Biblica® Open Punjabi Contemporary Version 2025
1 ਸ਼ਮੂਏਲ 12
ਸਮੂਏਲ ਦਾ ਸੰਦੇਸ਼
ਸਮੂਏਲ ਨੇ ਸਾਰੇ ਇਸਰਾਏਲ ਨੂੰ ਆਖਿਆ, “ਮੈਂ ਸਭ ਕੁਝ ਮੰਨ ਲਿਆ ਹੈ ਜੋ ਤੁਸੀਂ ਮੈਨੂੰ ਕਿਹਾ ਹੈ ਅਤੇ ਮੈਂ ਤੁਹਾਡੇ ਉੱਤੇ ਇੱਕ ਰਾਜਾ ਠਹਿਰਾਇਆ ਹੈ। ਹੁਣ ਤੁਹਾਡਾ ਆਗੂ ਇੱਕ ਰਾਜਾ ਹੈ ਅਤੇ ਮੈਂ ਹੁਣ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੇ ਸਿਰ ਦੇ ਵਾਲ ਵੀ ਚਿੱਟੇ ਹੋ ਗਏ ਹਨ, ਅਤੇ ਮੇਰੇ ਪੁੱਤਰ ਇੱਥੇ ਤੁਹਾਡੇ ਨਾਲ ਹਨ। ਮੈਂ ਆਪਣੀ ਜਵਾਨੀ ਤੋਂ ਲੈ ਕੇ ਅੱਜ ਤੱਕ ਤੁਹਾਡਾ ਆਗੂ ਰਿਹਾ ਹਾਂ। ਮੈਂ ਇੱਥੇ ਖੜ੍ਹਾ ਹਾਂ, ਮੇਰੇ ਵਿਰੁੱਧ ਯਾਹਵੇਹ ਅਤੇ ਉਸਦੇ ਮਸਹ ਕੀਤੇ ਹੋਏ ਦੇ ਸਾਹਮਣੇ ਗਵਾਹੀ ਦਿਓ। ਮੈਂ ਕਿਸ ਦਾ ਬਲਦ ਲਿਆ ਹੈ? ਮੈਂ ਕਿਸ ਦਾ ਗਧਾ ਲਿਆ ਹੈ? ਜਾਂ ਮੈਂ ਕਿਸ ਨੂੰ ਧੋਖਾ ਦਿੱਤਾ ਹੈ? ਜਾਂ ਮੈਂ ਕਿਸੇ ਤੇ ਜ਼ੁਲਮ ਕੀਤਾ ਹੈ? ਜਾਂ ਮੈਂ ਕਿਸੇ ਕੋਲੋ ਰਿਸ਼ਵਤ ਲੈ ਕੇ ਅਣਦੇਖਾ ਕਰ ਦਿੱਤਾ ਹੈ। ਜੇਕਰ ਮੈਂ ਇਹਨਾਂ ਵਿੱਚੋਂ ਕੋਈ ਕੰਮ ਕੀਤਾ ਹੈ, ਤਾਂ ਮੈਂ ਇਸਨੂੰ ਠੀਕ ਕਰਾਂਗਾ।”
ਉਹਨਾਂ ਨੇ ਉੱਤਰ ਦਿੱਤਾ, “ਤੁਸੀਂ ਸਾਡੇ ਨਾਲ ਧੋਖਾ ਜਾਂ ਜ਼ੁਲਮ ਨਹੀਂ ਕੀਤਾ। ਤੂੰ ਕਿਸੇ ਦੇ ਹੱਥੋਂ ਕੁਝ ਨਹੀਂ ਲਿਆ।”
ਸਮੂਏਲ ਨੇ ਉਹਨਾਂ ਨੂੰ ਆਖਿਆ, ਯਾਹਵੇਹ ਤੁਹਾਡੇ ਵਿਰੁੱਧ ਗਵਾਹ ਹੈ ਅਤੇ ਉਸ ਦਾ ਮਸਹ ਕੀਤਾ ਹੋਇਆ, ਅੱਜ ਦੇ ਦਿਨ ਗਵਾਹ ਹੈ ਜੋ ਤੁਸੀਂ ਮੇਰੇ ਹੱਥ ਵਿੱਚ ਕੁਝ ਨਹੀਂ ਪਾਇਆ।
ਉਹਨਾਂ ਨੇ ਕਿਹਾ, “ਉਹ ਗਵਾਹ ਹੈ।”
ਤਦ ਸਮੂਏਲ ਨੇ ਲੋਕਾਂ ਨੂੰ ਆਖਿਆ, “ਇਹ ਯਾਹਵੇਹ ਹੀ ਹੈ ਜਿਸਨੇ ਮੋਸ਼ੇਹ ਅਤੇ ਹਾਰੋਨ ਨੂੰ ਨਿਯੁਕਤ ਕੀਤਾ ਅਤੇ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਤਾਂ ਹੁਣ ਤੁਸੀਂ ਇੱਥੇ ਖੜ੍ਹੇ ਰਹੋ ਕਿਉਂ ਜੋ ਮੈਂ ਯਾਹਵੇਹ ਦੇ ਸਾਹਮਣੇ ਉਹਨਾਂ ਸਾਰਿਆਂ ਦੀ ਭਲਿਆਈਆਂ ਦੇ ਕਾਰਨ ਜੋ ਯਾਹਵੇਹ ਨੇ ਤੁਹਾਡੇ ਪੁਰਖਿਆਂ ਉੱਤੇ ਕੀਤੀਆਂ, ਤੁਹਾਡੇ ਨਾਲ ਵਿਚਾਰ ਕਰਾਂਗਾ।
“ਯਾਕੋਬ ਦੇ ਮਿਸਰ ਵਿੱਚ ਦਾਖਲ ਹੋਣ ਤੋਂ ਬਾਅਦ, ਉਹਨਾਂ ਨੇ ਯਾਹਵੇਹ ਅੱਗੇ ਮਦਦ ਲਈ ਦੁਹਾਈ ਦਿੱਤੀ, ਅਤੇ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਭੇਜਿਆ, ਜੋ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਏ ਅਤੇ ਉਹਨਾਂ ਨੂੰ ਇਸ ਜਗ੍ਹਾ ਵਿੱਚ ਵਸਾਇਆ।
“ਪਰ ਉਹ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਗਏ; ਇਸ ਲਈ ਉਸਨੇ ਉਹਨਾਂ ਨੂੰ ਹਾਜ਼ੋਰ ਦੀ ਸੈਨਾ ਦੇ ਸੈਨਾਪਤੀ ਸੀਸਰਾ ਦੇ ਹੱਥਾਂ ਵਿੱਚ ਅਤੇ ਫ਼ਲਿਸਤੀਆਂ ਅਤੇ ਮੋਆਬ ਦੇ ਰਾਜੇ ਦੇ ਹੱਥਾਂ ਵਿੱਚ ਕਰ ਦਿੱਤਾ, ਜੋ ਉਹਨਾਂ ਦੇ ਵਿਰੁੱਧ ਲੜੇ। ਫਿਰ ਉਹਨਾਂ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ ਅਤੇ ਕਿਹਾ, ‘ਅਸੀਂ ਪਾਪ ਕੀਤਾ ਹੈ ਕਿਉਂ ਜੋ ਅਸੀਂ ਯਾਹਵੇਹ ਨੂੰ ਤਿਆਗ ਦਿੱਤਾ ਹੈ ਅਤੇ ਬਆਲ ਅਤੇ ਅਸ਼ਤਾਰੋਥ ਦੀ ਪੂਜਾ ਕੀਤੀ। ਪਰ ਹੁਣ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਡਾ, ਤਾਂ ਅਸੀਂ ਤੇਰੀ ਉਪਾਸਨਾ ਕਰਾਂਗੇ।’ ਤਦ ਯਾਹਵੇਹ ਨੇ ਯਰੁੱਬਆਲ1, ਬਦਾਨ, ਯਿਫ਼ਤਾਹ ਅਤੇ ਸਮੂਏਲ ਨੂੰ ਭੇਜਿਆ ਅਤੇ ਉਸ ਨੇ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਇਆ, ਅਤੇ ਤੁਸੀਂ ਸੁੱਖ ਨਾਲ ਵੱਸ ਗਏ।
“ਪਰ ਜਦੋਂ ਤੁਸੀਂ ਵੇਖਿਆ ਕਿ ਅੰਮੋਨੀਆਂ ਦਾ ਰਾਜਾ ਨਾਹਾਸ਼ ਨੇ ਤੁਹਾਡੇ ਵਿਰੁੱਧ ਹਮਲਾ ਕੀਤਾ, ਤਾਂ ਤੁਸੀਂ ਮੈਨੂੰ ਕਿਹਾ, ‘ਨਹੀਂ, ਅਸੀਂ ਚਾਹੁੰਦੇ ਹਾਂ ਕਿ ਇੱਕ ਰਾਜਾ ਸਾਡੇ ਉੱਤੇ ਰਾਜ ਕਰੇ,’ ਭਾਵੇਂ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ। ਤੁਹਾਡਾ ਰਾਜਾ ਸੀ। ਹੁਣ ਇੱਥੇ ਇਹ ਰਾਜਾ ਹੈ ਜਿਸ ਨੂੰ ਤੁਸੀਂ ਚੁਣਿਆ ਹੈ, ਜਿਸ ਨੂੰ ਤੁਸੀਂ ਮੰਗਿਆ ਸੀ; ਵੇਖੋ, ਯਾਹਵੇਹ ਨੇ ਤੁਹਾਡੇ ਉੱਤੇ ਇੱਕ ਰਾਜਾ ਠਹਿਰਾਇਆ ਹੈ। ਜੇ ਤੁਸੀਂ ਯਾਹਵੇਹ ਤੋਂ ਡਰਦੇ ਰਹੋਗੇ ਅਤੇ ਉਸ ਦੀ ਉਪਾਸਨਾ ਕਰਦੇ ਰਹੋਗੇ, ਅਤੇ ਉਸ ਦੇ ਬਚਨ ਮੰਨੋਗੇ ਅਤੇ ਉਸ ਦੇ ਹੁਕਮਾਂ ਦੀ ਉਲੰਘਣਾ ਨਾ ਕਰੋਗੇ ਅਤੇ ਜੇਕਰ ਤੁਸੀਂ ਅਤੇ ਤੁਹਾਡੇ ਉੱਤੇ ਰਾਜ ਕਰਨ ਵਾਲਾ ਰਾਜਾ ਯਾਹਵੇਹ ਆਪਣੇ ਪਰਮੇਸ਼ਵਰ ਦੇ ਮਗਰ ਲੱਗੇ ਰਹੋਗੇ! ਪਰ ਜੇ ਤੁਸੀਂ ਯਾਹਵੇਹ ਦਾ ਬਚਨ ਨਾ ਮੰਨੋ ਅਤੇ ਉਸ ਦੇ ਹੁਕਮਾਂ ਦੀ ਉਲੰਘਣਾ ਕਰੋਗੇ ਤਾਂ ਯਾਹਵੇਹ ਦਾ ਹੱਥ ਤੁਹਾਡੇ ਵਿਰੁੱਧ ਹੋਵੇਗਾ ਜਿਵੇਂ ਤੁਹਾਡੇ ਪੁਰਖਿਆਂ ਦੇ ਵਿਰੁੱਧ ਸੀ।
“ਹੁਣ, ਤੁਸੀਂ ਖੜ੍ਹੇ ਰਹੋ ਅਤੇ ਇਸ ਮਹਾਨ ਕੰਮ ਨੂੰ ਵੇਖੋ ਜੋ ਯਾਹਵੇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਰਨ ਵਾਲਾ ਹੈ! ਕੀ ਹੁਣ ਕਣਕ ਦੀ ਵਾਢੀ ਦਾ ਸਮਾਂ ਨਹੀਂ? ਮੈਂ ਯਾਹਵੇਹ ਨੂੰ ਪੁਕਾਰਾਂਗਾ ਜੋ ਬੱਦਲਾਂ ਨੂੰ ਗਰਜਾਵੇ ਅਤੇ ਮੀਂਹ ਘੱਲੇ ਇਸ ਕਰਕੇ ਜੋ ਤੁਸੀਂ ਜਾਣੋ ਅਤੇ ਵੇਖੋ, ਜੋ ਯਾਹਵੇਹ ਕੋਲੋਂ ਰਾਜਾ ਮੰਗਣ ਦਾ ਇੱਕ ਵੱਡਾ ਪਾਪ ਕੀਤਾ ਹੈ।”
ਤਦ ਸਮੂਏਲ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਉਸੇ ਦਿਨ ਗਰਜ ਹੋਈ ਅਤੇ ਯਾਹਵੇਹ ਨੇ ਮੀਂਹ ਭੇਜਿਆ। ਇਸ ਲਈ ਸਾਰੇ ਲੋਕ ਯਾਹਵੇਹ ਅਤੇ ਸਮੂਏਲ ਕੋਲੋ ਬਹੁਤ ਡਰ ਗਏ।
ਸਭਨਾਂ ਲੋਕਾਂ ਨੇ ਸਮੂਏਲ ਨੂੰ ਆਖਿਆ, “ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਆਪਣੇ ਸੇਵਕਾਂ ਲਈ ਪ੍ਰਾਰਥਨਾ ਕਰੋ ਤਾਂ ਜੋ ਅਸੀਂ ਮਰ ਨਾ ਜਾਈਏ ਕਿਉਂ ਜੋ ਅਸੀਂ ਰਾਜੇ ਦੀ ਮੰਗ ਕਰਨ ਦੀ ਬਦੀ ਵਿੱਚ ਆਪਣੇ ਹੋਰ ਸਾਰੇ ਪਾਪਾਂ ਵਿੱਚ ਵਾਧਾ ਕੀਤਾ ਹੈ।”
ਸਮੂਏਲ ਨੇ ਉੱਤਰ ਦਿੱਤਾ, “ਡਰੋ ਨਹੀਂ, ਤੁਸੀਂ ਇਹ ਸਭ ਬੁਰਾਈ ਕੀਤੀ ਹੈ; ਫਿਰ ਵੀ ਯਾਹਵੇਹ ਤੋਂ ਮੂੰਹ ਨਾ ਮੋੜੋ, ਪਰ ਆਪਣੇ ਪੂਰੇ ਦਿਲ ਨਾਲ ਯਾਹਵੇਹ ਦੀ ਉਪਾਸਨਾ ਕਰੋ। ਵਿਅਰਥ ਮੂਰਤੀਆਂ ਦੇ ਮਗਰ ਨਾ ਮੁੜੋ। ਜਿਸ ਦੇ ਵਿੱਚੋਂ ਕੁਝ ਲਾਭ ਜਾ ਛੁਟਕਾਰਾ ਨਹੀਂ ਹੁੰਦਾ, ਕਿਉਂਕਿ ਉਹ ਸਭ ਵਿਅਰਥ ਹਨ। ਕਿਉਂ ਜੋ ਯਾਹਵੇਹ ਆਪਣੇ ਮਹਾਨ ਨਾਮ ਦੀ ਖ਼ਾਤਰ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ, ਕਿਉਂਕਿ ਯਾਹਵੇਹ ਨੇ ਤੁਹਾਨੂੰ ਆਪਣੀ ਹੀ ਮਰਜ਼ੀ ਨਾਲ ਆਪਣਾ ਬਣਾਇਆ ਹੈ। ਅਤੇ ਮੇਰੇ ਤੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਛੱਡ ਕੇ ਯਾਹਵੇਹ ਦੇ ਵਿਰੁੱਧ ਪਾਪ ਕਰਾਂ। ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਦਾ ਰਹਾਂਗਾ ਜੋ ਭਲਾ ਅਤੇ ਸਿੱਧਾ ਹੈ। ਪਰ ਯਾਹਵੇਹ ਤੋਂ ਡਰੋ ਅਤੇ ਪੂਰੇ ਦਿਲ ਨਾਲ ਵਫ਼ਾਦਾਰੀ ਨਾਲ ਉਸਦੀ ਉਪਾਸਨਾ ਕਰੋ। ਵਿਚਾਰ ਕਰੋ ਕਿ ਉਸਨੇ ਤੁਹਾਡੇ ਲਈ ਕਿੰਨ੍ਹੇ ਵੱਡੇ-ਵੱਡੇ ਕੰਮ ਕੀਤੇ ਹਨ। ਤਾਂ ਵੀ ਜੇ ਤੁਸੀਂ ਬੁਰਿਆਈ ਕਰੋਗੇ, ਤਾਂ ਤੁਸੀਂ ਅਤੇ ਤੁਹਾਡਾ ਰਾਜਾ ਦੋਵੇਂ ਨਾਸ ਹੋ ਜਾਵੋਗੇ।”
Source notes (1)
- Footnote ਯਰੁੱਬਆਲ ਅਰਥਾਤ ਗਿਦਾਊਨ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.