Skip to content
BibleKenya

Biblica® Open Punjabi Contemporary Version 2025

1 ਸ਼ਮੂਏਲ 10

ਤਦ ਸਮੂਏਲ ਨੇ ਜ਼ੈਤੂਨ ਦੇ ਤੇਲ ਦੀ ਇੱਕ ਕੁੱਪੀ ਲੈ ਕੇ ਸ਼ਾਊਲ ਦੇ ਸਿਰ ਉੱਤੇ ਡੋਲ੍ਹ ਦਿੱਤੀ ਅਤੇ ਉਸ ਨੂੰ ਚੁੰਮ ਕੇ ਆਖਿਆ, “ਕੀ ਯਾਹਵੇਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਸਦੀ ਵਿਰਾਸਤ ਦਾ ਅਧਿਕਾਰੀ ਬਣੇ? ਅੱਜ ਜਦੋਂ ਤੂੰ ਮੈਨੂੰ ਛੱਡ ਕੇ ਜਾਵੇਂਗਾ ਤਾਂ ਬਿਨਯਾਮੀਨ ਦੀ ਹੱਦ ਉੱਤੇ ਸੇਲਸਾਹ ਵਿੱਚ, ਰਾਖ਼ੇਲ ਦੀ ਕਬਰ ਦੇ ਨੇੜੇ ਤੈਨੂੰ ਦੋ ਮਨੁੱਖ ਮਿਲਣਗੇ। ਉਹ ਤੈਨੂੰ ਆਖਣਗੇ, ‘ਜਿਨ੍ਹਾਂ ਗਧੀਆਂ ਨੂੰ ਤੁਸੀਂ ਲੱਭਣ ਲਈ ਗਏ ਸੀ, ਉਹ ਲੱਭ ਗਈਆਂ ਹਨ। ਹੁਣ ਤੇਰਾ ਪਿਤਾ ਗਧੀਆਂ ਵੱਲੋਂ ਬੇਫਿਕਰ ਹੋ ਕੇ ਤੁਹਾਡੇ ਲਈ ਚਿੰਤਾਂ ਕਰਦਾ ਹੈ। ਉਹ ਪੁੱਛ ਰਿਹਾ ਹੈ, “ਮੈਂ ਆਪਣੇ ਪੁੱਤਰ ਬਾਰੇ ਕੀ ਕਰਾਂ?” ’

“ਫਿਰ ਤੂੰ ਉੱਥੋਂ ਲੰਘੇਗਾ ਅਤੇ ਤਾਬੋਰ ਦੇ ਬਲੂਤ ਦੇ ਰੁੱਖ ਹੇਠ ਪਹੁੰਚੇਗਾ। ਤਾਂ ਉੱਥੇ ਬੈਤਏਲ ਵਿੱਚ ਪਰਮੇਸ਼ਵਰ ਦੀ ਉਪਾਸਨਾ ਕਰਨ ਲਈ ਜਾ ਰਹੇ ਤਿੰਨ੍ਹ ਮਨੁੱਖ ਉੱਥੇ ਤੁਹਾਨੂੰ ਮਿਲਣਗੇ। ਇੱਕ ਨੇ ਬੱਕਰੀਆਂ ਦੇ ਤਿੰਨ ਬੱਚੇ ਅਤੇ ਦੂਸਰੇ ਨੇ ਤਿੰਨ ਰੋਟੀਆਂ ਅਤੇ ਤੀਸਰੇ ਨੇ ਦਾਖ਼ਰਸ ਦੀ ਮੇਸ਼ੇਕ ਚੁੱਕੀ ਹੋਵੇਗੀ ਉਹ ਤੈਨੂੰ ਸ਼ੁਭਕਾਮਨਾਵਾਂ ਦੇਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਤੂੰ ਉਹਨਾਂ ਕੋਲੋ ਲੈ ਲਵੀ।

“ਉਸ ਤੋਂ ਬਾਅਦ ਤੂੰ ਪਰਮੇਸ਼ਵਰ ਦੇ ਗਿਬਆਹ ਵਿੱਚ ਜਾਵੇਗਾ, ਜਿੱਥੇ ਇੱਕ ਫ਼ਲਿਸਤੀ ਚੌਕੀ ਹੈ। ਜਦੋਂ ਤੂੰ ਕਸਬੇ ਦੇ ਨੇੜੇ ਪਹੁੰਚੇਗਾ, ਤਾਂ ਅਜਿਹਾ ਹੋਵੇਗਾ ਇੱਕ ਨਬੀਆਂ ਦੀ ਟੋਲੀ ਤੈਨੂੰ ਮਿਲੇਗੀ ਜੋ ਉੱਥੇ ਉੱਚੇ ਸਥਾਨ ਉੱਤਰਦੀ ਹੋਵੇਗੀ ਅਤੇ ਉਹ ਰਬਾਬ, ਖੰਜਰੀ, ਬੰਸਰੀ ਤੇ ਬੀਨ ਆਪਣੇ ਅੱਗੇ ਲਈ ਆਉਂਦੇ ਹੋਣਗੇ ਅਤੇ ਉਹ ਅਗੰਮਵਾਕ ਕਰਦੇ ਹੋਣਗੇ। ਤਾਂ ਯਾਹਵੇਹ ਦਾ ਆਤਮਾ ਤੇਰੇ ਉੱਤੇ ਬਲ ਨਾਲ ਆਵੇਗਾ, ਅਤੇ ਤੂੰ ਵੀ ਉਹਨਾਂ ਨਾਲ ਅਗੰਮਵਾਕ ਬੋਲੇਗਾ; ਅਤੇ ਤੂੰ ਇੱਕ ਵੱਖਰੇ ਵਿਅਕਤੀ ਵਿੱਚ ਬਦਲ ਜਾਵੇਗਾ। ਇੱਕ ਵਾਰ ਜਦੋਂ ਇਹ ਨਿਸ਼ਾਨੀਆਂ ਪੂਰੀਆਂ ਹੋ ਜਾਣ, ਫਿਰ ਜਿਸ ਕੰਮ ਨੂੰ ਕਰਨ ਦਾ ਤੈਨੂੰ ਮੌਕਾ ਮਿਲੇ ਉਸ ਨੂੰ ਕਰਨ ਵਿੱਚ ਲੱਗ ਜਾਣਾ।

“ਮੇਰੇ ਅੱਗੇ ਗਿਲਗਾਲ ਨੂੰ ਚੱਲ। ਮੈਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਲਈ ਤੇਰੇ ਕੋਲ ਜ਼ਰੂਰ ਆਵਾਂਗਾ, ਪਰ ਤੈਨੂੰ ਸੱਤ ਦਿਨ ਇੰਤਜ਼ਾਰ ਕਰਨਾ ਪਵੇਗਾ ਜਦੋਂ ਤੱਕ ਮੈਂ ਤੇਰੇ ਕੋਲ ਨਾ ਆਵਾਂ ਅਤੇ ਤੈਨੂੰ ਇਹ ਨਾ ਦੱਸਾਂ ਕਿ ਤੂੰ ਕੀ ਕਰਨਾ ਹੈ।”

ਸ਼ਾਊਲ ਦਾ ਰਾਜਾ ਚੁਣਿਆ

ਜਦੋਂ ਸ਼ਾਊਲ ਸਮੂਏਲ ਕੋਲੋ ਮੁੜਿਆ ਅਤੇ ਪਿੱਠ ਫੇਰੀ ਤਾਂ ਪਰਮੇਸ਼ਵਰ ਨੇ ਸ਼ਾਊਲ ਨੂੰ ਨਵਾਂ ਮਨ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਪ੍ਰਗਟ ਹੋ ਗਈਆਂ। ਜਦੋਂ ਉਹ ਅਤੇ ਉਹ ਦਾ ਸੇਵਕ ਗਿਬਆਹ ਵਿੱਚ ਪਹੁੰਚੇ ਤਾਂ ਨਬੀਆਂ ਤਾਂ ਨਬੀਆਂ ਦੀ ਇੱਕ ਟੋਲੀ ਉਹਨਾਂ ਨੂੰ ਮਿਲੀ। ਪਰਮੇਸ਼ਵਰ ਦਾ ਆਤਮਾ ਉਸ ਉੱਤੇ ਸ਼ਕਤੀਸ਼ਾਲੀ ਰੂਪ ਵਿੱਚ ਆਇਆ, ਅਤੇ ਉਹ ਵੀ ਉਹਨਾਂ ਦੀ ਭਵਿੱਖਬਾਣੀ ਵਿੱਚ ਸ਼ਾਮਲ ਹੋ ਗਿਆ। ਜਦੋਂ ਉਹਨਾਂ ਸਾਰੇ ਲੋਕਾਂ ਨੇ ਜਿਹੜੇ ਉਸ ਨੂੰ ਪਹਿਲਾਂ ਤੋਂ ਜਾਣਦੇ ਸਨ, ਉਸ ਨੂੰ ਨਬੀਆਂ ਨਾਲ ਅਗੰਮਵਾਕ ਕਰਦਿਆਂ ਵੇਖਿਆ ਤਾਂ ਇੱਕ-ਦੂਜੇ ਨੂੰ ਆਖਣ ਲੱਗੇ, “ਕੀਸ਼ ਦੇ ਪੁੱਤਰ ਨੂੰ ਇਹ ਕੀ ਹੋਇਆ ਹੈ? ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

ਉੱਥੇ ਰਹਿੰਦੇ ਇੱਕ ਮਨੁੱਖ ਨੇ ਉੱਤਰ ਦਿੱਤਾ, ਭਲਾ ਉਹਨਾਂ ਦਾ ਪਿਤਾ ਕੌਣ ਹੈ? ਇਸ ਲਈ ਇਹ ਇੱਕ ਕਹਾਵਤ ਬਣ ਗਈ: “ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?” ਜਦੋਂ ਸ਼ਾਊਲ ਨੇ ਅਗੰਮਵਾਕ ਕਰਨਾ ਬੰਦ ਕਰ ਦਿੱਤਾ ਤਾਂ ਉਹ ਉੱਚੇ ਸਥਾਨ ਨੂੰ ਗਿਆ।

ਹੁਣ ਸ਼ਾਊਲ ਦੇ ਚਾਚੇ ਨੇ ਉਸ ਨੂੰ ਅਤੇ ਉਸ ਦੇ ਸੇਵਕ ਨੂੰ ਪੁੱਛਿਆ, “ਤੁਸੀਂ ਕਿੱਥੇ ਸੀ?”

ਉਸਨੇ ਕਿਹਾ, “ਗਧੀਆਂ ਨੂੰ ਲੱਭ ਰਹੇ ਸੀ। ਪਰ ਜਦੋਂ ਅਸੀਂ ਦੇਖਿਆ ਜੋ ਉਹ ਸਾਨੂੰ ਨਾ ਮਿਲੀਆਂ, ਫਿਰ ਅਸੀਂ ਸਮੂਏਲ ਕੋਲ ਗਏ।”

ਸ਼ਾਊਲ ਦੇ ਚਾਚੇ ਨੇ ਆਖਿਆ, “ਮੈਨੂੰ ਦੱਸ ਕਿ ਸਮੂਏਲ ਨੇ ਤੈਨੂੰ ਕੀ ਕਿਹਾ ਹੈ?”

ਸ਼ਾਊਲ ਨੇ ਉੱਤਰ ਦਿੱਤਾ, “ਉਸ ਨੇ ਸਾਨੂੰ ਭਰੋਸਾ ਦਿਵਾਇਆ ਕਿ ਗਧੀਆਂ ਲੱਭ ਗਈਆਂ ਹਨ।” ਪਰ ਉਸ ਨੇ ਆਪਣੇ ਚਾਚੇ ਨੂੰ ਇਹ ਨਹੀਂ ਦੱਸਿਆ ਕਿ ਸਮੂਏਲ ਨੇ ਰਾਜ ਬਾਰੇ ਕੀ ਕਿਹਾ ਸੀ।

ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਪਾਹ ਵਿੱਚ ਯਾਹਵੇਹ ਦੇ ਕੋਲ ਬੁਲਾਇਆ। ਅਤੇ ਉਹਨਾਂ ਨੂੰ ਕਿਹਾ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ‘ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਅਤੇ ਮੈਂ ਤੁਹਾਨੂੰ ਮਿਸਰ ਦੀ ਸ਼ਕਤੀ ਤੋਂ ਅਤੇ ਉਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਛੁਡਾਇਆ ਜੋ ਤੁਹਾਡੇ ਉੱਤੇ ਜ਼ੁਲਮ ਕਰਦੇ ਸਨ।’ ਪਰ ਤੁਸੀਂ ਹੁਣ ਆਪਣੇ ਪਰਮੇਸ਼ਵਰ ਨੂੰ ਛੱਡ ਦਿੱਤਾ ਹੈ, ਜਿਹੜਾ ਤੁਹਾਨੂੰ ਤੁਹਾਡੀਆਂ ਸਾਰੀਆਂ ਬੁਰਿਆਈਆਂ ਅਤੇ ਦੁੱਖਾ ਤੋਂ ਬਚਾਉਂਦਾ ਹੈ। ਪਰ ਤੁਸੀਂ ਕਿਹਾ ਹੈ, ‘ਨਹੀਂ, ਸਾਡੇ ਉੱਤੇ ਇੱਕ ਰਾਜਾ ਨਿਯੁਕਤ ਕਰ।’ ਇਸ ਲਈ ਹੁਣ ਆਪਣੇ ਆਪ ਨੂੰ ਆਪਣੀਆਂ ਗੋਤਾਂ ਅਤੇ ਕਬੀਲੇ ਅਨੁਸਾਰ ਯਾਹਵੇਹ ਦੇ ਅੱਗੇ ਪੇਸ਼ ਕਰੋ।”

ਜਦੋਂ ਸਮੂਏਲ ਨੇ ਇਸਰਾਏਲ ਦੇ ਸਾਰਿਆਂ ਗੋਤਾਂ ਨੂੰ ਇਕੱਠਾ ਕੀਤਾ ਤਾਂ ਪਰਚੀ ਬਿਨਯਾਮੀਨ ਗੋਤ ਦੇ ਨਾਮ ਤੇ ਨਿਕਲੀ। ਤਦ ਉਸ ਨੇ ਬਿਨਯਾਮੀਨ ਦੇ ਗੋਤ ਨੂੰ, ਉਹਨਾਂ ਦੇ ਟੱਬਰ ਦੇ ਅਨੁਸਾਰ ਨੇੜੇ ਬੁਲਾਇਆ, ਤਾਂ ਮਤਰੀ ਦੇ ਗੋਤ ਦਾ ਨਾਮ ਨਿੱਕਲਿਆ। ਅੰਤ ਵਿੱਚ ਕੀਸ਼ ਦਾ ਪੁੱਤਰ ਸ਼ਾਊਲ ਲਿਆ ਗਿਆ। ਪਰ ਜਦੋਂ ਉਹਨਾਂ ਨੇ ਉਸ ਦੀ ਭਾਲ ਕੀਤੀ ਤਾਂ ਉਹ ਨਹੀਂ ਮਿਲਿਆ। ਤਾਂ ਉਹਨਾਂ ਨੇ ਯਾਹਵੇਹ ਤੋਂ ਹੋਰ ਪੁੱਛਿਆ, “ਕੋਈ ਹੋਰ ਮਨੁੱਖ ਇੱਥੇ ਆਵੇਗਾ ਕਿ ਨਹੀਂ?”

ਅਤੇ ਯਾਹਵੇਹ ਨੇ ਕਿਹਾ, “ਹਾਂ, ਉਸਨੇ ਆਪਣੇ ਆਪ ਨੂੰ ਰਸਦ ਦੇ ਵਿਚਕਾਰ ਛੁਪਾ ਲਿਆ ਹੈ।”

ਤਦ ਉਹ ਭੱਜ ਕੇ ਉਸ ਨੂੰ ਬਾਹਰ ਲੈ ਆਏ ਅਤੇ ਜਦੋਂ ਉਹ ਲੋਕਾਂ ਵਿੱਚ ਖੜ੍ਹਾ ਸੀ ਤਾਂ ਉਹ ਸਾਰਿਆਂ ਨਾਲੋਂ ਉੱਚਾ ਸੀ। ਸਮੂਏਲ ਨੇ ਸਾਰੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਉਸ ਮਨੁੱਖ ਨੂੰ ਵੇਖਦੇ ਹੋ ਜਿਸਨੂੰ ਯਾਹਵੇਹ ਨੇ ਚੁਣਿਆ ਹੈ? ਸਾਰੇ ਲੋਕਾਂ ਵਿੱਚ ਉਸ ਵਰਗਾ ਕੋਈ ਨਹੀਂ ਹੈ।”

ਤਦ ਲੋਕਾਂ ਨੇ ਰੌਲਾ ਪਾਇਆ, “ਪਾਤਸ਼ਾਹ ਜ਼ਿੰਦਾਬਾਦ!”

ਸਮੂਏਲ ਨੇ ਲੋਕਾਂ ਨੂੰ ਰਾਜ ਦਾ ਵਰਣਨ ਕੀਤਾ। ਉਸਨੇ ਉਹਨਾਂ ਨੂੰ ਇੱਕ ਪੋਥੀ ਉੱਤੇ ਲਿਖ ਕੇ ਯਾਹਵੇਹ ਅੱਗੇ ਰੱਖ ਦਿੱਤਾ। ਤਦ ਸਮੂਏਲ ਨੇ ਲੋਕਾਂ ਨੂੰ ਵਿਦਾ ਕੀਤਾ ਕਿ ਹਰ ਕੋਈ ਆਪੋ-ਆਪਣੇ ਘਰ ਜਾਵੇ।

ਸ਼ਾਊਲ ਵੀ ਗਿਬਆਹ ਵਿੱਚ ਆਪਣੇ ਘਰ ਗਿਆ ਅਤੇ ਉਸ ਦੇ ਨਾਲ ਉਹ ਸੂਰਬੀਰ ਵੀ ਸਨ ਜਿਨ੍ਹਾਂ ਦੇ ਦਿਲਾਂ ਨੂੰ ਪਰਮੇਸ਼ਵਰ ਨੇ ਉਭਰਾਇਆ ਸੀ। ਪਰ ਕਈਆਂ ਨੇ ਕਿਹਾ, “ਇਹ ਮਨੁੱਖ ਸਾਨੂੰ ਕਿਵੇਂ ਬਚਾ ਸਕਦਾ ਹੈ?” ਉਹਨਾਂ ਨੇ ਉਸਨੂੰ ਤੁੱਛ ਸਮਝਿਆ ਅਤੇ ਉਸਦੇ ਲਈ ਕੋਈ ਤੋਹਫ਼ਾ ਨਾ ਲਿਆਏ। ਪਰ ਸ਼ਾਊਲ ਨੇ ਸਾਰੀ ਗੱਲ ਨੂੰ ਸੁਣ ਕੇ ਅਣਸੁਣਿਆ ਕੀਤਾ ਅਤੇ ਚੁੱਪ ਰਿਹਾ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.