Biblica® Open Punjabi Contemporary Version 2025
1 ਸ਼ਮੂਏਲ 6
ਸੰਦੂਕ ਇਸਰਾਏਲ ਨੂੰ ਮੁੜਿਆ
ਜਦੋਂ ਯਾਹਵੇਹ ਦਾ ਸੰਦੂਕ ਫ਼ਲਿਸਤੀਆਂ ਦੇ ਦੇਸ਼ ਵਿੱਚ ਸੱਤ ਮਹੀਨੇ ਰਿਹਾ, ਫ਼ਲਿਸਤੀਆਂ ਨੇ ਪੁਜਾਰੀਆਂ ਅਤੇ ਜੋਤਸ਼ੀਆਂ ਨੂੰ ਬੁਲਾਇਆ ਅਤੇ ਕਿਹਾ, “ਅਸੀਂ ਯਾਹਵੇਹ ਦੇ ਸੰਦੂਕ ਨਾਲ ਕੀ ਕਰੀਏ? ਸਾਨੂੰ ਦੱਸੋ ਕਿ ਅਸੀਂ ਇਸ ਨੂੰ ਇਸ ਦੀ ਥਾਂ ਤੇ ਕਿਵੇਂ ਵਾਪਸ ਭੇਜੀਏ।”
ਉਹਨਾਂ ਨੇ ਉੱਤਰ ਦਿੱਤਾ, “ਜੇਕਰ ਤੁਸੀਂ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਮੋੜਦੇ ਹੋ, ਤਾਂ ਉਸ ਨੂੰ ਬਿਨਾਂ ਤੋਹਫ਼ੇ ਦੇ ਵਾਪਸ ਨਾ ਭੇਜੋ। ਸਗੋਂ ਇੱਕ ਦੋਸ਼ ਦੀ ਭੇਟ ਉਸ ਨਾਲ ਜ਼ਰੂਰ ਭੇਜ ਦਿਓ। ਫ਼ੇਰ ਤੁਸੀਂ ਚੰਗੇ ਹੋ ਜਾਵੋਂਗੇ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਉਸਦਾ ਹੱਥ ਤੁਹਾਡੇ ਤੋਂ ਕਿਉਂ ਨਹੀਂ ਚੁੱਕਿਆ ਗਿਆ।”
ਫ਼ਲਿਸਤੀਆਂ ਨੇ ਪੁੱਛਿਆ, ਅਸੀਂ ਉਸ ਨੂੰ ਕਿਹੜੀ ਦੋਸ਼ ਦੀ ਭੇਟ ਚੜ੍ਹਾਈਏ?
ਉਹਨਾਂ ਨੇ ਉੱਤਰ ਦਿੱਤਾ, “ਪੰਜ ਸੋਨੇ ਦੀਆਂ ਰਸੋਲੀਆਂ ਅਤੇ ਪੰਜ ਸੋਨੇ ਦੇ ਚੂਹੇ, ਫ਼ਲਿਸਤੀ ਹਾਕਮਾਂ ਦੀ ਗਿਣਤੀ ਦੇ ਅਨੁਸਾਰ, ਕਿਉਂਕਿ ਇੱਕੋ ਬਵਾ ਤੁਹਾਡੇ ਅਤੇ ਤੁਹਾਡੇ ਹਾਕਮਾਂ ਉੱਤੇ ਆਈ ਹੈ। ਸੋ ਤੁਸੀਂ ਆਪਣੀਆਂ ਗਿਲ੍ਹਟੀਆਂ ਦੀਆਂ ਮੂਰਤਾਂ ਅਤੇ ਉਹਨਾਂ ਚੂਹਿਆਂ ਦੀਆਂ ਮੂਰਤਾਂ ਜੋ ਦੇਸ ਨੂੰ ਵਿਗਾੜਦੀਆਂ ਹਨ ਬਣਾਓ ਅਤੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਕਰੋ। ਹੋ ਸਕਦਾ ਹੈ ਕਿ ਉਹ ਤੁਹਾਥੋਂ ਅਤੇ ਤੁਹਾਡੇ ਦੇਵਤਿਆਂ ਅਤੇ ਤੁਹਾਡੇ ਦੇਸ ਉੱਤੋਂ ਆਪਣਾ ਹੱਥ ਚੁੱਕ ਲਵੇ। ਤੁਸੀਂ ਆਪਣੇ ਮਨ ਕਿਉਂ ਕਠੋਰ ਕਰਦੇ ਹੋ ਜਿਵੇਂ ਮਿਸਰੀਆਂ ਨੇ ਅਤੇ ਫ਼ਿਰਾਊਨ ਨੇ ਕੀਤਾ? ਜਦੋਂ ਇਸਰਾਏਲ ਦਾ ਪਰਮੇਸ਼ਵਰ ਉਹਨਾਂ ਨਾਲ ਕਠੋਰਤਾ ਨਾਲ ਪੇਸ਼ ਆਇਆ, ਤਾਂ ਕੀ ਉਹਨਾਂ ਨੇ ਇਸਰਾਏਲੀਆਂ ਨੂੰ ਬਾਹਰ ਨਹੀਂ ਭੇਜਿਆ ਤਾਂ ਜੋ ਉਹ ਆਪਣੇ ਰਾਹ ਤੁਰ ਸਕਣ?
“ਹੁਣ ਇੱਕ ਨਵੀਂ ਗੱਡੀ ਤਿਆਰ ਕਰੋ, ਅਤੇ ਦੋ ਲਵੇਰੀਆਂ ਗਊਆਂ ਨੂੰ ਗੱਡੀ ਹੇਠ ਜੋੜ ਲਓ ਅਤੇ ਉਹਨਾਂ ਦੀਆਂ ਵੱਛੀਆਂ ਨੂੰ ਪਿੱਛੇ ਘਰ ਰਹਿਣ ਦਿਓ। ਯਾਹਵੇਹ ਦਾ ਸੰਦੂਕ ਲੈ ਕੇ ਗੱਡੇ ਉੱਤੇ ਰੱਖ ਦਿਓ ਅਤੇ ਸੋਨੇ ਦੀਆਂ ਵਸਤਾਂ ਜੋ ਦੋਸ਼ ਦੀ ਭੇਟ ਲਈ ਉਹ ਦੇ ਕੋਲ ਭੇਜਦੇ ਹੋ ਇੱਕ ਸੰਦੂਕ ਵਿੱਚ ਪਾ ਕੇ ਉਹ ਦੇ ਇੱਕ ਪਾਸੇ ਰੱਖ ਦਿਓ ਅਤੇ ਉਸਨੂੰ ਵਿਦਾ ਕਰ ਦਿਓ ਜੋ ਤੁਰ ਜਾਵੇ, ਪਰ ਇਸ ਨੂੰ ਦੇਖਦੇ ਰਹੋ। ਜੇਕਰ ਇਹ ਆਪਣੇ ਇਲਾਕੇ ਵਿੱਚ, ਬੈਥ-ਸ਼ੇਮੇਸ਼ ਵੱਲ ਵਧਦਾ ਹੈ, ਤਾਂ ਯਾਹਵੇਹ ਨੇ ਸਾਡੇ ਉੱਤੇ ਇਹ ਵੱਡੀ ਤਬਾਹੀ ਲਿਆਂਦੀ ਹੈ। ਪਰ ਜੇ ਅਜਿਹਾ ਨਹੀਂ ਹੁੰਦਾ, ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਇਹ ਉਸਦਾ ਹੱਥ ਨਹੀਂ ਸੀ ਜਿਸ ਨੇ ਸਾਨੂੰ ਮਾਰਿਆ ਸੀ, ਪਰ ਇਹ ਜੋ ਨਾਲ ਸਾਡੇ ਨਾਲ ਹੋਇਆ ਸੀ ਐਂਵੇਂ ਹੀ ਹੋਇਆਂ ਹੈ।”
ਇਸ ਲਈ ਉਹਨਾਂ ਨੇ ਅਜਿਹਾ ਕੀਤਾ। ਉਹਨਾਂ ਨੇ ਅਜਿਹੀਆਂ ਦੋ ਲਵੇਰੀਆਂ ਗਾਊਆਂ ਲੈ ਕੇ ਉਹਨਾਂ ਨੂੰ ਗੱਡੇ ਅੱਗੇ ਜੋਤਿਆ ਅਤੇ ਉਹਨਾਂ ਦੀਆਂ ਵੱਛੀਆਂ ਨੂੰ ਘਰ ਵਿੱਚ ਬੰਨ੍ਹਿਆ। ਉਹਨਾਂ ਨੇ ਯਾਹਵੇਹ ਦੇ ਸੰਦੂਕ ਨੂੰ ਗੱਡੇ ਉੱਤੇ ਰੱਖਿਆ ਸੋਨੇ ਦੇ ਚੂਹੇ ਅਤੇ ਆਪਣੀਆਂ ਗਿਲ੍ਹਟੀਆਂ ਦੀਆਂ ਮੂਰਤਾਂ ਦੇ ਸੰਦੂਕ ਨੂੰ ਗੱਡੀ ਵਿੱਚ ਰੱਖਿਆ। ਤਦ ਗਾਵਾਂ ਸਿੱਧੀਆਂ ਬੈਥ-ਸ਼ੇਮੇਸ਼ ਵੱਲ ਵਧੀਆ ਅਤੇ ਸੜਕ ਉੱਤੇ ਤੁਰੀਆਂ ਅਤੇ ਅੜਿੰਗਦੀਆਂ ਜਾਂਦੀਆਂ ਸਨ, ਉਹ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜੀਆ। ਫ਼ਲਿਸਤੀਆਂ ਦੇ ਹਾਕਮ ਬੈਥ-ਸ਼ੇਮੇਸ਼ ਦੀ ਹੱਦ ਤੱਕ ਉਹਨਾਂ ਦਾ ਪਿੱਛਾ ਕਰਦੇ ਰਹੇ।
ਹੁਣ ਬੈਥ-ਸ਼ੇਮੇਸ਼ ਦੇ ਲੋਕ ਵਾਦੀ ਵਿੱਚ ਕਣਕ ਦੀ ਵਾਢੀ ਕਰਦੇ ਸਨ ਅਤੇ ਜਦੋਂ ਉਹਨਾਂ ਨੇ ਅੱਖਾਂ ਚੁੱਕ ਕੇ ਸੰਦੂਕ ਨੂੰ ਵੇਖਿਆ ਤਾਂ ਉਹ ਵੇਖਦੇ ਸਾਰ ਹੀ ਖੁਸ਼ ਹੋ ਗਏ। ਗੱਡੀ ਬੈਥ-ਸ਼ਮੇਸ਼ ਯਹੋਸ਼ੁਆ ਦੇ ਖੇਤ ਵਿੱਚ ਆਈ ਅਤੇ ਉੱਥੇ ਇੱਕ ਵੱਡੇ ਕੋਲ ਆ ਕੇ ਰੁਕ ਗਈ। ਲੋਕਾਂ ਨੇ ਗੱਡੇ ਦੀਆਂ ਲੱਕੜਾਂ ਕੱਟੀਆਂ ਅਤੇ ਗਊਆਂ ਨੂੰ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਇਆ। ਲੇਵੀਆਂ ਨੇ ਯਾਹਵੇਹ ਦੇ ਸੰਦੂਕ ਨੂੰ ਉਸ ਸੰਦੂਕ ਸਮੇਤ, ਜਿਸ ਵਿੱਚ ਸੋਨੇ ਦੀਆਂ ਵਸਤੂਆਂ ਸਨ, ਹੇਠਾਂ ਉਤਾਰਿਆ ਅਤੇ ਉਸਨੂੰ ਵੱਡੇ ਪੱਥਰ ਉੱਤੇ ਰੱਖਿਆ। ਉਸ ਦਿਨ ਬੈਥ-ਸ਼ੇਮੇਸ਼ ਦੇ ਲੋਕਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਬਲੀਆਂ ਚੜ੍ਹਾਈਆਂ। ਫ਼ਲਿਸਤੀਆਂ ਦੇ ਪੰਜਾਂ ਹਾਕਮਾਂ ਨੇ ਇਹ ਸਭ ਵੇਖਿਆ ਅਤੇ ਉਸੇ ਦਿਨ ਏਕਰੋਨ ਨੂੰ ਮੁੜੇ।
ਇਹ ਸੋਨੇ ਦੀਆਂ ਗਿਲ੍ਹਟੀਆਂ ਹਨ, ਜੋ ਫ਼ਲਿਸਤੀਆਂ ਨੇ ਯਾਹਵੇਹ ਦੇ ਅੱਗੇ ਦੋਸ਼ ਦੀ ਭੇਟ ਵਜੋਂ ਭੇਜੀਆਂ ਸਨ, ਉਹਨਾਂ ਵਿੱਚੋਂ ਇੱਕ ਅਸ਼ਦੋਦ ਵੱਲੋਂ ਸੀ, ਇੱਕ ਅੱਜ਼ਾਹ ਦੀ, ਇੱਕ ਅਸ਼ਕਲੋਨ ਦੀ, ਇੱਕ ਗਾਥ ਦੀ ਅਤੇ ਇੱਕ ਏਕਰੋਨ ਦੀ। ਅਤੇ ਇਹ ਸੋਨੇ ਦੇ ਚੂਹੇ ਫ਼ਲਿਸਤੀਆਂ ਦੇ ਪੰਜਾਂ ਸਰਦਾਰਾਂ ਦੀ ਗਿਣਤੀ ਦੇ ਅਨੁਸਾਰ ਸਨ ਅਰਥਾਤ ਗੜ੍ਹ ਵਾਲੇ ਕਸਬੇ ਉਹਨਾਂ ਦੇ ਪਿੰਡਾਂ ਸਮੇਤ। ਉਹ ਵੱਡੀ ਚੱਟਾਨ ਜਿਸ ਉੱਤੇ ਲੇਵੀਆਂ ਨੇ ਯਾਹਵੇਹ ਦਾ ਸੰਦੂਕ ਰੱਖਿਆ ਸੀ, ਅੱਜ ਵੀ ਬੈਥ-ਸ਼ਮੇਸ਼ ਦੇ ਯਹੋਸ਼ੁਆ ਦੇ ਖੇਤ ਵਿੱਚ ਗਵਾਹ ਹੈ।
ਉਹ ਨੇ ਬੈਥ-ਸ਼ੇਮੇਸ਼ ਦੇ ਲੋਕਾਂ ਨੂੰ ਇਸ ਲਈ ਮਾਰਿਆ ਜੋ ਉਹਨਾਂ ਨੇ ਯਾਹਵੇਹ ਦੇ ਸੰਦੂਕ ਦੇ ਵਿੱਚ ਵੇਖਿਆ ਸੋ ਉਸ ਨੇ ਪੰਜਾਹ ਹਜ਼ਾਰ ਤੇ ਸੱਤਰ ਮਨੁੱਖ1 ਉਹਨਾਂ ਵਿੱਚੋਂ ਮਾਰ ਸੁੱਟੇ ਅਤੇ ਉੱਥੋਂ ਦੇ ਲੋਕ ਦੁਖੀ ਹੋਏ ਇਸ ਲਈ ਜੋ ਯਾਹਵੇਹ ਨੇ ਲੋਕਾਂ ਨੂੰ ਵੱਡੀ ਮਾਰ ਨਾਲ ਮਾਰਿਆ। ਅਤੇ ਬੈਥ-ਸ਼ੇਮੇਸ਼ ਦੇ ਲੋਕਾਂ ਨੇ ਪੁੱਛਿਆ, “ਇਸ ਪਵਿੱਤਰ ਯਾਹਵੇਹ ਪਰਮੇਸ਼ਵਰ ਦੇ ਸਾਹਮਣੇ ਕੌਣ ਖੜ੍ਹਾ ਹੋ ਸਕਦਾ ਹੈ? ਇਹ ਸੰਦੂਕ ਇੱਥੋਂ ਕਿਸ ਜਗ੍ਹਾਂ ਤੇ ਰੱਖਿਆ ਜਾਵੇ?”
ਤਦ ਉਹਨਾਂ ਨੇ ਕਿਰਯਥ-ਯਾਰੀਮ ਦੇ ਲੋਕਾਂ ਕੋਲ ਸੰਦੇਸ਼ਵਾਹਕ ਭੇਜੇ ਅਤੇ ਆਖਿਆ, “ਫ਼ਲਿਸਤੀਆਂ ਨੇ ਯਾਹਵੇਹ ਦਾ ਸੰਦੂਕ ਵਾਪਸ ਕਰ ਦਿੱਤਾ ਹੈ ਇਸ ਲਈ ਹੇਠਾਂ ਆਓ ਅਤੇ ਇਸਨੂੰ ਆਪਣੇ ਸ਼ਹਿਰ ਤੱਕ ਲੈ ਜਾਓ।”
Source notes (1)
- Footnote ਕੁਝ ਲਿਖਤਾਂ ਵਿੱਚ ਸਿਰਫ ਸੱਤਰ ਲੋਕ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.