Skip to content
BibleKenya

Biblica® Open Punjabi Contemporary Version 2025

1 ਰਾਜਿਆਂ 13

ਯਹੂਦਾਹ ਤੋਂ ਪਰਮੇਸ਼ਵਰ ਦਾ ਮਨੁੱਖ

ਯਾਹਵੇਹ ਦੇ ਬਚਨ ਅਨੁਸਾਰ ਪਰਮੇਸ਼ਵਰ ਦਾ ਇੱਕ ਮਨੁੱਖ ਯਹੂਦਾਹ ਤੋਂ ਬੈਤਏਲ ਵਿੱਚ ਆਇਆ, ਜਦੋਂ ਯਾਰਾਬੁਆਮ ਭੇਟ ਚੜ੍ਹਾਉਣ ਲਈ ਜਗਵੇਦੀ ਕੋਲ ਖੜ੍ਹਾ ਸੀ। ਯਾਹਵੇਹ ਦੇ ਬਚਨ ਦੁਆਰਾ ਉਸ ਨੇ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਅਤੇ ਆਖਿਆ: “ਹੇ ਜਗਵੇਦੀ, ਹੇ ਜਗਵੇਦੀ! ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਕਿ ਵੇਖ, ਦਾਵੀਦ ਦੇ ਘਰਾਣੇ ਵਿੱਚੋਂ ਯੋਸ਼ੀਯਾਹ ਨਾਮ ਦਾ ਇੱਕ ਮੁੰਡਾ ਜੰਮੇਗਾ ਅਤੇ ਉਹ ਉੱਚਿਆਂ ਥਾਵਾਂ ਦੇ ਜਾਜਕਾਂ ਨੂੰ ਜੋ ਤੇਰੇ ਉੱਤੇ ਧੂਪ ਧੁਖਾਉਂਦੇ ਹਨ ਤੇਰੇ ਹੀ ਉੱਤੇ ਚੜ੍ਹਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੀਆਂ ਜਾਣਗੀਆਂ।’ ” ਉਸੇ ਦਿਨ ਪਰਮੇਸ਼ਵਰ ਦੇ ਮਨੁੱਖ ਨੇ ਇੱਕ ਨਿਸ਼ਾਨੀ ਦਿੱਤੀ, “ਇਹ ਯਾਹਵੇਹ ਦਾ ਚਿੰਨ੍ਹ ਹੈ: ਜਗਵੇਦੀ ਨੂੰ ਵੱਖ ਕਰ ਦਿੱਤਾ ਜਾਵੇਗਾ ਅਤੇ ਇਸ ਉੱਤੇ ਸੁਆਹ ਡੋਲ੍ਹ ਦਿੱਤੀ ਜਾਵੇਗੀ।”

ਜਦੋਂ ਰਾਜਾ ਯਾਰਾਬੁਆਮ ਨੇ ਸੁਣਿਆ ਜੋ ਪਰਮੇਸ਼ਵਰ ਦੇ ਮਨੁੱਖ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਪੁਕਾਰਿਆ ਹੈ, ਤਾਂ ਉਸ ਨੇ ਜਗਵੇਦੀ ਤੋਂ ਆਪਣਾ ਹੱਥ ਵਧਾ ਕੇ ਕਿਹਾ, “ਉਸ ਨੂੰ ਫੜ ਲੈ!” ਪਰ ਜਿਹੜਾ ਹੱਥ ਉਸ ਨੇ ਆਦਮੀ ਵੱਲ ਵਧਾਇਆ ਸੀ, ਉਹ ਸੁੰਗੜ ਗਿਆ, ਇਸ ਲਈ ਉਹ ਉਸ ਨੂੰ ਪਿੱਛੇ ਨਾ ਖਿੱਚ ਸਕਿਆ। ਨਾਲੇ, ਜਗਵੇਦੀ ਪਾਟ ਗਈ ਅਤੇ ਉਸ ਦੀ ਸੁਆਹ ਉਸ ਨਿਸ਼ਾਨ ਦੇ ਅਨੁਸਾਰ ਡੋਲ੍ਹ ਦਿੱਤੀ ਗਈ ਜੋ ਪਰਮੇਸ਼ਵਰ ਦੇ ਮਨੁੱਖ ਦੁਆਰਾ ਯਾਹਵੇਹ ਦੇ ਬਚਨ ਦੁਆਰਾ ਦਿੱਤੀ ਗਈ ਸੀ।

ਤਦ ਰਾਜੇ ਨੇ ਪਰਮੇਸ਼ਵਰ ਦੇ ਮਨੁੱਖ ਨੂੰ ਆਖਿਆ, “ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਬੇਨਤੀ ਕਰ ਅਤੇ ਮੇਰੇ ਲਈ ਪ੍ਰਾਰਥਨਾ ਕਰ ਕਿ ਮੇਰਾ ਹੱਥ ਠੀਕ ਹੋ ਜਾਵੇ।” ਇਸ ਲਈ ਪਰਮੇਸ਼ਵਰ ਦੇ ਬੰਦੇ ਨੇ ਯਾਹਵੇਹ ਦੇ ਅੱਗੇ ਬੇਨਤੀ ਕੀਤੀ, ਅਤੇ ਰਾਜੇ ਦਾ ਹੱਥ ਬਹਾਲ ਹੋ ਗਿਆ ਅਤੇ ਪਹਿਲਾਂ ਵਾਂਗ ਹੋ ਗਿਆ।

ਰਾਜੇ ਨੇ ਪਰਮੇਸ਼ਵਰ ਦੇ ਬੰਦੇ ਨੂੰ ਆਖਿਆ, “ਮੇਰੇ ਨਾਲ ਘਰ ਭੋਜਨ ਲਈ ਆ, ਮੈਂ ਤੈਨੂੰ ਇੱਕ ਤੋਹਫ਼ਾ ਦੇਵਾਂਗਾ।”

ਪਰ ਪਰਮੇਸ਼ਵਰ ਦੇ ਜਨ ਨੇ ਰਾਜੇ ਨੂੰ ਉੱਤਰ ਦਿੱਤਾ, “ਭਾਵੇਂ ਤੁਸੀਂ ਆਪਣੀ ਅੱਧੀ ਜਾਇਦਾਦ ਮੈਨੂੰ ਦੇ ਦਿਓ, ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ, ਨਾ ਮੈਂ ਇੱਥੇ ਰੋਟੀ ਖਾਵਾਂਗਾ ਅਤੇ ਨਾ ਹੀ ਪਾਣੀ ਪੀਵਾਂਗਾ। ਕਿਉਂਕਿ ਮੈਨੂੰ ਯਾਹਵੇਹ ਦੇ ਬਚਨ ਦੁਆਰਾ ਹੁਕਮ ਦਿੱਤਾ ਗਿਆ ਸੀ: ‘ਨਾ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਅਤੇ ਨਾ ਹੀ ਉਸ ਰਸਤੇ ਤੋਂ ਮੁੜੀਂ ਜਿਸ ਵਿੱਚੋਂ ਦੀ ਤੂੰ ਆਇਆ ਸੀ।’ ” ਇਸ ਲਈ ਉਹ ਦੂਜੇ ਰਾਹ ਥਾਣੀ ਮੁੜ ਗਿਆ ਉਸ ਰਾਹੋਂ ਨਹੀਂ ਜਿਸ ਥਾਣੀ ਉਹ ਬੈਤਏਲ ਨੂੰ ਆਇਆ ਸੀ।

ਬੈਤਏਲ ਵਿੱਚ ਇੱਕ ਬੁੱਢਾ ਨਬੀ ਰਹਿੰਦਾ ਸੀ, ਜਿਸ ਦੇ ਪੁੱਤਰਾਂ ਨੇ ਆ ਕੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਪਰਮੇਸ਼ਵਰ ਦੇ ਮਨੁੱਖ ਨੇ ਉਸ ਦਿਨ ਉੱਥੇ ਕੀਤਾ ਸੀ। ਉਹਨਾਂ ਨੇ ਆਪਣੇ ਪਿਤਾ ਨੂੰ ਉਹ ਵੀ ਦੱਸਿਆ ਜੋ ਉਸਨੇ ਰਾਜੇ ਨੂੰ ਕਿਹਾ ਸੀ। ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪੁੱਛਿਆ, “ਉਹ ਕਿਸ ਪਾਸੇ ਗਿਆ ਸੀ?” ਕਿਉਂ ਜੋ ਉਸ ਦੇ ਪੁੱਤਰਾਂ ਨੇ ਵੇਖ ਲਿਆ ਸੀ ਕਿ ਉਹ ਪਰਮੇਸ਼ਵਰ ਦਾ ਬੰਦਾ ਜਿਹੜਾ ਯਹੂਦਾਹ ਤੋਂ ਆਇਆ ਸੀ ਕਿਹੜੇ ਰਾਹ ਗਿਆ। ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਆਖਿਆ, ਮੇਰੇ ਲਈ ਖੋਤੇ ਉੱਤੇ ਕਾਠੀ ਪਾਓ ਅਤੇ ਜਦੋਂ ਉਹਨਾਂ ਨੇ ਉਹ ਦੇ ਲਈ ਖੋਤੇ ਉੱਤੇ ਕਾਠੀ ਪਾਈ ਤਾਂ ਉਹ ਉਸ ਉੱਤੇ ਚੜ੍ਹ ਗਿਆ। ਅਤੇ ਪਰਮੇਸ਼ਵਰ ਦੇ ਬੰਦੇ ਦੇ ਪਿੱਛੇ ਚੱਲ ਪਿਆ। ਉਸਨੇ ਉਸਨੂੰ ਇੱਕ ਬਲੂਤ ਦੇ ਦਰਖਤ ਹੇਠਾਂ ਬੈਠਾ ਪਾਇਆ ਅਤੇ ਪੁੱਛਿਆ, “ਕੀ ਤੂੰ ਪਰਮੇਸ਼ਵਰ ਦਾ ਬੰਦਾ ਹੈ ਜੋ ਯਹੂਦਾਹ ਤੋਂ ਆਇਆ ਹੈ?”

ਉਸਨੇ ਜਵਾਬ ਦਿੱਤਾ, “ਮੈਂ ਹੀ ਹਾਂ।”

ਤਾਂ ਨਬੀ ਨੇ ਉਹ ਨੂੰ ਆਖਿਆ, ਮੇਰੇ ਨਾਲ ਘਰ ਆ ਕੇ ਖਾਓ।

ਪਰਮੇਸ਼ਵਰ ਦੇ ਬੰਦੇ ਨੇ ਆਖਿਆ, “ਮੈਂ ਪਿੱਛੇ ਮੁੜ ਕੇ ਤੁਹਾਡੇ ਨਾਲ ਨਹੀਂ ਜਾ ਸਕਦਾ ਅਤੇ ਨਾ ਹੀ ਮੈਂ ਇਸ ਥਾਂ ਤੇ ਤੁਹਾਡੇ ਨਾਲ ਰੋਟੀ ਖਾ ਸਕਦਾ ਹਾਂ ਅਤੇ ਨਾ ਹੀ ਪਾਣੀ ਪੀ ਸਕਦਾ ਹਾਂ। ਮੈਨੂੰ ਯਾਹਵੇਹ ਦੇ ਬਚਨ ਦੁਆਰਾ ਕਿਹਾ ਗਿਆ ਹੈ: ‘ਤੂੰ ਨਾ ਉੱਥੇ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਉਸ ਰਾਹ ਥਾਣੀ ਮੁੜੀ ਜਿੱਥੋਂ ਦੀ ਤੂੰ ਗਿਆ ਹੈ।’ ”

ਬੁੱਢੇ ਨਬੀ ਨੇ ਉੱਤਰ ਦਿੱਤਾ, “ਮੈਂ ਵੀ ਤੇਰੇ ਜਿਹਾ ਇੱਕ ਨਬੀ ਹਾਂ ਅਤੇ ਇੱਕ ਦੂਤ ਨੇ ਮੈਨੂੰ ਯਾਹਵੇਹ ਦੇ ਬਚਨ ਦੁਆਰਾ ਕਿਹਾ, ‘ਉਸ ਨੂੰ ਆਪਣੇ ਨਾਲ ਆਪਣੇ ਘਰ ਵਾਪਸ ਲਿਆਓ ਤਾਂ ਜੋ ਉਹ ਰੋਟੀ ਖਾਵੇ ਅਤੇ ਪਾਣੀ ਪੀਵੇ।’ ” ਪਰ ਉਹ ਉਸ ਨਾਲ ਝੂਠ ਬੋਲ ਰਿਹਾ ਸੀ। ਤਾਂ ਪਰਮੇਸ਼ਵਰ ਦਾ ਬੰਦਾ ਉਸ ਦੇ ਨਾਲ ਮੁੜ ਆਇਆ ਅਤੇ ਉਸ ਦੇ ਘਰ ਖਾਧਾ ਪੀਤਾ।

ਜਦੋਂ ਉਹ ਮੇਜ਼ ਉੱਤੇ ਬੈਠੇ ਸਨ, ਤਾਂ ਯਾਹਵੇਹ ਦਾ ਬਚਨ ਉਸ ਬੁੱਢੇ ਨਬੀ ਨੂੰ ਆਇਆ ਜੋ ਉਸਨੂੰ ਵਾਪਸ ਲਿਆਇਆ ਸੀ। ਉਸ ਨੇ ਪਰਮੇਸ਼ਵਰ ਦੇ ਬੰਦੇ ਨੂੰ ਜਿਹੜਾ ਯਹੂਦਾਹ ਤੋਂ ਆਇਆ ਸੀ ਪੁਕਾਰਿਆ, “ਯਾਹਵੇਹ ਇਹ ਆਖਦਾ ਹੈ, ‘ਤੂੰ ਯਾਹਵੇਹ ਦੇ ਬਚਨ ਦੀ ਉਲੰਘਣਾ ਕੀਤੀ ਹੈ ਅਤੇ ਪਰਮੇਸ਼ਵਰ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਜੋ ਉਸ ਨੇ ਤੈਨੂੰ ਹੁਕਮ ਦਿੱਤਾ ਸੀ। ਤੁਸੀਂ ਵਾਪਸ ਆ ਕੇ ਉੱਥੇ ਰੋਟੀ ਖਾਧੀ ਅਤੇ ਪਾਣੀ ਪੀਤਾ ਜਿੱਥੇ ਉਸ ਨੇ ਤੁਹਾਨੂੰ ਨਾ ਖਾਣ ਅਤੇ ਨਾ ਪੀਣ ਨੂੰ ਕਿਹਾ ਸੀ। ਇਸ ਲਈ ਤੇਰੀ ਦੇਹ ਨੂੰ ਤੇਰੇ ਪੁਰਖਿਆਂ ਦੀ ਕਬਰ ਵਿੱਚ ਨਹੀਂ ਦਫ਼ਨਾਇਆ ਜਾਵੇਗਾ।’ ”

ਜਦੋਂ ਪਰਮੇਸ਼ਵਰ ਦਾ ਮਨੁੱਖ ਖਾਣਾ-ਪੀਣਾ ਖਾ ਚੁੱਕਾ, ਤਾਂ ਨਬੀ ਜਿਹੜਾ ਉਸ ਨੂੰ ਵਾਪਸ ਲਿਆਇਆ ਸੀ, ਉਸ ਨੇ ਉਸ ਲਈ ਆਪਣੇ ਗਧੇ ਉੱਤੇ ਕਾਠੀ ਪਾ ਦਿੱਤੀ। ਜਦੋਂ ਉਹ ਰਾਹ ਵਿੱਚ ਜਾ ਰਿਹਾ ਸੀ ਤਾਂ ਇੱਕ ਸ਼ੇਰ ਨੇ ਉਹ ਨੂੰ ਰਾਹ ਵਿੱਚ ਆ ਕੇ ਮਾਰ ਦਿੱਤਾ ਅਤੇ ਉਹ ਦੀ ਲੋਥ ਸੜਕ ਉੱਤੇ ਪਈ ਰਹਿ ਗਈ ਅਤੇ ਗਧਾ ਅਤੇ ਸ਼ੇਰ ਦੋਵੇਂ ਉਸ ਦੇ ਕੋਲ ਖੜ੍ਹੇ ਸਨ। ਕੁਝ ਲੋਕਾਂ ਨੇ ਜਿਹੜੇ ਉੱਥੋਂ ਲੰਘਦੇ ਸਨ, ਲਾਸ਼ ਨੂੰ ਉੱਥੇ ਪਿਆ ਵੇਖਿਆ ਅਤੇ ਉਸ ਦੇ ਕੋਲ ਸ਼ੇਰ ਖੜ੍ਹਾ ਸੀ ਅਤੇ ਜਾ ਕੇ ਉਸ ਸ਼ਹਿਰ ਵਿੱਚ ਜਿੱਥੇ ਉਹ ਬਜ਼ੁਰਗ ਨਬੀ ਰਹਿੰਦਾ ਸੀ ਖ਼ਬਰ ਦਿੱਤੀ।

ਜਦੋਂ ਉਸ ਨਬੀ ਨੇ ਜੋ ਉਸ ਨੂੰ ਉਸ ਦੇ ਸਫ਼ਰ ਤੋਂ ਵਾਪਸ ਲਿਆਇਆ ਸੀ, ਉਸ ਨੇ ਇਹ ਸੁਣਿਆ, ਤਾਂ ਉਸ ਨੇ ਕਿਹਾ, “ਇਹ ਉਹ ਪਰਮੇਸ਼ਵਰ ਦਾ ਬੰਦਾ ਹੈ ਜਿਸ ਨੇ ਯਾਹਵੇਹ ਦੇ ਬਚਨ ਦੀ ਉਲੰਘਣਾ ਕੀਤੀ। ਯਾਹਵੇਹ ਨੇ ਉਸਨੂੰ ਸ਼ੇਰ ਦੇ ਹਵਾਲੇ ਕਰ ਦਿੱਤਾ ਹੈ ਜਿਸ ਨੇ ਉਸ ਨੂੰ ਪਾੜਿਆ ਅਤੇ ਮਾਰ ਸੁੱਟਿਆ, ਇਹ ਯਾਹਵੇਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਹ ਉਸ ਨੂੰ ਬੋਲਿਆ ਸੀ।”

ਨਬੀ ਨੇ ਆਪਣੇ ਪੁੱਤਰਾਂ ਨੂੰ ਕਿਹਾ, “ਮੇਰੇ ਲਈ ਖੋਤੇ ਉੱਤੇ ਕਾਠੀ ਪਾਓ।” ਅਤੇ ਉਹਨਾਂ ਨੇ ਅਜਿਹਾ ਹੀ ਕੀਤਾ। ਤਦ ਉਹ ਬਾਹਰ ਨਿੱਕਲਿਆ ਅਤੇ ਉਸ ਲਾਸ਼ ਨੂੰ ਰਾਹ ਵਿੱਚ ਪਿਆ ਵੇਖਿਆ ਅਤੇ ਗਧਾ ਅਤੇ ਸ਼ੇਰ ਕੋਲ ਖੜ੍ਹੇ ਸਨ। ਸ਼ੇਰ ਨੇ ਨਾ ਤਾਂ ਸਰੀਰ ਖਾਧਾ ਅਤੇ ਨਾ ਹੀ ਖੋਤੇ ਨੂੰ ਮਾਰਿਆ। ਤਾਂ ਨਬੀ ਨੇ ਪਰਮੇਸ਼ਵਰ ਦੇ ਮਨੁੱਖ ਦੀ ਲੋਥ ਨੂੰ ਚੁੱਕ ਕੇ ਖੋਤੇ ਉੱਤੇ ਰੱਖਿਆ ਅਤੇ ਉਸ ਦੇ ਲਈ ਸੋਗ ਮਨਾਉਣ ਅਤੇ ਉਸ ਨੂੰ ਦਫ਼ਨਾਉਣ ਲਈ ਆਪਣੇ ਸ਼ਹਿਰ ਵਿੱਚ ਵਾਪਸ ਲੈ ਆਇਆ। ਤਦ ਉਸ ਨੇ ਲੋਥ ਨੂੰ ਆਪਣੀ ਕਬਰ ਵਿੱਚ ਰੱਖਿਆ ਅਤੇ ਉਹਨਾਂ ਨੇ ਉਸ ਉੱਤੇ ਸੋਗ ਕੀਤਾ ਅਤੇ ਆਖਿਆ, ਹਾਏ ਮੇਰੇ ਭਰਾ!

ਉਸ ਨੂੰ ਦਫ਼ਨਾਉਣ ਤੋਂ ਬਾਅਦ, ਉਸਨੇ ਆਪਣੇ ਪੁੱਤਰਾਂ ਨੂੰ ਕਿਹਾ, “ਜਦੋਂ ਮੈਂ ਮਰ ਜਾਵਾਂ, ਤਾਂ ਮੈਨੂੰ ਕਬਰ ਵਿੱਚ ਦਫ਼ਨਾ ਦੇਣਾ ਜਿੱਥੇ ਪਰਮੇਸ਼ਵਰ ਦੇ ਬੰਦੇ ਨੂੰ ਦਫ਼ਨਾਇਆ ਗਿਆ ਹੈ। ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਕੋਲ ਰੱਖ ਦੇਣਾ। ਕਿਉਂਕਿ ਜੋ ਸੰਦੇਸ਼ ਉਸ ਨੇ ਯਾਹਵੇਹ ਦੇ ਬਚਨ ਦੁਆਰਾ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਅਤੇ ਸਾਮਰਿਯਾ ਦੇ ਕਸਬਿਆਂ ਵਿੱਚ ਉੱਚੇ ਸਥਾਨਾਂ ਦੇ ਸਾਰੇ ਧਰਮ ਦੇ ਸਥਾਨਾਂ ਵਿਰੁੱਧ ਸੁਣਾਇਆ ਸੀ ਉਹ ਜ਼ਰੂਰ ਪੂਰਾ ਹੋਵੇਗਾ।”

ਇਸ ਤੋਂ ਬਾਅਦ ਵੀ ਯਾਰਾਬੁਆਮ ਨੇ ਆਪਣੇ ਬੁਰੇ ਰਾਹ ਨਾ ਬਦਲੇ ਸਗੋਂ ਇੱਕ ਵਾਰ ਫੇਰ ਉੱਚਿਆਂ ਥਾਵਾਂ ਲਈ ਹਰ ਤਰ੍ਹਾਂ ਦੇ ਲੋਕਾਂ ਵਿੱਚੋਂ ਜਾਜਕ ਨਿਯੁਕਤ ਕੀਤੇ। ਕੋਈ ਵੀ ਜੋ ਜਾਜਕ ਬਣਨਾ ਚਾਹੁੰਦਾ ਸੀ, ਉਸਨੇ ਉੱਚੇ ਸਥਾਨਾਂ ਲਈ ਪਵਿੱਤਰ ਕੀਤਾ। ਇਸ ਗੱਲ ਤੋਂ ਇਹ ਯਾਰਾਬੁਆਮ ਦਾ ਪਾਪ ਹੋਇਆ ਜੋ ਉਸ ਦੇ ਮਿਟਾਉਣ ਅਤੇ ਧਰਤੀ ਤੋਂ ਨਾਸ ਹੋਣ ਦਾ ਕਾਰਨ ਬਣਿਆ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.