Skip to content
BibleKenya

Biblica® Open Punjabi Contemporary Version 2025

1 ਕੁਰਿੰਥੀਆਂ 3

ਕਲੀਸਿਆ ਅਤੇ ਆਗੂ

ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਨਾਲ ਉਸ ਤਰ੍ਹਾਂ ਗੱਲ ਨਾ ਕਰ ਸਕਿਆ ਜਿਵੇਂ ਆਤਮਿਕ ਲੋਕਾਂ ਨਾਲ ਕੀਤੀ ਜਾਂਦੀ ਹੈ, ਪਰ ਮੈ ਤੁਹਾਡੇ ਨਾਲ ਇਵੇਂ ਗੱਲ ਕਰਦਾ ਹਾਂ ਜਿਵੇਂ ਸਰੀਰਕ ਲੋਕਾਂ ਨਾਲ ਕੀਤੀ ਜਾਂਦੀ ਹੈ ਜੋ ਅਜੇ ਮਸੀਹ ਵਿੱਚ ਨਿਆਣੇ ਹਨ। ਮੈਂ ਤੁਹਾਨੂੰ ਦੁੱਧ ਦਿੱਤਾ, ਨਾ ਕਿ ਠੋਸ ਭੋਜਨ ਕਿਉਂਕਿ ਤੁਸੀਂ ਅਜੇ ਇਸ ਦੇ ਯੋਗ ਨਹੀਂ ਸੀ। ਦਰਅਸਲ, ਤੁਸੀਂ ਅਜੇ ਵੀ ਇਸ ਲਈ ਤਿਆਰ ਨਹੀਂ ਹੋ। ਤੁਸੀਂ ਹੁਣ ਤੱਕ ਸਰੀਰਕ ਹੋ। ਕਿਉਂਕਿ ਤੁਹਾਡੇ ਵਿੱਚ ਜਲਣ ਅਤੇ ਝਗੜੇ ਹਨ, ਤਾਂ ਕੀ ਤੁਸੀਂ ਸੰਸਾਰਿਕ ਨਹੀਂ ਹੋ? ਅਤੇ ਕੀ ਤੁਸੀਂ ਸਰੀਰਕ ਚਾਲ ਨਹੀਂ ਚਲਦੇ? ਕਿਉਂਕਿ ਤੁਹਾਡੇ ਵਿੱਚੋਂ ਇੱਕ ਕਹਿੰਦਾ ਹੈ ਕਿ, “ਮੈਂ ਪੌਲੁਸ ਦਾ ਹਾਂ,” ਅਤੇ ਦੂਸਰਾ ਕਹਿੰਦਾ ਹੈ, “ਮੈ ਅਪੁੱਲੋਸ ਦਾ ਹਾਂ,” ਤਾਂ ਕੀ ਤੁਸੀਂ ਸਰੀਰਕ ਨਹੀਂ ਹੋ?

ਫਿਰ, ਅਪੁੱਲੋਸ ਕੀ ਹੈ? ਅਤੇ ਪੌਲੁਸ ਕੀ ਹੈ? ਸਿਰਫ ਸੇਵਾਦਾਰ ਹੈ, ਜਿਸ ਦੇ ਦੁਆਰਾ ਤੁਸੀਂ ਸਾਰੇ ਵਿਸ਼ਵਾਸ ਵਿੱਚ ਆਏ, ਜਿਵੇਂ ਕਿ ਪ੍ਰਭੂ ਨੇ ਹਰੇਕ ਨੂੰ ਆਪਣਾ ਕੰਮ ਸੌਂਪਿਆ। ਮੈਂ ਤਾਂ ਬੀਜ ਬੀਜਿਆ, ਅਪੁੱਲੋਸ ਨੇ ਪਾਣੀ ਦਿੱਤਾ, ਪਰ ਸਿਰਫ ਪਰਮੇਸ਼ਵਰ ਨੇ ਇਸ ਨੂੰ ਵਧਾਇਆ।1 ਸੋ ਨਾ ਤਾਂ ਬੀਜਣ ਵਾਲਾ ਕੁਝ ਹੈ ਅਤੇ ਨਾ ਹੀ ਪਾਣੀ ਦੇਣ ਵਾਲਾ, ਪਰ ਸਿਰਫ ਪਰਮੇਸ਼ਵਰ ਹੀ ਹੈ ਜੋ ਵਧਾਉਣ ਵਾਲਾ ਹੈ। ਬੀਜਣ ਵਾਲਾ ਅਤੇ ਪਾਣੀ ਦੇਣ ਵਾਲਾ ਦੋਵੇਂ ਇੱਕ ਉਦੇਸ਼ ਲਈ ਕੰਮ ਕਰਦੇ ਹਨ, ਪਰ ਹਰੇਕ ਆਪੋ-ਆਪਣੀ ਮਿਹਨਤ ਦੇ ਅਨੁਸਾਰ ਆਪਣਾ ਫ਼ਲ ਪ੍ਰਾਪਤ ਕਰੇਗਾ। ਕਿਉਂਕਿ ਅਸੀਂ ਪਰਮੇਸ਼ਵਰ ਦੀ ਸੇਵਾ ਵਿੱਚ ਸਹਿ-ਕਰਮੀ ਹਾਂ; ਅਤੇ ਤੁਸੀਂ ਪਰਮੇਸ਼ਵਰ ਦੇ ਖੇਤ, ਅਤੇ ਪਰਮੇਸ਼ਵਰ ਦੇ ਭਵਨ ਹੋ।

ਪਰਮੇਸ਼ਵਰ ਦੀ ਉਸ ਕਿਰਪਾ ਦੇ ਅਨੁਸਾਰ ਜੋ ਮੈਨੂੰ ਦਿੱਤੀ ਗਈ, ਮੈਂ ਸਿਆਣੇ ਮਿਸਤਰੀ ਦੀ ਤਰ੍ਹਾਂ ਨੀਂਹ ਰੱਖੀ, ਅਤੇ ਦੂਸਰਾ ਉਸ ਉੱਤੇ ਉਸਾਰੀ ਕਰਦਾ ਹੈ। ਸੋ ਹਰੇਕ ਸੁਚੇਤ ਰਹੇ ਜੋ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ। ਕਿਉਂ ਜੋ ਉਸ ਨੀਂਹ ਤੋਂ ਬਿਨ੍ਹਾਂ ਜੋ ਰੱਖੀ ਹੋਈ ਹੈ ਕੋਈ ਦੂਸਰੀ ਨਹੀਂ ਰੱਖ ਸਕਦਾ ਅਤੇ ਇਹ ਯਿਸ਼ੂ ਮਸੀਹ ਹੈ। ਅਗਰ ਕੋਈ ਇਸ ਨੀਂਹ ਉੱਤੇ ਸੋਨੇ, ਚਾਂਦੀ ਬਹੁਮੁੱਲੇ ਪੱਥਰਾਂ, ਲੱਕੜਾਂ, ਘਾਹ-ਫੂਸ ਦੀ ਉਸਾਰੀ ਕਰੇ। ਹਰੇਕ ਦੇ ਕੰਮ ਪ੍ਰਗਟ ਹੋਣਗੇ ਕਿਉਂਕਿ ਉਹ ਨਿਆਂ ਦੇ ਦਿਨ ਉਸ ਨੂੰ ਪ੍ਰਕਾਸ਼ ਵਿੱਚ ਲਿਆਵੇਗਾ। ਇਹ ਅੱਗ ਨਾਲ ਉਸ ਨੂੰ ਸਾਬਤ ਕਰੇਗਾ, ਅਤੇ ਅੱਗ ਆਪ ਹਰੇਕ ਆਦਮੀ ਦੇ ਕੰਮ ਪਰਖ ਦੇਵੇਗੀ ਕਿ ਉਹ ਕਿਸ ਪ੍ਰਕਾਰ ਦੇ ਹਨ। ਜੇਕਰ ਕਿਸੇ ਦੁਆਰਾ ਬਣਾਈ ਗਈ ਇਮਾਰਤ ਇਸ ਨੀਂਹ ਉੱਤੇ ਸਥਿਰ ਰਹਿੰਦੀ ਹੈ, ਤਾਂ ਉਸ ਨੂੰ ਇਨਾਮ ਮਿਲੇਗਾ। ਜੇ ਕਿਸੇ ਦੀ ਇਮਾਰਤ ਸੜ ਜਾਵੇ, ਤਾਂ ਉਸ ਦੀ ਹਾਨੀ ਹੋ ਜਾਵੇਗੀ ਪਰ ਉਹ ਆਪ ਬਚਾਇਆ ਜਾਵੇਗਾ ਜਿਵੇਂ ਕਿ ਉਹ ਅੱਗ ਦੁਆਰਾ ਬਚਾਇਆ ਗਿਆ ਹੋਵੇ।

ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ? ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ ਕਰਦਾ ਹੈ, ਤਾਂ ਪਰਮੇਸ਼ਵਰ ਵੀ ਉਸ ਵਿਅਕਤੀ ਦਾ ਨਾਸ ਕਰੇਗਾ; ਕਿਉਂਕਿ ਪਰਮੇਸ਼ਵਰ ਦੀ ਹੈਕਲ ਪਵਿੱਤਰ ਹੈ, ਅਤੇ ਇਹ ਹੈਕਲ ਤੁਸੀਂ ਹੋ।

ਆਪਣੇ ਆਪ ਨੂੰ ਧੋਖਾ ਨਾ ਦਿਓ। ਜੇ ਕੋਈ ਤੁਹਾਡੇ ਵਿੱਚ ਇਹ ਸੋਚਦਾ ਹੈ ਕਿ ਮੈਂ ਇਸ ਯੁੱਗ ਦੀਆ ਗੱਲਾਂ ਦੇ ਵਿਖੇ ਬੁੱਧਵਾਨ ਹਾਂ, ਤਾਂ ਤੁਹਾਨੂੰ, “ਮੂਰਖ” ਬਣਨਾ ਚਾਹੀਦਾ ਹੈ ਤਾਂਕਿ ਤੁਸੀਂ ਬੁੱਧਵਾਨ ਬਣ ਸਕੋਂ। ਕਿਉਂਕਿ ਇਸ ਸੰਸਾਰ ਦਾ ਗਿਆਨ ਪਰਮੇਸ਼ਵਰ ਦੇ ਸਾਮ੍ਹਣੇ ਮੂਰਖਤਾ ਹੈ। ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ਉਹ ਗਿਆਨੀਆਂ ਨੂੰ ਉਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ,”2 ਅਤੇ ਫਿਰ, “ਪਰਮੇਸ਼ਵਰ ਗਿਆਨਵਾਨ ਮਨੁੱਖਾਂ ਦੀਆ ਸੋਚਾਂ ਨੂੰ ਜਾਣਦਾ ਹੈ ਜੋ ਉਹ ਵਿਅਰਥ ਹਨ।”3 ਇਸ ਲਈ ਕੋਈ ਵੀ ਮਨੁੱਖਾਂ ਉੱਤੇ ਅਭਮਾਨ ਨਾ ਕਰੇ! ਕਿਉਂਕਿ ਸਾਰੀਆਂ ਵਸਤਾਂ ਤੁਹਾਡੀਆਂ ਹਨ। ਚਾਹੇ ਪੌਲੁਸ ਜਾਂ ਅਪੁੱਲੋਸ ਜਾ ਕੈਫ਼ਾਸ4 ਜਾਂ ਸੰਸਾਰਕ ਜੀਵਨ ਜਾਂ ਮੌਤ ਜਾਂ ਵਰਤਮਾਨ ਅਤੇ ਭਵਿੱਖ ਸਭ ਕੁਝ ਤੁਹਾਡਾ ਹੈ ਅਤੇ ਤੁਸੀਂ ਮਸੀਹ ਦੇ ਹੋ, ਅਤੇ ਮਸੀਹ ਪਰਮੇਸ਼ਵਰ ਦਾ ਹੈ।

Source notes (4)
  1. Footnote ਰਸੂ 18:1-17
  2. Footnote ਅੱਯੋ 5:13
  3. Footnote ਜ਼ਬੂ 94:11
  4. Footnote ਕੈਫ਼ਾਸ ਪਤਰਸ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.