Skip to content
BibleKenya

Biblica® Open Punjabi Contemporary Version 2025

1 ਸ਼ਮੂਏਲ 30

ਦਾਵੀਦ ਨੇ ਅਮਾਲੇਕੀਆਂ ਦਾ ਨਾਸ਼ ਕੀਤਾ

ਦਾਵੀਦ ਅਤੇ ਉਸਦੇ ਆਦਮੀ ਤੀਜੇ ਦਿਨ ਸਿਕਲਗ ਪਹੁੰਚੇ। ਹੁਣ ਅਮਾਲੇਕੀਆਂ ਨੇ ਨੇਗੇਵ ਅਤੇ ਸਿਕਲਗ ਉੱਤੇ ਹਮਲਾ ਕੀਤਾ ਸੀ। ਉਹਨਾਂ ਨੇ ਸਿਕਲਗ ਉੱਤੇ ਹਮਲਾ ਕਰਕੇ ਉਸ ਨੂੰ ਸਾੜ ਦਿੱਤਾ ਸੀ, ਅਤੇ ਔਰਤਾਂ ਨੂੰ ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਜਵਾਨਾਂ ਅਤੇ ਬੁੱਢਿਆਂ ਨੂੰ ਗੁਲਾਮ ਬਣਾ ਲਿਆ ਸੀ। ਉਹਨਾਂ ਨੇ ਉਹਨਾਂ ਵਿੱਚੋਂ ਕਿਸੇ ਨੂੰ ਨਹੀਂ ਮਾਰਿਆ ਸਗੋਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਰਾਹ ਚਲੇ ਗਏ।

ਜਦੋਂ ਦਾਵੀਦ ਅਤੇ ਉਸ ਦੇ ਆਦਮੀ ਸਿਕਲਗ ਨਗਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਉਹ ਅੱਗ ਨਾਲ ਸੜਿਆ ਹੋਇਆ ਹੈ ਅਤੇ ਉਹਨਾਂ ਦੀਆਂ ਪਤਨੀਆਂ ਅਤੇ ਧੀਆਂ ਪੁੱਤਰਾਂ ਨੂੰ ਗੁਲਾਮ ਬਣਾ ਲਿਆ ਗਿਆ ਹੈ। ਤਾਂ ਦਾਵੀਦ ਅਤੇ ਉਸ ਦੇ ਆਦਮੀ ਉੱਚੀ-ਉੱਚੀ ਰੋਏ ਜੋ ਹੋਰ ਰੋਣ ਦਾ ਉਹਨਾਂ ਵਿੱਚ ਬਲ ਨਾ ਰਿਹਾ। ਦਾਵੀਦ ਦੀਆਂ ਦੋ ਪਤਨੀਆਂ ਯਿਜ਼ਰਏਲ ਅਹੀਨੋਅਮ ਅਤੇ ਕਰਮਲ ਦੇ ਨਾਬਾਲ ਦੀ ਵਿਧਵਾ ਅਬੀਗੈਲ ਨੂੰ ਵੀ ਗੁਲਾਮ ਬਣਾ ਲਿਆ ਗਿਆ ਸੀ। ਦਾਵੀਦ ਬਹੁਤ ਦੁਖੀ ਹੋਇਆ ਕਿਉਂਕਿ ਉਹ ਲੋਕ ਉਸ ਨੂੰ ਪੱਥਰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਹਰ ਇੱਕ ਆਪਣੇ ਪੁੱਤਰਾਂ ਅਤੇ ਧੀਆਂ ਦੇ ਕਾਰਨ ਬਹੁਤ ਦੁਖੀ ਸਨ। ਪਰ ਦਾਵੀਦ ਨੇ ਆਪਣੇ ਯਾਹਵੇਹ ਪਰਮੇਸ਼ਵਰ ਨੂੰ ਯਾਦ ਕਰਕੇ ਆਪਣੇ ਆਪ ਨੂੰ ਤਕੜਾ ਕੀਤਾ।

ਤਦ ਦਾਵੀਦ ਨੇ ਅਹੀਮਲੇਕ ਦੇ ਪੁੱਤਰ ਅਬੀਯਾਥਰ ਜਾਜਕ ਨੂੰ ਆਖਿਆ, ਮੇਰੇ ਕੋਲ ਏਫ਼ੋਦ ਲਿਆ। ਅਬੀਯਾਥਰ ਉਸ ਕੋਲ ਏਫ਼ੋਦ ਲਿਆਇਆ, ਅਤੇ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, “ਕੀ ਮੈਂ ਇਸ ਦਲ ਦਾ ਪਿੱਛਾ ਕਰਾਂ? ਕੀ ਮੈਂ ਉਹਨਾਂ ਕੋਲ ਪਹੁੰਚਾਂਗਾ ਜਾ ਨਹੀਂ?”

ਉਸਨੇ ਜਵਾਬ ਦਿੱਤਾ, “ਉਹਨਾਂ ਦਾ ਪਿੱਛਾ ਕਰ, ਤੂੰ ਨਿਸ਼ਚਤ ਤੌਰ ਤੇ ਉਹਨਾਂ ਕੋਲ ਪਹੁੰਚੇਗਾ ਅਤੇ ਸੱਚ-ਮੁੱਚ ਉਹਨਾਂ ਨੂੰ ਛੁਡਾ ਲਵੇਂਗਾ।”

ਦਾਵੀਦ ਅਤੇ ਉਸ ਦੇ ਨਾਲ ਛੇ ਸੌ ਮਨੁੱਖ ਬੇਸੋਰ ਘਾਟੀ ਵਿੱਚ ਆਏ, ਜਿੱਥੇ ਕੁਝ ਪਿੱਛੇ ਰਹਿ ਗਏ। ਦਾਵੀਦ ਨੇ ਉਹਨਾਂ ਦੋ ਸੌ ਆਦਮੀਆਂ ਨੂੰ ਉੱਥੇ ਛੱਡ ਦਿੱਤਾ ਕਿਉਂਕਿ ਉਹ ਥੱਕ ਗਏ ਸਨ ਅਤੇ ਬੇਸੋਰ ਨਦੀ ਨੂੰ ਪਾਰ ਨਹੀਂ ਕਰ ਸਕਦੇ ਸਨ। ਪਰ ਦਾਵੀਦ ਆਪਣੇ ਬਾਕੀ ਦੇ ਚਾਰ ਸੌ ਸਾਥੀਆਂ ਸਮੇਤ ਅੱਗੇ ਵਧਿਆ।

ਉਹਨਾਂ ਨੂੰ ਇੱਕ ਖੇਤ ਵਿੱਚ ਇੱਕ ਮਿਸਰੀ ਮਨੁੱਖ ਮਿਲਿਆ ਅਤੇ ਉਹ ਉਸ ਨੂੰ ਦਾਵੀਦ ਕੋਲ ਲੈ ਆਏ। ਉਹਨਾਂ ਨੇ ਉਸਨੂੰ ਪੀਣ ਲਈ ਪਾਣੀ ਅਤੇ ਖਾਣ ਲਈ ਭੋਜਨ ਦਿੱਤਾ। ਦੱਬੇ ਹੋਏ ਹੰਜੀਰਾਂ ਦੀ ਪਿੰਨੀ ਦਾ ਹਿੱਸਾ ਅਤੇ ਸੌਗੀ ਦੇ ਦੋ ਗੁੱਛੇ ਦਿੱਤੇ। ਜਦੋਂ ਉਸਨੇ ਖਾਦਾ ਤਾਂ ਉਸਦੇ ਵਿੱਚ ਜਾਨ ਆ ਗਈ, ਕਿਉਂਕਿ ਉਸਨੇ ਤਿੰਨ ਦਿਨ ਅਤੇ ਤਿੰਨ ਰਾਤਾਂ ਤੱਕ ਨਾ ਕੁਝ ਖਾਧਾ ਅਤੇ ਨਾ ਪਾਣੀ ਪੀਤਾ ਸੀ।

ਦਾਵੀਦ ਨੇ ਉਸ ਨੂੰ ਪੁੱਛਿਆ, “ਤੂੰ ਕਿਸ ਦਾ ਬੰਦਾ ਹੈ? ਤੂੰ ਕਿੱਥੋਂ ਆਇਆ ਹੈ?”

ਉਸ ਨੇ ਆਖਿਆ, “ਮੈਂ ਇੱਕ ਮਿਸਰੀ ਹਾਂ, ਇੱਕ ਅਮਾਲੇਕੀ ਦਾ ਗੁਲਾਮ ਹਾਂ। ਜਦੋਂ ਮੈਂ ਤਿੰਨ ਦਿਨ ਪਹਿਲਾਂ ਬਿਮਾਰ ਹੋ ਗਿਆ ਤਾਂ ਮੇਰੇ ਮਾਲਕ ਨੇ ਮੈਨੂੰ ਛੱਡ ਦਿੱਤਾ। ਅਸੀਂ ਕਰੇਤੀਆਂ ਦੇ ਨੇਗੇਵ ਉੱਤੇ, ਯਹੂਦਾਹ ਦੇ ਕੁਝ ਇਲਾਕੇ ਅਤੇ ਕਾਲੇਬ ਦੇ ਨੇਗੇਵ ਉੱਤੇ ਲੁੱਟ ਮਾਰ ਕੀਤੀ ਅਤੇ ਅਸੀਂ ਸਿਕਲਗ ਨੂੰ ਸਾੜ ਦਿੱਤਾ।”

ਦਾਵੀਦ ਨੇ ਉਸ ਨੂੰ ਪੁੱਛਿਆ, ਕੀ ਤੂੰ ਮੈਨੂੰ ਉਹਨਾਂ ਦੇ ਕੋਲ ਪਹੁੰਚਾ ਸਕਦਾ ਹੈ?

ਉਸ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਸਾਹਮਣੇ ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਮੈਨੂੰ ਜਾਨੋਂ ਨਹੀਂ ਮਾਰੋਗੇ ਅਤੇ ਨਾ ਹੀ ਮੈਨੂੰ ਮੇਰੇ ਮਾਲਕ ਦੇ ਹਵਾਲੇ ਕਰੋਗੇ ਤਾਂ ਮੈਂ ਤੁਹਾਨੂੰ ਉਹਨਾਂ ਕੋਲ ਪਹੁੰਚਾਵਾਂਗਾ।”

ਉਹ ਦਾਵੀਦ ਨੂੰ ਹੇਠਾਂ ਲੈ ਗਿਆ ਅਤੇ ਉਹ ਉੱਥੇ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ, ਉਹ ਖਾਂਦੇ-ਪੀਂਦੇ ਅਤੇ ਮੌਜ-ਮਸਤੀ ਕਰਦੇ ਸਨ ਕਿਉਂਕਿ ਉਹਨਾਂ ਨੇ ਫ਼ਲਿਸਤੀਆਂ ਦੇ ਦੇਸ ਅਤੇ ਯਹੂਦਾਹ ਤੋਂ ਢੇਰ ਸਾਰੀ ਲੁੱਟ ਕੀਤੀ ਸੀ। ਦਾਵੀਦ ਰਾਤ ਦੇ ਪਹਿਲੇ ਪਹਿਰ ਤੋਂ ਲੈ ਕੇ ਦੂਸਰੇ ਦਿਨ ਸ਼ਾਮ ਤੱਕ ਉਹਨਾਂ ਨਾਲ ਲੜਦਾ ਰਿਹਾ ਅਤੇ ਉਹਨਾਂ ਵਿੱਚੋਂ ਚਾਰ ਸੌ ਜੁਆਨਾਂ ਤੋਂ ਬਿਨਾ ਜਿਹੜੇ ਊਠਾਂ ਉੱਤੇ ਸਵਾਰ ਹੋ ਕੇ ਭੱਜ ਗਏ ਸਨ, ਉਹਨਾਂ ਤੋਂ ਇਲਾਵਾ ਹੋਰ ਕੋਈ ਨਾ ਬਚਿਆ। ਦਾਵੀਦ ਨੇ ਉਹ ਸਭ ਕੁਝ ਵਾਪਸ ਲਿਆ ਜੋ ਅਮਾਲੇਕੀ ਨਾਲ ਲੈ ਗਏ ਦਾਵੀਦ ਨੇ ਸਭ ਕੁਝ ਛੁਡਾ ਲਿਆ ਆਪਣੀਆਂ ਦੋ ਪਤਨੀਆਂ ਨੂੰ ਵੀ ਛੁਡਾ ਲਿਆ। ਉਹਨਾਂ ਦੀ ਕਿਸੇ ਵਸਤੂ ਦਾ ਘਾਟਾ ਨਾ ਹੋਇਆ, ਨਾ ਨਿੱਕੀ ਨਾ ਵੱਡੀ, ਨਾ ਧੀ ਨਾ ਪੁੱਤਰ, ਨਾ ਲੁੱਟ ਨਾ ਕੋਈ ਵਸਤੂ ਜੋ ਉਹਨਾਂ ਆਪਣੇ ਲਈ ਲੁੱਟੀ ਸੀ, ਦਾਵੀਦ ਨੇ ਸਭ ਕੁਝ ਮੋੜ ਲਿਆਂਦਾ। ਉਸ ਨੇ ਸਾਰੇ ਇੱਜੜਾਂ ਅਤੇ ਡੰਗਰਾਂ ਨੂੰ ਲੈ ਲਿਆ ਅਤੇ ਉਸ ਦੇ ਆਦਮੀਆਂ ਨੇ ਉਹਨਾਂ ਨੂੰ ਦੂਜੇ ਪਸ਼ੂਆਂ ਨੂੰ ਅੱਗੇ ਹੱਕ ਕੇ ਇਹ ਕਹਿ ਕੇ ਭਜਾ ਦਿੱਤਾ ਕਿ, “ਇਹ ਦਾਵੀਦ ਦੀ ਲੁੱਟ ਹੈ।”

ਤਦ ਦਾਵੀਦ ਉਹਨਾਂ ਦੋ ਸੌ ਮਨੁੱਖਾਂ ਕੋਲ ਆਇਆ ਜਿਹੜੇ ਥੱਕ ਕੇ ਦਾਵੀਦ ਦੇ ਪਿੱਛੇ ਨਾ ਜਾ ਸਕੇ ਅਤੇ ਬੇਸੋਰ ਘਾਟੀ ਵਿੱਚ ਪਿੱਛੇ ਰਹਿ ਗਏ ਸਨ। ਉਹ ਦਾਵੀਦ ਅਤੇ ਉਸਦੇ ਨਾਲ ਦੇ ਆਦਮੀਆਂ ਨੂੰ ਮਿਲਣ ਲਈ ਬਾਹਰ ਆਏ। ਜਿਵੇਂ ਹੀ ਦਾਵੀਦ ਅਤੇ ਉਸਦੇ ਆਦਮੀ ਨੇੜੇ ਆਏ, ਉਸਨੇ ਉਹਨਾਂ ਨੂੰ ਪੁੱਛਿਆ ਕਿ ਉਹ ਕਿਵੇਂ ਸਨ। ਪਰ ਦਾਵੀਦ ਦੇ ਚੇਲਿਆਂ ਵਿੱਚੋਂ ਸਾਰੇ ਦੁਸ਼ਟ ਅਤੇ ਮੁਸੀਬਤ ਕਰਨ ਵਾਲਿਆਂ ਨੇ ਕਿਹਾ, “ਕਿਉਂਕਿ ਉਹ ਸਾਡੇ ਨਾਲ ਨਹੀਂ ਗਏ, ਇਸ ਲਈ ਅਸੀਂ ਉਹਨਾਂ ਨੂੰ ਲੁੱਟੀ ਹੋਈ ਲੁੱਟ ਵਿੱਚ ਹਿੱਸਾ ਨਹੀਂ ਦਿਆਂਗੇ। ਇਹ ਸਿਰਫ ਆਪਣੀਆਂ ਵਹੁਟੀਆਂ ਅਤੇ ਪੁੱਤਰਾਂ ਧੀਆਂ ਨੂੰ ਲੈ ਕੇ ਚਲੇ ਜਾਣ।”

ਦਾਵੀਦ ਨੇ ਉੱਤਰ ਦਿੱਤਾ, “ਨਹੀਂ, ਹੇ ਮੇਰੇ ਭਰਾਵੋ, ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜੇ ਯਾਹਵੇਹ ਨੇ ਸਾਨੂੰ ਇਹ ਦਿੱਤਾ ਹੈ ਅਤੇ ਉਸ ਨੇ ਸਾਡੀ ਰੱਖਿਆ ਕੀਤੀ ਹੈ ਅਤੇ ਜਿਨ੍ਹਾਂ ਨੇ ਸਾਨੂੰ ਲੁੱਟਿਆ ਸੀ ਉਹ ਦਲ ਸਾਡੇ ਹੱਥਾਂ ਵਿੱਚ ਕਰ ਦਿੱਤਾ। ਤੁਹਾਡੀਆਂ ਗੱਲਾਂ ਨੂੰ ਕੌਣ ਸੁਣੇਗਾ? ਇਉਂ ਜੋ ਜਿਹੜਾ ਲੜਾਈ ਵਿੱਚ ਜਾਂਦਾ ਹੈ, ਜਿਹੀ ਵੰਡ ਉਸ ਨੂੰ ਮਿਲਦੀ ਹੈ ਉਸੇ ਤਰ੍ਹਾਂ ਜਿਹੜਾ ਕੋਈ ਡੇਰੇ ਵਿੱਚ ਰਹੇ ਉਸਨੂੰ ਮਿਲੇਗੀ। ਦੋਹਾਂ ਦੀ ਇੱਕੋ ਜਿਹੀ ਵੰਡ ਹੋਵੇਗੀ।” ਦਾਵੀਦ ਨੇ ਉਸ ਦਿਨ ਤੋਂ ਲੈ ਕੇ ਅੱਜ ਤੀਕ ਇਸਰਾਏਲ ਲਈ ਇਹ ਇੱਕ ਬਿਧੀ ਅਤੇ ਹੁਕਮ ਬਣਾਇਆ।

ਜਦੋਂ ਦਾਵੀਦ ਸਿਕਲਗ ਪਹੁੰਚਿਆ ਤਾਂ ਉਸ ਨੇ ਲੁੱਟ ਵਿੱਚੋਂ ਕੁਝ ਯਹੂਦਾਹ ਦੇ ਬਜ਼ੁਰਗਾਂ ਨੂੰ ਜੋ ਉਸ ਦੇ ਮਿੱਤਰ ਸਨ, ਇਹ ਆਖ ਕੇ ਭੇਜੇ, “ਇਹ ਤੁਹਾਡੇ ਲਈ ਯਾਹਵੇਹ ਦੇ ਦੁਸ਼ਮਣਾਂ ਦੀ ਲੁੱਟ ਵਿੱਚੋਂ ਇੱਕ ਤੋਹਫ਼ਾ ਹੈ।”

ਦਾਵੀਦ ਨੇ ਉਹਨਾਂ ਲੋਕਾਂ ਨੂੰ ਜੋ ਬੈਤਏਲ, ਰਾਮੋਥ ਨੇਗੇਵ ਅਤੇ ਯੱਤੀਰ ਵਿੱਚ ਸਨ ਭੇਜ ਦਿੱਤਾ। ਉਹਨਾਂ ਕੋਲ ਜੋ ਅਰੋਏਰ ਵਿੱਚ ਅਤੇ ਉਹਨਾਂ ਕੋਲ ਜੋ ਸਿਫਮੋਥ ਵਿੱਚ ਸਨ ਅਤੇ ਉਹਨਾਂ ਕੋਲ ਜੋ ਅਸ਼ਤਮੋਆ ਵਿੱਚ ਸਨ। ਅਤੇ ਉਹਨਾਂ ਕੋਲ ਜੋ ਰਾਕਾਲ ਵਿੱਚ ਸਨ ਅਤੇ ਉਹਨਾਂ ਕੋਲ ਜੋ ਯਰਹਮਿਏਲੀਆਂ ਦੇ ਸ਼ਹਿਰਾਂ ਵਿੱਚ ਅਤੇ ਉਹਨਾਂ ਕੋਲ ਜੋ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ ਉਹਨਾਂ ਕੋਲ ਜੋ ਹੋਰਮਾਹ ਵਿੱਚ ਸਨ, ਉਹਨਾਂ ਕੋਲ ਜੋ ਬੋਰਾਸ਼ਾਨ ਵਿੱਚ ਸਨ ਅਤੇ ਉਹਨਾਂ ਕੋਲ ਜੋ ਅਤਾਕ ਵਿੱਚ ਸਨ। ਅਤੇ ਉਹਨਾਂ ਕੋਲ ਜੋ ਹੇਬਰੋਨ ਵਿੱਚ ਸਨ ਅਤੇ ਉਹਨਾਂ ਸਭਨਾਂ ਥਾਵਾਂ ਵਿੱਚ ਜਿੱਥੇ-ਜਿੱਥੇ ਦਾਵੀਦ ਅਤੇ ਉਸਦੇ ਆਦਮੀ ਫਿਰਦੇ ਰਹੇ ਸਨ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.