1. Footnote ਕੂਸ਼ੀ ਨੀਲ ਨਦੀ ਦਾ ਉੱਪਰਲਾਂ ਖੇਤਰ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.