Skip to content
BibleKenya

Biblica® Open Punjabi Contemporary Version 2025

1 ਸ਼ਮੂਏਲ 14

ਇੱਕ ਦਿਨ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸਤਰ ਚੁੱਕਦਾ ਸੀ ਕਿਹਾ, “ਆਓ, ਦੂਜੇ ਪਾਸੇ ਫ਼ਲਿਸਤੀ ਚੌਕੀ ਵੱਲ ਚੱਲੀਏ।” ਪਰ ਉਸਨੇ ਆਪਣੇ ਪਿਤਾ ਨੂੰ ਨਾ ਦੱਸਿਆ।

ਸ਼ਾਊਲ ਗਿਬਆਹ ਦੇ ਬਾਹਰ ਮਿਗਰੋਨ ਵਿੱਚ ਇੱਕ ਅਨਾਰ ਦੇ ਰੁੱਖ ਹੇਠ ਠਹਿਰਿਆ ਹੋਇਆ ਸੀ ਅਤੇ ਉਸ ਦੇ ਨਾਲ ਤਕਰੀਬਨ ਛੇ ਸੌ ਆਦਮੀ ਸਨ। ਉਹਨਾਂ ਵਿੱਚੋਂ ਅਹੀਯਾਹ ਸੀ ਜਿਸ ਨੇ ਏਫ਼ੋਦ ਪਾਇਆ ਹੋਇਆ ਸੀ। ਉਹ ਈਕਾਬੋਦ ਦੇ ਭਰਾ ਅਹੀਟੂਬ ਦਾ ਪੁੱਤਰ ਸੀ ਜੋ ਫੀਨਹਾਸ ਦਾ ਪੋਤਰਾ ਸੀ, ਅਤੇ ਏਲੀ ਦਾ ਪੜਪੋਤਾ ਸੀ, ਜੋ ਸ਼ੀਲੋਹ ਵਿੱਚ ਯਾਹਵੇਹ ਦਾ ਜਾਜਕ ਸੀ। ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਯੋਨਾਥਾਨ ਚਲਾ ਗਿਆ ਸੀ।

ਉਸ ਦੱਰੇ ਦੇ ਹਰ ਪਾਸੇ ਜਿਸ ਨੂੰ ਯੋਨਾਥਾਨ ਨੇ ਪਾਰ ਕਰਕੇ ਫ਼ਲਿਸਤੀ ਚੌਂਕੀ ਤੱਕ ਪਹੁੰਚਣ ਦਾ ਇਰਾਦਾ ਕੀਤਾ ਸੀ, ਇੱਕ ਵੱਡੀ ਤਿੱਖੀ ਚੱਟਾਨ ਸੀ ਅਤੇ ਇੱਕ ਚੱਟਾਨ ਦਾ ਨਾਮ ਬੋਜ਼ੇਜ਼ ਅਤੇ ਦੂਜੇ ਦਾ ਸਨੇਹ ਸੀ। ਇੱਕ ਚੱਟਾਨ ਉੱਤਰ ਦੇ ਮਿਕਮਾਸ਼ ਵੱਲ ਅਤੇ ਦੂਜੀ ਦੱਖਣ ਦੇ ਗੇਬਾ ਵੱਲ ਖੜ੍ਹੀ ਸੀ।

ਯੋਨਾਥਾਨ ਨੇ ਆਪਣੇ ਜੁਆਨ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, “ਆਓ, ਉਹਨਾਂ ਅਸੁੰਨਤ ਮਨੁੱਖਾਂ ਦੀ ਚੌਕੀ ਵੱਲ ਚੱਲੀਏ, ਸ਼ਾਇਦ ਯਾਹਵੇਹ ਸਾਡੀ ਮਦਦ ਕਰੇ ਕਿਉਂਕਿ ਕੋਈ ਵੀ ਚੀਜ਼ ਯਾਹਵੇਹ ਲਈ ਔਖੀ ਨਹੀਂ ਜੋ ਬਹੁਤਿਆਂ ਨਾਲ ਜਾ ਥੋੜ੍ਹੇ ਲੋਕਾਂ ਦੇ ਰਾਹੀ ਛੁਟਕਾਰਾ ਦੇਵੇ।”

ਉਸ ਦੇ ਸ਼ਸਤਰ ਚੁੱਕਣ ਵਾਲੇ ਨੇ ਕਿਹਾ, “ਉਹ ਸਭ ਕੁਝ ਕਰੋ ਜੋ ਤੇਰੇ ਮਨ ਵਿੱਚ ਹੈ। ਤੁਰੋ ਅਤੇ ਵੇਖੋ; ਮੈਂ ਦਿਲ ਅਤੇ ਰੂਹ ਨਾਲ ਤੁਹਾਡੇ ਨਾਲ ਹਾਂ।”

ਯੋਨਾਥਾਨ ਨੇ ਕਿਹਾ, “ਚੱਲ ਫਿਰ ਅਸੀਂ ਉਹਨਾਂ ਵੱਲ ਪਾਰ ਲੰਘ ਕੇ ਆਪਣੇ ਆਪ ਨੂੰ ਉਹਨਾਂ ਕੋਲ ਪਰਗਟ ਕਰਾਂਗੇ। ਜੇਕਰ ਉਹ ਸਾਨੂੰ ਆਖਣ, ‘ਉੱਥੇ ਉਡੀਕ ਕਰੋ ਜਦ ਤੱਕ ਅਸੀਂ ਤੁਹਾਡੇ ਕੋਲ ਨਾ ਆਈਏ,’ ਤਾਂ ਅਸੀਂ ਉੱਥੇ ਹੀ ਰਹਾਂਗੇ ਅਤੇ ਉਹਨਾਂ ਉੱਤੇ ਚੜਾਈ ਨਹੀਂ ਕਰਾਂਗੇ। ਪਰ ਜੇ ਉਹ ਆਖਣ, ‘ਸਾਡੇ ਕੋਲ ਚੜ੍ਹ ਆਓ,’ ਤਾਂ ਅਸੀਂ ਚੜ੍ਹ ਜਾਵਾਂਗੇ, ਕਿਉਂਕਿ ਇਹ ਸਾਡੀ ਨਿਸ਼ਾਨੀ ਹੋਵੇਗੀ ਕਿ ਯਾਹਵੇਹ ਨੇ ਉਹਨਾਂ ਨੂੰ ਸਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ।”

ਤਾਂ ਦੋਹਾਂ ਨੇ ਫ਼ਲਿਸਤੀਆਂ ਦੀ ਚੌਂਕੀ ਅੱਗੇ ਆਪਣੇ ਆਪ ਨੂੰ ਵਿਖਾਇਆ। ਫ਼ਲਿਸਤੀ ਬੋਲੇ “ਦੇਖੋ! ਇਬਰਾਨੀ ਉਹਨਾਂ ਖੁੱਡਾਂ ਵਿੱਚੋਂ ਬਾਹਰ ਨਿੱਕਲ ਆਉਂਦੇ ਹਨ ਜਿਨ੍ਹਾਂ ਵਿੱਚ ਉਹ ਛੁਪੇ ਹੋਏ ਸਨ।” ਚੌਂਕੀ ਦੇ ਆਦਮੀਆਂ ਨੇ ਯੋਨਾਥਾਨ ਅਤੇ ਉਸ ਦੇ ਸ਼ਸਤਰ ਚੁੱਕਣ ਵਾਲੇ ਨੂੰ ਉੱਚੀ-ਉੱਚੀ ਕਿਹਾ, “ਸਾਡੇ ਕੋਲ ਚੜ੍ਹ ਆਓ ਅਤੇ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ।”

ਇਸ ਲਈ ਯੋਨਾਥਾਨ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, “ਮੇਰੇ ਪਿੱਛੇ ਚੜ੍ਹ ਆ ਕਿਉਂ ਜੋ ਯਾਹਵੇਹ ਨੇ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਸੌਂਪ ਦਿੱਤਾ ਹੈ।”

ਯੋਨਾਥਾਨ ਆਪਣੇ ਹੱਥਾਂ ਅਤੇ ਪੈਰਾਂ ਦੇ ਭਾਰ ਚੜ੍ਹ ਗਿਆ, ਅਤੇ ਉਸਦੇ ਸ਼ਸਤਰ ਚੁੱਕਣ ਵਾਲਾ ਉਸਦੇ ਮਗਰ ਹੋਇਆ ਤਾਂ ਫ਼ਲਿਸਤੀ ਯੋਨਾਥਾਨ ਦੇ ਅੱਗੇ ਡਿੱਗਦੇ ਜਾਂਦੇ ਸਨ ਅਤੇ ਉਸਦਾ ਸ਼ਸਤਰ ਚੁੱਕਣ ਵਾਲਾ ਉਸਦੇ ਪਿੱਛੇ-ਪਿੱਛੇ ਮਾਰੀ ਜਾਂਦਾ ਸੀ। ਇਹ ਪਹਿਲੀ ਮਾਰ ਜੋ ਯੋਨਾਥਾਨ ਅਤੇ ਉਸ ਦੇ ਸ਼ਸਤਰ ਚੁੱਕਣ ਵਾਲੇ ਨੇ ਕੀਤੀ ਲਗਭਗ ਅੱਧਾ ਏਕੜ ਦੇ ਖੇਤਰ ਵਿੱਚ ਵੀਹ ਮਨੁੱਖ ਮਾਰੇ।

ਇਸਰਾਏਲ ਨੇ ਫ਼ਲਿਸਤੀਆਂ ਨੂੰ ਹਰਾਇਆ

ਤਦ ਸਾਰੀ ਫ਼ੌਜ, ਜਿਹੜੇ ਡੇਰੇ ਅਤੇ ਮੈਦਾਨ ਵਿੱਚ ਸਨ ਅਤੇ ਜਿਹੜੇ ਚੌਂਕੀਆਂ ਅਤੇ ਛਾਪਾਮਾਰ ਦਲਾਂ ਵਿੱਚ ਸਨ, ਘਬਰਾ ਗਏ ਅਤੇ ਜ਼ਮੀਨ ਹਿੱਲ ਗਈ। ਇਹ ਪਰਮੇਸ਼ਵਰ ਵੱਲੋਂ ਭੇਜੀ ਦਹਿਸ਼ਤ ਸੀ।

ਸ਼ਾਊਲ ਦੇ ਪਹਿਰੇਦਾਰਾਂ ਨੇ ਜੋ ਬਿਨਯਾਮੀਨ ਦੇ ਗਿਬਆਹ ਵਿੱਚ ਵੇਖਿਆ ਕਿ ਭੀੜ ਘੱਟਦੀ ਜਾਂਦੀ ਹੈ ਅਤੇ ਉਹ ਇੱਧਰ-ਉੱਧਰ ਤੁਰੇ ਜਾਂਦੇ ਸਨ। ਤਦ ਸ਼ਾਊਲ ਨੇ ਉਹਨਾਂ ਮਨੁੱਖਾਂ ਨੂੰ ਜਿਹੜੇ ਉਹ ਦੇ ਨਾਲ ਸਨ ਆਖਿਆ, “ਫੌਜਾਂ ਨੂੰ ਇਕੱਠਾ ਕਰੋ ਅਤੇ ਵੇਖੋ ਕਿ ਸਾਡੇ ਵਿੱਚੋਂ ਕੌਣ ਸਾਨੂੰ ਛੱਡ ਕੇ ਗਿਆ ਹੈ।” ਜਦੋਂ ਉਹਨਾਂ ਨੇ ਗਿਣਿਆ ਤਾਂ ਵੇਖੋ ਯੋਨਾਥਾਨ ਅਤੇ ਉਸਦਾ ਸ਼ਸਤਰ ਚੁੱਕਣ ਵਾਲਾ ਉੱਥੇ ਨਹੀਂ ਸੀ।

ਸ਼ਾਊਲ ਨੇ ਅਹੀਯਾਹ ਨੂੰ ਆਖਿਆ, ਪਰਮੇਸ਼ਵਰ ਦੇ ਸੰਦੂਕ ਨੂੰ ਲੈ ਆ। (ਉਸ ਵੇਲੇ ਇਹ ਇਸਰਾਏਲੀਆਂ ਦੇ ਵਿੱਚਕਾਰ ਸੀ।) ਜਦੋਂ ਸ਼ਾਊਲ ਜਾਜਕ ਨਾਲ ਗੱਲ ਕਰ ਰਿਹਾ ਸੀ ਤਾਂ ਫ਼ਲਿਸਤੀਆਂ ਦੇ ਡੇਰੇ ਵਿੱਚ ਹੰਗਾਮਾ ਹੋਰ ਵੱਧ ਗਿਆ। ਇਸ ਲਈ ਸ਼ਾਊਲ ਨੇ ਜਾਜਕ ਨੂੰ ਕਿਹਾ, “ਆਪਣਾ ਹੱਥ ਹਟਾ ਲੈ।”

ਤਦ ਸ਼ਾਊਲ ਅਤੇ ਉਹ ਦੇ ਸਾਰੇ ਮਨੁੱਖ ਇਕੱਠੇ ਹੋਏ ਅਤੇ ਲੜਾਈ ਵਿੱਚ ਗਏ ਅਤੇ ਫ਼ਲਿਸਤੀਆਂ ਨੂੰ ਪੂਰੀ ਤਰ੍ਹਾਂ ਉਲਝਣ ਵਿੱਚ ਪਏ ਹੋਵੇ ਵੇਖਿਆ, ਅਤੇ ਇੱਕ-ਦੂਜੇ ਦੀ ਤਲਵਾਰ ਆਪਣੇ ਹੀ ਨਾਲ ਦੇ ਹੀ ਸਾਥੀ ਉੱਤੇ ਹੀ ਚੱਲੀ ਅਤੇ ਵੱਡੀ ਹਲਚਲ ਪੈ ਗਈ। ਉਹ ਇਬਰਾਨੀ ਜਿਹੜੇ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਡੇਰੇ ਵਿੱਚ ਗਏ ਸਨ ਉਹਨਾਂ ਇਸਰਾਏਲੀਆਂ ਕੋਲ ਜਿਹੜੇ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਉਹਨਾਂ ਨਾਲ ਰਲ ਗਏ। ਜਦੋਂ ਸਾਰੇ ਇਸਰਾਏਲੀਆਂ ਨੇ ਜਿਹੜੇ ਇਫ਼ਰਾਈਮ ਦੇ ਪਹਾੜੀ ਦੇਸ ਵਿੱਚ ਛੁਪੇ ਹੋਏ ਸਨ ਸੁਣਿਆ ਕਿ ਫ਼ਲਿਸਤੀ ਭੱਜ ਰਹੇ ਹਨ, ਤਾਂ ਉਹ ਲੜਾਈ ਵਿੱਚ ਸ਼ਾਮਲ ਹੋ ਗਏ। ਸੋ ਉਸ ਦਿਨ ਯਾਹਵੇਹ ਨੇ ਇਸਰਾਏਲ ਨੂੰ ਬਚਾਇਆ ਅਤੇ ਲੜਾਈ ਬੈਤ-ਆਵਨ ਤੋਂ ਅੱਗੇ ਚੱਲੀ ਗਈ।

ਯੋਨਾਥਾਨ ਨੇ ਸ਼ਹਿਦ ਖਾਧਾ

ਉਸ ਦਿਨ ਇਸਰਾਏਲੀ ਬਹੁਤ ਦੁਖੀ ਸਨ ਕਿਉਂ ਜੋ ਸ਼ਾਊਲ ਨੇ ਲੋਕਾਂ ਨੂੰ ਇਹ ਕਹਿ ਕੇ ਸਹੁੰ ਦਿੱਤੀ ਸੀ, “ਕਿ ਸਰਾਪਿਆ ਹੋਵੇ ਹਰ ਕੋਈ ਜਿਹੜਾ ਸ਼ਾਮ ਹੋਣ ਤੋਂ ਪਹਿਲਾਂ ਭੋਜਨ ਖਾਵੇ, ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂ!” ਇਸ ਲਈ ਫ਼ੌਜਾਂ ਵਿੱਚੋਂ ਕਿਸੇ ਨੇ ਵੀ ਭੋਜਨ ਨਹੀਂ ਚੱਖਿਆ।

ਸਾਰੀ ਫ਼ੌਜ ਜੰਗਲ ਵਿੱਚ ਵੜ ਗਈ ਅਤੇ ਜ਼ਮੀਨ ਉੱਤੇ ਸ਼ਹਿਦ ਸੀ। ਜਦੋਂ ਉਹ ਜੰਗਲ ਵਿੱਚ ਗਏ ਤਾਂ ਉਹਨਾਂ ਨੇ ਸ਼ਹਿਦ ਨੂੰ ਚੌਂਦਾ ਹੋਇਆ ਵੇਖਿਆ। ਪਰ ਕੋਈ ਵੀ ਆਪਣੇ ਮੂੰਹ ਵੱਲ ਹੱਥ ਨਾ ਲੈ ਕੇ ਗਿਆ, ਕਿਉਂਕਿ ਉਹ ਸਹੁੰ ਤੋਂ ਡਰਦੇ ਸਨ। ਪਰ ਯੋਨਾਥਾਨ ਨੇ ਇਹ ਨਾ ਸੁਣਿਆ ਸੀ ਕਿ ਉਸ ਦੇ ਪਿਤਾ ਨੇ ਲੋਕਾਂ ਨੂੰ ਸਹੁੰ ਚੁਕਾਈ ਸੀ, ਇਸ ਲਈ ਉਸ ਨੇ ਉਸ ਆਪਣੀ ਸੋਟੀ ਦੇ ਸਿਰੇ ਨੂੰ ਸ਼ਹਿਦ ਦੇ ਛੱਤੇ ਵਿੱਚ ਵਾੜਿਆ ਅਤੇ ਹੱਥ ਮੂੰਹ ਵੱਲ ਕੀਤਾ ਅਤੇ ਉਸਦੀ ਦੀਆਂ ਅੱਖਾਂ ਵਿੱਚ ਰੌਸ਼ਨੀ ਆਈ। ਤਦ ਸਿਪਾਹੀਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਤੇਰੇ ਪਿਤਾ ਨੇ ਫ਼ੌਜ ਨੂੰ ਇਹ ਕਹਿ ਕੇ ਪੱਕੀ ਸਹੁੰ ਚੁਕਾਈ ਸੀ, ‘ਸਰਾਪੀ ਹੋਵੇ ਜਿਹੜਾ ਅੱਜ ਭੋਜਨ ਖਾਵੇ!’ ਉਸ ਵੇਲੇ ਲੋਕ ਥੱਕੇ ਹੋਏ ਸਨ।”

ਯੋਨਾਥਾਨ ਨੇ ਆਖਿਆ, “ਮੇਰੇ ਪਿਤਾ ਨੇ ਦੇਸ਼ ਨੂੰ ਦੁੱਖ ਦਿੱਤਾ। ਵੇਖੋ ਜਦੋਂ ਮੈਂ ਥੋੜਾ ਜਿਹਾ ਸ਼ਹਿਦ ਚੱਖਿਆ ਤਾਂ ਮੇਰੀਆਂ ਅੱਖਾਂ ਕਿਵੇਂ ਚਮਕ ਗਈਆਂ। ਕਿੰਨਾ ਚੰਗਾ ਹੁੰਦਾ ਜੇ ਅੱਜ ਮਨੁੱਖ ਆਪਣੇ ਵੈਰੀਆਂ ਤੋਂ ਲੁੱਟੀ ਹੋਈ ਲੁੱਟ ਵਿੱਚੋਂ ਕੁਝ ਖਾ ਲੈਂਦੇ। ਕੀ ਫ਼ਲਿਸਤੀਆਂ ਦਾ ਨਾਸ ਇਸ ਤੋਂ ਵੀ ਵੱਧ ਨਾ ਹੁੰਦਾ?”

ਉਸ ਦਿਨ ਜਦੋਂ ਇਸਰਾਏਲੀਆਂ ਨੇ ਮਿਕਮਾਸ਼ ਤੋਂ ਅੱਯਾਲੋਨ ਤੱਕ ਫ਼ਲਿਸਤੀਆਂ ਨੂੰ ਮਾਰਿਆ ਤਾਂ ਉਹ ਬਹੁਤ ਥੱਕ ਗਏ। ਉਹਨਾਂ ਨੇ ਲੁੱਟ ਉੱਤੇ ਝਪਟ ਮਾਰੀ ਅਤੇ ਭੇਡਾਂ, ਡੰਗਰ ਅਤੇ ਵੱਛੇ ਲੈ ਕੇ ਉਹਨਾਂ ਨੂੰ ਜ਼ਮੀਨ ਉੱਤੇ ਵੱਢ ਸੁੱਟਿਆ ਅਤੇ ਲਹੂ ਸਮੇਤ ਖਾਧਾ। ਤਦ ਕਿਸੇ ਨੇ ਸ਼ਾਊਲ ਨੂੰ ਕਿਹਾ, “ਵੇਖੋ, ਉਹ ਮਾਸ ਖਾ ਕੇ ਜਿਸ ਵਿੱਚ ਲਹੂ ਹੈ, ਮਨੁੱਖ ਯਾਹਵੇਹ ਦੇ ਵਿਰੁੱਧ ਪਾਪ ਕਰ ਰਹੇ ਹਨ।”

ਉਸਨੇ ਕਿਹਾ, “ਤੁਸੀਂ ਵਿਸ਼ਵਾਸ ਤੋੜਿਆ ਹੈ, ਸੋ ਮੇਰੇ ਸਾਹਮਣੇ ਇੱਕ ਵੱਡਾ ਪੱਥਰ ਰੇੜ੍ਹ ਲਿਆਓ।” ਤਦ ਉਸ ਨੇ ਆਖਿਆ, “ਮਨੁੱਖਾਂ ਵਿੱਚ ਜਾ ਕੇ ਉਹਨਾਂ ਨੂੰ ਆਖੋ, ‘ਤੁਹਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਪਸ਼ੂ ਅਤੇ ਭੇਡਾਂ ਮੇਰੇ ਕੋਲ ਲਿਆਵੇ ਅਤੇ ਉਹਨਾਂ ਨੂੰ ਇੱਥੇ ਵੱਢ ਕੇ ਖਾਓ। ਪਰ ਲਹੂ ਸਮੇਤ ਖਾ ਕੇ ਯਾਹਵੇਹ ਅੱਗੇ ਪਾਪ ਨਾ ਕਰੋ।’ ”

ਇਸ ਲਈ ਹਰ ਕੋਈ ਉਸ ਰਾਤ ਆਪਣੇ ਬਲਦ ਨੂੰ ਲਿਆਇਆ ਅਤੇ ਉਸ ਨੂੰ ਉੱਥੇ ਵੱਢ ਦਿੱਤਾ। ਤਦ ਸ਼ਾਊਲ ਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਇਹ ਪਹਿਲੀ ਜਗਵੇਦੀ ਸੀ ਜੋ ਉਸਨੇ ਯਾਹਵੇਹ ਲਈ ਬਣਾਈ।

ਸ਼ਾਊਲ ਨੇ ਆਖਿਆ, ਆਓ ਅਸੀਂ ਹੇਠਾਂ ਚੱਲੀਏ ਅਤੇ ਰਾਤ ਨੂੰ ਫ਼ਲਿਸਤੀਆਂ ਦਾ ਪਿੱਛਾ ਕਰੀਏ ਅਤੇ ਸਵੇਰ ਤੱਕ ਉਹਨਾਂ ਨੂੰ ਲੁੱਟੀਏ ਅਤੇ ਉਹਨਾਂ ਵਿੱਚੋਂ ਇੱਕ ਨੂੰ ਵੀ ਜੀਉਂਦਾ ਨਾ ਛੱਡੀਏ।

“ਤਾਂ ਉਹ ਬੋਲੇ, ਜੋ ਤੁਹਾਨੂੰ ਚੰਗਾ ਲੱਗੇ ਉਹ ਕਰੋ।”

ਪਰ ਜਾਜਕ ਨੇ ਕਿਹਾ, “ਆਓ ਅਸੀਂ ਇੱਥੇ ਪਰਮੇਸ਼ਵਰ ਦੇ ਨੇੜੇ ਹੋਈਏ।”

ਤਦ ਸ਼ਾਊਲ ਨੇ ਪਰਮੇਸ਼ਵਰ ਨੂੰ ਆਖਿਆ, “ਕੀ ਮੈਂ ਹੇਠਾਂ ਜਾ ਕੇ ਫ਼ਲਿਸਤੀਆਂ ਦਾ ਪਿੱਛਾ ਕਰਾਂ? ਕੀ ਤੂੰ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇਵੇਂਗਾ?” ਪਰ ਉਸ ਦਿਨ ਪਰਮੇਸ਼ਵਰ ਨੇ ਉਸਨੂੰ ਕੋਈ ਜਵਾਬ ਨਹੀਂ ਦਿੱਤਾ।

ਇਸ ਲਈ ਸ਼ਾਊਲ ਨੇ ਆਖਿਆ, “ਹੇ ਸਾਰੇ ਫ਼ੌਜ ਦੇ ਆਗੂਓ, ਇੱਥੇ ਆਓ ਅਤੇ ਪਤਾ ਕਰੀਏ ਕਿ ਅੱਜ ਕੀ ਪਾਪ ਹੋਇਆ ਹੈ। ਜਿਵੇਂ ਯਾਹਵੇਹ ਇਸਰਾਏਲ ਨੂੰ ਬਚਾਉਂਦਾ ਅਤੇ ਜੋ ਜਿਉਂਦਾ ਹੈ, ਭਾਵੇਂ ਇਹ ਦੋਸ਼ ਮੇਰੇ ਪੁੱਤਰ ਯੋਨਾਥਾਨ ਦਾ ਹੀ ਕਿਉਂ ਨਾ ਹੋਵੇ, ਉਹ ਜ਼ਰੂਰ ਮਰ ਜਾਵੇਗਾ।” ਪਰ ਉਹਨਾਂ ਵਿੱਚੋਂ ਕਿਸੇ ਨੇ ਇੱਕ ਸ਼ਬਦ ਵੀ ਨਹੀਂ ਕਿਹਾ।

ਤਦ ਸ਼ਾਊਲ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, “ਤੁਸੀਂ ਉੱਥੇ ਖੜ੍ਹੇ ਰਹੋ। ਮੈਂ ਅਤੇ ਮੇਰਾ ਪੁੱਤਰ ਯੋਨਾਥਾਨ ਇੱਥੇ ਖੜ੍ਹੇ ਹੋਵਾਂਗੇ।”

ਤਦ ਲੋਕ ਸ਼ਾਊਲ ਨੂੰ ਬੋਲੇ, “ਉਹੀ ਕਰੋ ਜੋ ਤੁਹਾਨੂੰ ਚੰਗਾ ਲੱਗੇ।”

ਤਦ ਸ਼ਾਊਲ ਨੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ, “ਤੂੰ ਅੱਜ ਆਪਣੇ ਸੇਵਕ ਨੂੰ ਉੱਤਰ ਕਿਉਂ ਨਹੀਂ ਦਿੱਤਾ? ਜੇ ਕਸੂਰ ਮੇਰੇ ਜਾਂ ਮੇਰੇ ਪੁੱਤਰ ਯੋਨਾਥਾਨ ਵਿੱਚ ਹੈ, ਤਾਂ ਊਰੀਮ ਨਾਲ ਜਵਾਬ ਦਿਓ, ਪਰ ਜੇ ਇਸਰਾਏਲ ਦੇ ਲੋਕ ਗਲਤ ਹਨ, ਤਾਂ ਥੰਮੀਮ ਨਾਲ ਜਵਾਬ ਦਿਓ।” ਯੋਨਾਥਾਨ ਅਤੇ ਸ਼ਾਊਲ ਬਦੀ ਵਿੱਚ ਫੜੇ ਗਏ, ਪਰ ਲੋਕ ਬਚ ਗਏ। ਸ਼ਾਊਲ ਨੇ ਆਖਿਆ, ਮੇਰੇ ਅਤੇ ਮੇਰੇ ਪੁੱਤਰ ਯੋਨਾਥਾਨ ਦੇ ਨਾਮ ਉੱਤੇ ਪਰਚੀ ਪਾਓ ਅਤੇ ਯੋਨਾਥਾਨ ਦੇ ਨਾਮ ਦੀ ਪਰਚੀ ਨਿਕਲੀ।

ਤਦ ਸ਼ਾਊਲ ਨੇ ਯੋਨਾਥਾਨ ਨੂੰ ਆਖਿਆ, “ਮੈਨੂੰ ਦੱਸ ਤੂੰ ਕੀ ਕੀਤਾ ਹੈ।”

ਇਸ ਲਈ ਯੋਨਾਥਾਨ ਨੇ ਉਸਨੂੰ ਕਿਹਾ, “ਮੈਂ ਆਪਣੀ ਸੋਟੀ ਦੇ ਸਿਰੇ ਨਾਲ ਥੋੜਾ ਜਿਹਾ ਸ਼ਹਿਦ ਚੱਖਿਆ ਅਤੇ ਹੁਣ ਮੈਂ ਮਰ ਰਿਹਾ ਹਾਂ!”

ਸ਼ਾਊਲ ਨੇ ਆਖਿਆ, “ਮੇਰਾ ਪਰਮੇਸ਼ਵਰ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਤੋਂ ਵੀ ਵੱਧ ਪਰ ਹੇ ਯੋਨਾਥਾਨ, ਤੈਨੂੰ ਜ਼ਰੂਰ ਮਰਨਾ ਪਵੇਗਾ।”

ਪਰ ਮਨੁੱਖਾਂ ਨੇ ਸ਼ਾਊਲ ਨੂੰ ਆਖਿਆ, “ਕੀ ਯੋਨਾਥਾਨ ਨੂੰ ਮਰ ਜਾਣਾ ਚਾਹੀਦਾ ਹੈ ਜਿਸ ਨੇ ਇਸਰਾਏਲ ਵਿੱਚ ਇਹ ਵੱਡਾ ਛੁਟਕਾਰਾ ਕੀਤਾ ਹੈ? ਕਦੇ ਨਹੀਂ! ਜਿਉਂਦੇ ਜੀਅ ਯਾਹਵੇਹ ਦੀ ਸਹੁੰ, ਉਸਦੇ ਸਿਰ ਦਾ ਇੱਕ ਵਾਲ ਵੀ ਜ਼ਮੀਨ ਤੇ ਨਹੀਂ ਡਿੱਗੇਗਾ, ਕਿਉਂਕਿ ਉਸਨੇ ਅੱਜ ਇਹ ਪਰਮੇਸ਼ਵਰ ਦੀ ਸਹਾਇਤਾ ਨਾਲ ਕੀਤਾ ਹੈ।” ਇਸ ਲਈ ਆਦਮੀਆਂ ਨੇ ਯੋਨਾਥਾਨ ਨੂੰ ਛੁਡਾਇਆ ਅਤੇ ਉਹ ਮਾਰਿਆ ਨਾ ਗਿਆ।

ਤਦ ਸ਼ਾਊਲ ਨੇ ਫ਼ਲਿਸਤੀਆਂ ਦਾ ਪਿੱਛਾ ਕਰਨਾ ਛੱਡ ਦਿੱਤਾ ਅਤੇ ਉਹ ਆਪਣੇ ਦੇਸ਼ ਨੂੰ ਮੁੜ ਗਏ।

ਸੋ ਸ਼ਾਊਲ ਨੇ ਇਸਰਾਏਲ ਦੇ ਉੱਤੇ ਰਾਜ ਕੀਤਾ ਅਤੇ ਆਪਣੇ ਵੈਰੀਆਂ ਨਾਲ ਚੁਫ਼ੇਰਿਓਂ ਮੋਆਬ ਦੇ ਅਤੇ ਅੰਮੋਨੀਆਂ ਦੇ ਨਾਲ ਅਤੇ ਅਦੋਮ ਦੇ ਅਤੇ ਜ਼ੋਬਾਹ ਦੇ ਰਾਜਿਆਂ ਨਾਲ ਅਤੇ ਫ਼ਲਿਸਤੀਆਂ ਨਾਲ ਲੜਾਈ ਕੀਤੀ ਅਤੇ ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਉਹ ਉਹਨਾਂ ਨੂੰ ਦੁੱਖ ਦਿੰਦਾ ਸੀ। ਉਹ ਬਹਾਦਰੀ ਨਾਲ ਲੜਿਆ ਅਤੇ ਅਮਾਲੇਕੀਆਂ ਨੂੰ ਹਰਾਇਆ ਅਤੇ ਇਸਰਾਏਲ ਨੂੰ ਉਹਨਾਂ ਦੇ ਹੱਥੋਂ ਛੁਡਾਇਆ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਸੀ।

ਸ਼ਾਊਲ ਦਾ ਪਰਿਵਾਰ

ਸ਼ਾਊਲ ਦੇ ਪੁੱਤਰ ਯੋਨਾਥਾਨ, ਯਿਸ਼ਵੀ ਅਤੇ ਮਲਕੀ-ਸ਼ੂਆ ਸਨ। ਉਸਦੀ ਵੱਡੀ ਧੀ ਦਾ ਨਾਮ ਮੇਰਬ ਸੀ ਅਤੇ ਛੋਟੀ ਦਾ ਮੀਕਲ ਸੀ। ਉਸ ਦੀ ਪਤਨੀ ਦਾ ਨਾਮ ਅਹੀਨੋਆਮ ਸੀ ਜੋ ਅਹੀਮਾਜ਼ ਦੀ ਧੀ ਸੀ। ਸ਼ਾਊਲ ਦੀ ਸੈਨਾਪਤੀ ਦਾ ਨਾਮ ਅਬਨੇਰ ਸੀ ਜੋ ਸ਼ਾਊਲ ਦਾ ਚਾਚੇ ਨੇਰ ਦਾ ਪੁੱਤਰ ਸੀ। ਸ਼ਾਊਲ ਦਾ ਪਿਤਾ ਕੀਸ਼ ਅਤੇ ਅਬਨੇਰ ਦਾ ਪਿਤਾ ਨੇਰ ਅਬੀਏਲ ਦੇ ਪੁੱਤਰ ਸੀ।

ਸ਼ਾਊਲ ਦੇ ਸਾਰੇ ਦਿਨ ਫ਼ਲਿਸਤੀਆਂ ਨਾਲ ਲੜਾਈ ਹੁੰਦੀ ਰਹੀ ਅਤੇ ਜਦੋਂ ਵੀ ਸ਼ਾਊਲ ਨੇ ਕਿਸੇ ਸੂਰਬੀਰ ਜਾਂ ਬਹਾਦਰ ਨੂੰ ਵੇਖਿਆ ਤਾਂ ਉਹ ਨੂੰ ਆਪਣੀ ਸੇਵਾ ਵਿੱਚ ਲੈ ਲਿਆ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.