Biblica® Open Punjabi Contemporary Version 2025
1 ਯੋਹਨ 2
ਹੇ ਮੇਰੇ ਪਿਆਰੇ ਬੱਚਿਓ, ਮੈਂ ਤੁਹਾਨੂੰ ਇਹ ਇਸ ਲਈ ਲਿਖ ਰਿਹਾ ਹਾਂ ਤਾਂ ਜੋ ਤੁਸੀਂ ਪਾਪ ਨਾ ਕਰੋ। ਪਰ ਜੇ ਕੋਈ ਪਾਪ ਕਰਦਾ ਹੈ, ਤਾਂ ਪਿਤਾ ਦੇ ਕੋਲ ਸਾਡੇ ਲਈ ਇੱਕ ਵਕੀਲ ਹੈ ਯਿਸ਼ੂ ਮਸੀਹ, ਜੋ ਧਰਮੀ ਹੈ। ਉਹ ਸਾਡੇ ਪਾਪਾਂ ਲਈ ਪ੍ਰਾਸਚਿਤ ਬਲੀਦਾਨ ਹੈ ਅਤੇ ਨਾ ਸਿਰਫ ਸਾਡੇ ਲਈ ਬਲਕਿ ਸਾਰੇ ਸੰਸਾਰ ਦੇ ਪਾਪਾਂ ਲਈ ਵੀ।
ਸਾਥੀ ਵਿਸ਼ਵਾਸੀਆਂ ਲਈ ਪਿਆਰ ਅਤੇ ਨਫ਼ਰਤ
ਅਤੇ ਜੇਕਰ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸੀਂ ਉਸ ਨੂੰ ਜਾਣਿਆ ਹੈ। ਜੋ ਕੋਈ ਕਹਿੰਦਾ ਹੈ, “ਮੈਂ ਉਸ ਨੂੰ ਜਾਣਦਾ ਹਾਂ,” ਪਰ ਉਹ ਦੇ ਆਦੇਸ਼ਾਂ ਨੂੰ ਨਹੀਂ ਮੰਨਦਾ ਉਹ ਝੂਠਾ ਹੈ ਅਤੇ ਸੱਚਾਈ ਉਸ ਵਿਅਕਤੀ ਵਿੱਚ ਨਹੀਂ ਹੈ। ਪਰ ਜੇ ਕੋਈ ਉਸ ਦੇ ਬਚਨ ਦੀ ਪਾਲਨਾ ਕਰਦਾ ਹੈ, ਤਾਂ ਉਸ ਵਿੱਚ ਪਰਮੇਸ਼ਵਰ ਦਾ ਪਿਆਰ ਸੱਚ-ਮੁੱਚ ਸੰਪੂਰਨ ਹੋਇਆ ਹੈ। ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਸ ਦੇ ਵਿੱਚ ਹਾਂ: ਜਿਹੜਾ ਵੀ ਉਸ ਵਿੱਚ ਰਹਿਣ ਦਾ ਦਾਅਵਾ ਕਰਦਾ ਹੈ ਉਸ ਨੂੰ ਯਿਸ਼ੂ ਵਾਂਗ ਜੀਉਣਾ ਚਾਹੀਦਾ ਹੈ।
ਹੇ ਪਿਆਰੇ ਦੋਸਤੋ, ਮੈਂ ਤੁਹਾਨੂੰ ਕੋਈ ਨਵਾਂ ਆਦੇਸ਼ ਨਹੀਂ ਲਿਖ ਰਿਹਾ ਸਗੋਂ ਇੱਕ ਪੁਰਾਣੀ ਆਗਿਆ ਲਿਖ ਰਿਹਾ ਹਾਂ, ਜੋ ਤੁਹਾਨੂੰ ਸ਼ੁਰੂ ਤੋਂ ਹੀ ਮਿਲਿਆ ਸੀ। ਇਹ ਪੁਰਾਣੀ ਆਗਿਆ ਉਹੀ ਸੁਨੇਹਾ ਹੈ ਜੋ ਤੁਸੀਂ ਸੁਣਿਆ। ਫਿਰ ਵੀ ਮੈਂ ਤੁਹਾਨੂੰ ਇੱਕ ਨਵਾਂ ਹੁਕਮ ਲਿਖ ਰਿਹਾ ਹਾਂ; ਇਸ ਦੀ ਸੱਚਾਈ ਮਸੀਹ ਵਿੱਚ ਅਤੇ ਤੁਹਾਡੇ ਵਿੱਚ ਦਿਖਾਈ ਦਿੰਦੀ ਹੈ, ਕਿਉਂਕਿ ਹਨੇਰਾ ਲੰਘ ਰਿਹਾ ਹੈ ਅਤੇ ਸੱਚੀ ਰੌਸ਼ਨੀ ਪਹਿਲਾਂ ਹੀ ਚਮਕ ਰਹੀ ਹੈ।
ਕੋਈ ਵੀ ਜੋ ਰੌਸ਼ਨੀ ਵਿੱਚ ਹੋਣ ਦਾ ਦਾਅਵਾ ਕਰਦਾ ਹੈ ਪਰ ਆਪਣੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ ਉਹ ਅਜੇ ਵੀ ਹਨ੍ਹੇਰੇ ਵਿੱਚ ਹੈ। ਕੋਈ ਵੀ ਜੋ ਆਪਣੇ ਭਰਾ ਅਤੇ ਭੈਣ ਨੂੰ ਪਿਆਰ ਕਰਦਾ ਹੈ ਉਹ ਰੌਸ਼ਨੀ ਵਿੱਚ ਰਹਿੰਦਾ ਹੈ ਅਤੇ ਉਹਨਾਂ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਿਸ ਨਾਲ ਉਹ ਠੋਕਰ ਖਾਣ। ਪਰ ਜਿਹੜਾ ਵੀ ਕਿਸੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ ਉਹ ਹਨ੍ਹੇਰੇ ਵਿੱਚ ਹੈ ਅਤੇ ਹਨ੍ਹੇਰੇ ਵਿੱਚ ਚੱਲਦਾ ਹੈ। ਉਹ ਨਹੀਂ ਜਾਣਦੇ ਕਿ ਉਹ ਕਿੱਥੇ ਜਾ ਰਹੇ ਹਨ, ਕਿਉਂਕਿ ਹਨ੍ਹੇਰੇ ਨੇ ਉਹਨਾਂ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੱਤਾ ਹੈ।
ਲਿਖਣ ਦੇ ਕਾਰਨ
ਹੇ ਪਿਆਰੇ ਬੱਚਿਓ, ਮੈਂ ਤੁਹਾਨੂੰ ਲਿਖ ਰਿਹਾ ਹਾਂ
ਕਿਉਂਕਿ ਮਸੀਹ ਯਿਸ਼ੂ ਦੇ ਨਾਮ ਦੇ ਕਾਰਨ ਤੁਹਾਡੇ ਪਾਪ ਮਾਫ਼ ਕੀਤੇ ਗਏ ਹਨ।1
ਹੇ ਪਿਤਾਓ, ਮੈਂ ਤੁਹਾਨੂੰ ਲਿਖ ਰਿਹਾ ਹਾਂ
ਕਿਉਂਕਿ ਤੁਸੀਂ ਉਸ ਨੂੰ ਜਾਣਦੇ ਹੋ ਜੋ ਸ਼ੁਰੂ ਤੋਂ ਹੈ।
ਹੇ ਨੌਜਵਾਨੋ,
ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਦੁਸ਼ਟ ਨੂੰ ਹਰਾ ਦਿੱਤਾ ਹੈ।
ਹੇ ਪਿਆਰੇ ਬੱਚਿਓ,
ਮੈਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿਉਂਕਿ ਤੁਸੀਂ ਪਿਤਾ ਨੂੰ ਜਾਣਦੇ ਹੋ।
ਹੇ ਪਿਤਾਓ,
ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਸ ਨੂੰ ਜਾਣਦੇ ਹੋ ਜੋ ਸ਼ੁਰੂ ਤੋਂ ਹੈ।
ਹੇ ਨੌਜਵਾਨੋ,
ਮੈਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿਉਂਕਿ ਤੁਸੀਂ ਤਾਕਤਵਰ ਹੋ,
ਅਤੇ ਪਰਮੇਸ਼ਵਰ ਦਾ ਬਚਨ ਤੁਹਾਡੇ ਵਿੱਚ ਰਹਿੰਦਾ ਹੈ,
ਅਤੇ ਤੁਸੀਂ ਦੁਸ਼ਟ ਨੂੰ ਹਰਾ ਦਿੱਤਾ ਹੈ।
ਸੰਸਾਰ ਨਾਲ ਪ੍ਰੇਮ ਨਾ ਕਰੋ
ਸੰਸਾਰ ਨਾਲ ਪਿਆਰ ਨਾ ਰੱਖੋ ਨਾ ਉਹਨਾਂ ਵਸਤਾ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਪਿਆਰ ਰੱਖਦਾ ਹੋਵੇ, ਤਾਂ ਉਸ ਦੇ ਵਿੱਚ ਪਿਤਾ ਦਾ ਪਿਆਰ ਨਹੀਂ ਹੈ। ਕਿਉਂਕਿ ਸਭ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਅੱਖਾਂ ਦੀ ਕਾਮਨਾ, ਅਤੇ ਜੀਵਨ ਦਾ ਹੰਕਾਰ, ਪਿਤਾ ਤੋਂ ਨਹੀਂ ਬਲਕਿ ਸੰਸਾਰ ਤੋਂ ਆਉਂਦਾ ਹੈ।2 ਸੰਸਾਰ ਅਤੇ ਇਸ ਦੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਹਨ, ਪਰ ਜੋ ਵੀ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲਦਾ ਹੈ ਉਹ ਸਦਾ ਲਈ ਜੀਉਂਦਾ ਹੈ।
ਪੁੱਤਰ ਦਾ ਇਨਕਾਰ ਕਰਨ ਦੇ ਵਿਰੁੱਧ ਚੇਤਾਵਨੀ
ਹੇ ਪਿਆਰੇ ਬੱਚਿਓ, ਇਹ ਆਖਰੀ ਸਮਾਂ ਹੈ; ਅਤੇ ਜਿਵੇਂ ਕਿ ਤੁਸੀਂ ਸੁਣਿਆ ਹੈ ਕਿ ਮਸੀਹ ਵਿਰੋਧੀ ਆ ਰਿਹਾ ਹੈ, ਸੋ ਹੁਣ ਵੀ ਬਹੁਤ ਸਾਰੇ ਮਸੀਹ ਵਿਰੋਧੀ ਆ ਗਏ ਹਨ। ਜਿਸ ਤੋਂ ਅਸੀਂ ਜਾਣਦੇ ਹਾਂ ਕਿ ਇਹ ਆਖਰੀ ਸਮਾਂ ਹੈ। ਉਹ ਸਾਡੇ ਵਿੱਚੋਂ ਬਾਹਰ ਚਲੇ ਗਏ, ਪਰ ਉਹ ਅਸਲ ਵਿੱਚ ਸਾਡੇ ਨਹੀਂ ਸਨ। ਕਿਉਂਕਿ ਜੇ ਉਹ ਸਾਡੇ ਹੁੰਦੇ, ਤਾਂ ਉਹ ਸਾਡੇ ਨਾਲ ਰਹਿੰਦੇ; ਪਰ ਉਹ ਨਿੱਕਲ ਗਏ ਤਾਂ ਜੋ ਪ੍ਰਗਟ ਹੋਣ ਕਿ ਉਹਨਾਂ ਵਿੱਚੋਂ ਕੋਈ ਵੀ ਸਾਡਾ ਨਹੀਂ ਸੀ।
ਪਰ ਤੁਸੀਂ ਉਸ ਦੀ ਵੱਲੋਂ ਜਿਹੜਾ ਪਵਿੱਤਰ ਹੈ, ਮਸਹ ਕੀਤੇ ਹੋਏ ਹੋ ਅਤੇ ਤੁਸੀਂ ਸਾਰੇ ਸੱਚ ਨੂੰ ਜਾਣਦੇ ਹੋ। ਮੈਂ ਤੁਹਾਨੂੰ ਇਸ ਲਈ ਨਹੀਂ ਲਿਖ ਰਿਹਾ ਕਿਉਂਕਿ ਤੁਸੀਂ ਸੱਚ ਨੂੰ ਨਹੀਂ ਜਾਣਦੇ, ਪਰ ਕਿਉਂਕਿ ਤੁਸੀਂ ਇਸ ਨੂੰ ਜਾਣਦੇ ਹੋ ਅਤੇ ਕਿਉਂਕਿ ਕੋਈ ਝੂਠ ਸੱਚ ਤੋਂ ਨਹੀਂ ਆਉਂਦਾ। ਝੂਠਾ ਕੌਣ ਹੈ? ਇਹ ਉਹ ਹੈ ਜੋ ਇਨਕਾਰ ਕਰਦਾ ਹੈ ਕਿ ਯਿਸ਼ੂ ਹੀ ਮਸੀਹ ਹੈ। ਅਜਿਹਾ ਵਿਅਕਤੀ ਮਸੀਹ ਵਿਰੋਧੀ ਹੈ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ। ਜਿਹੜਾ ਪੁੱਤਰ ਦਾ ਇਨਕਾਰ ਕਰਦਾ ਹੈ ਪਿਤਾ ਉਸ ਦੇ ਕੋਲ ਨਹੀਂ ਹੈ; ਜਿਹੜਾ ਵੀ ਪੁੱਤਰ ਨੂੰ ਮੰਨ ਲੈਂਦਾ ਹੈ ਪਿਤਾ ਉਸ ਦੇ ਕੋਲ ਹੈ।
ਜਿਵੇਂ ਤੁਹਾਡੇ ਲਈ, ਵੇਖੋ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ ਉਹ ਤੁਹਾਡੇ ਵਿੱਚ ਰਹਿੰਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਤੁਸੀਂ ਪੁੱਤਰ ਅਤੇ ਪਿਤਾ ਵਿੱਚ ਵੀ ਰਹੋਗੇ। ਅਤੇ ਇਹ ਉਹ ਵਾਅਦਾ ਹੈ ਜੋ ਮਸੀਹ ਨੇ ਸਾਡੇ ਨਾਲ ਕੀਤਾ ਸੀ ਅਰਥਾਤ ਸਦੀਪਕ ਜੀਵਨ।
ਮੈਂ ਤੁਹਾਨੂੰ ਇਹ ਗੱਲਾਂ ਉਹਨਾਂ ਲੋਕਾਂ ਬਾਰੇ ਲਿਖ ਰਿਹਾ ਹਾਂ ਜੋ ਤੁਹਾਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਵੇਂ ਕਿ ਤੁਹਾਡੇ ਲਈ, ਉਹ ਮਸਹ ਜਿਹੜਾ ਤੁਸੀਂ ਉਸ ਕੋਲੋ ਪਾਇਆ ਤੁਹਾਡੇ ਵਿੱਚ ਰਹਿੰਦਾ ਹੈ, ਅਤੇ ਤੁਹਾਨੂੰ ਸਿਖਾਉਣ ਲਈ ਕਿਸੇ ਦੀ ਜ਼ਰੂਰਤ ਨਹੀਂ ਹੈ। ਪਰ ਜਿਵੇਂ ਕਿ ਉਸ ਦਾ ਮਸਹ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਸਿਖਾਉਂਦਾ ਹੈ ਅਤੇ ਜਿਵੇਂ ਕਿ ਇਹ ਮਸਹ ਅਸਲੀ ਹੈ, ਨਕਲੀ ਨਹੀਂ। ਜਿਵੇਂ ਕਿ ਇਸ ਨੇ ਤੁਹਾਨੂੰ ਸਿਖਾਇਆ ਹੈ, ਉਸੇ ਵਿੱਚ ਰਹੋ।3
ਪਰਮੇਸ਼ਵਰ ਦੇ ਬੱਚੇ ਅਤੇ ਪਾਪ
ਅਤੇ ਹੁਣ, ਹੇ ਪਿਆਰੇ ਬੱਚਿਓ, ਉਸ ਵਿੱਚ ਬਣੇ ਰਹੋ, ਤਾਂ ਜਦੋਂ ਉਹ ਪ੍ਰਗਟ ਹੋਵੇ ਤਾਂ ਤੁਸੀਂ ਦਿਲੇਰੀ ਨਾਲ ਅਤੇ ਬਿਨ੍ਹਾਂ ਨਿਰਾਸ਼ ਹੋਏ ਉਸ ਦੇ ਅੱਗੇ ਖਲੋ ਸਕੋ।
ਜੇ ਤੁਸੀਂ ਜਾਣਦੇ ਹੋ ਕਿ ਉਹ ਧਰਮੀ ਹੈ, ਤਾਂ ਤੁਸੀਂ ਜਾਣਦੇ ਹੋ ਕਿ ਹਰ ਕੋਈ ਜੋ ਸਹੀ ਕੰਮ ਕਰਦਾ ਹੈ ਉਸ ਤੋਂ ਪੈਦਾ ਹੋਇਆ ਹੈ।
Source notes (3)
- Footnote ਜ਼ਬੂ 25:11
- Footnote ਰੋਮਿ 13:14; ਕਹਾ 27:20
- Footnote ਯੋਹ 14:26
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.