Skip to content
BibleKenya

Biblica® Open Punjabi Contemporary Version 2025

1 ਇਤਿਹਾਸ 21

ਦਾਵੀਦ ਨੇ ਲੜਨ ਵਾਲੇ ਆਦਮੀਆਂ ਦੀ ਗਿਣਤੀ ਕੀਤੀ

ਸ਼ੈਤਾਨ ਇਸਰਾਏਲ ਦੇ ਵਿਰੁੱਧ ਭੜਕਿਆ ਅਤੇ ਦਾਵੀਦ ਨੂੰ ਇਸਰਾਏਲ ਦੀ ਮਰਦਮਸ਼ੁਮਾਰੀ ਕਰਨ ਲਈ ਉਕਸਾਇਆ। ਤਾਂ ਦਾਵੀਦ ਨੇ ਯੋਆਬ ਅਤੇ ਫ਼ੌਜ ਦੇ ਸਰਦਾਰਾਂ ਨੂੰ ਆਖਿਆ, “ਜਾਓ ਅਤੇ ਬੇਰਸ਼ੇਬਾ ਤੋਂ ਦਾਨ ਤੱਕ ਇਸਰਾਏਲੀਆਂ ਦੀ ਗਿਣਤੀ ਕਰਕੇ ਮੈਨੂੰ ਦੱਸੋ, ਤਾਂ ਜੋ ਮੈਨੂੰ ਪਤਾ ਲੱਗੇ ਕਿ ਉੱਥੇ ਗਿਣਤੀ ਵਿੱਚ ਕਿੰਨੇ ਹਨ।”

ਪਰ ਯੋਆਬ ਨੇ ਉੱਤਰ ਦਿੱਤਾ, “ਯਾਹਵੇਹ ਆਪਣੀਆਂ ਫ਼ੌਜਾਂ ਨੂੰ ਸੌ ਗੁਣਾ ਵਧਾਵੇ, ਪਰ ਹੇ ਮੇਰੇ ਸੁਆਮੀ ਪਾਤਸ਼ਾਹ, ਕੀ ਉਹ ਸਾਰੇ ਮੇਰੇ ਸੁਆਮੀ ਦੀ ਪਰਜਾ ਦੇ ਦਾਸ ਨਹੀਂ ਹਨ? ਮੇਰਾ ਮਹਾਰਾਜ ਰਾਜਾ ਅਜਿਹਾ ਕਿਉਂ ਕਰਨਾ ਚਾਹੁੰਦਾ ਹੈ? ਉਹ ਇਸਰਾਏਲ ਉੱਤੇ ਦੋਸ਼ ਕਿਉਂ ਲਿਆਵੇ?”

ਪਰ ਰਾਜੇ ਦੇ ਬਚਨ ਨੇ ਯੋਆਬ ਨੂੰ ਰੱਦ ਕਰ ਦਿੱਤਾ। ਇਸ ਲਈ ਯੋਆਬ ਚਲਾ ਗਿਆ ਅਤੇ ਇਸਰਾਏਲ ਦੇ ਸਾਰੇ ਪਾਸੇ ਗਿਆ ਅਤੇ ਯੇਰੂਸ਼ਲੇਮ ਨੂੰ ਵਾਪਸ ਆਇਆ। ਯੋਆਬ ਨੇ ਦਾਵੀਦ ਨੂੰ ਲੜਨ ਵਾਲੇ ਆਦਮੀਆਂ ਦੀ ਗਿਣਤੀ ਦੱਸੀ ਕਿ ਸਾਰੇ ਇਸਰਾਏਲ ਵਿੱਚ ਤਲਵਾਰ ਚਲਾਉਣ ਵਾਲੇ ਗਿਆਰ੍ਹਾਂ ਲੱਖ ਆਦਮੀ ਸਨ, ਯਹੂਦਾਹ ਵਿੱਚ ਚਾਰ ਲੱਖ ਸੱਤਰ ਹਜ਼ਾਰ ਸਨ।

ਪਰ ਉਸ ਨੇ ਇਨ੍ਹਾਂ ਦੇ ਵਿੱਚ ਲੇਵੀ ਅਤੇ ਬਿਨਯਾਮੀਨ ਦੇ ਲੋਕਾਂ ਦੀ ਗਿਣਤੀ ਨਾ ਕੀਤੀ ਕਿਉਂ ਜੋ ਯੋਆਬ ਨੂੰ ਪਾਤਸ਼ਾਹ ਦੀ ਆਗਿਆ ਅੱਤ ਘਿਣਾਉਣੀ ਲੱਗੀ। ਇਹ ਹੁਕਮ ਵੀ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਸੀ, ਇਸ ਲਈ ਉਸ ਨੇ ਇਸਰਾਏਲ ਨੂੰ ਸਜ਼ਾ ਦਿੱਤੀ।

ਤਦ ਦਾਵੀਦ ਨੇ ਪਰਮੇਸ਼ਵਰ ਨੂੰ ਆਖਿਆ, “ਮੇਰੇ ਕੋਲੋਂ ਵੱਡਾ ਪਾਪ ਹੋਇਆ ਹੈ, ਪਰ ਹੁਣ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਸੇਵਕ ਦੇ ਦੋਸ਼ ਨੂੰ ਦੂਰ ਕਰ, ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ।”

ਯਾਹਵੇਹ ਨੇ ਦਾਵੀਦ ਦੇ ਅਗੰਮ ਗਿਆਨੀ ਗਾਦ ਨੂੰ ਆਖਿਆ, “ਤੂੰ ਜਾ ਅਤੇ ਦਾਵੀਦ ਨੂੰ ਇਸ ਤਰ੍ਹਾਂ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੇਰੇ ਅੱਗੇ ਤਿੰਨ ਬਿਪਤਾਵਾਂ ਰੱਖਦਾ ਹਾਂ, ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ, ਜੋ ਮੈਂ ਤੇਰੇ ਉੱਤੇ ਕਿਹੜੀ ਬਿਪਤਾ ਪਾਵਾਂ।’ ”

ਤਦ ਗਾਦ ਦਾਵੀਦ ਕੋਲ ਗਿਆ ਅਤੇ ਉਸ ਨੂੰ ਆਖਿਆ, “ਯਾਹਵੇਹ ਇਹ ਆਖਦਾ ਹੈ, ‘ਇਨ੍ਹਾਂ ਵਿੱਚੋਂ ਇੱਕ ਦੀ ਚੋਣ ਕਰ: ਤਿੰਨ ਸਾਲ ਦਾ ਕਾਲ, ਜਾਂ ਤਿੰਨ ਮਹੀਨੇ ਤੂੰ ਆਪਣੇ ਵੈਰੀਆਂ ਦੇ ਸਾਹਮਣੇ ਨਾਸ ਹੁੰਦਾ ਜਾਏਂ ਜਦੋਂ ਤੇਰੇ ਵੈਰਿਆਂ ਦੀ ਤਲਵਾਰ ਤੇਰੇ ਉੱਤੇ ਆ ਪਵੇ ਜਾਂ ਤਿੰਨ ਦਿਨਾਂ ਤੱਕ ਯਾਹਵੇਹ ਦੀ ਤਲਵਾਰ ਅਰਥਾਤ ਮਹਾਂਮਰੀ ਦੇਸ ਵਿੱਚ ਹੋਵੇ ਅਤੇ ਯਾਹਵੇਹ ਦਾ ਦੂਤ ਇਸਰਾਏਲ ਦੀ ਸਾਰੀ ਧਰਤੀ ਵਿੱਚ ਨਾਸ ਕਰਦਾ ਰਹੇ।’ ਹੁਣ ਫੈਸਲਾ ਕਰ ਲੈ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕਿ ਜਵਾਬ ਦੇਵਾਂ।”

ਦਾਵੀਦ ਨੇ ਗਾਦ ਨੂੰ ਆਖਿਆ, “ਮੈਂ ਬਹੁਤ ਦੁਖੀ ਹਾਂ, ਮੈਨੂੰ ਯਾਹਵੇਹ ਦੇ ਹੱਥਾਂ ਵਿੱਚ ਡਿੱਗਣ ਦਿਓ, ਕਿਉਂਕਿ ਉਸਦੀ ਦਇਆ ਬਹੁਤ ਮਹਾਨ ਹੈ, ਪਰ ਮੈਨੂੰ ਮਨੁੱਖਾਂ ਦੇ ਹੱਥਾਂ ਵਿੱਚ ਨਾ ਪੈਣ ਦਿਓ।”

ਇਸ ਲਈ ਯਾਹਵੇਹ ਨੇ ਇਸਰਾਏਲ ਉੱਤੇ ਇੱਕ ਮਹਾਂਮਾਰੀ ਭੇਜੀ ਅਤੇ ਇਸਰਾਏਲ ਦੇ ਸੱਤਰ ਹਜ਼ਾਰ ਮਨੁੱਖ ਮਾਰੇ ਗਏ। ਅਤੇ ਪਰਮੇਸ਼ਵਰ ਨੇ ਯੇਰੂਸ਼ਲੇਮ ਨੂੰ ਨਾਸ਼ ਕਰਨ ਲਈ ਇੱਕ ਦੂਤ ਭੇਜਿਆ। ਪਰ ਜਿਵੇਂ ਹੀ ਦੂਤ ਅਜਿਹਾ ਕਰ ਰਿਹਾ ਸੀ, ਯਾਹਵੇਹ ਨੇ ਇਹ ਦੇਖਿਆ ਅਤੇ ਤਬਾਹੀ ਬਾਰੇ ਸੋਚਿਆ ਅਤੇ ਉਸ ਨੇ ਦੂਤ ਨੂੰ ਕਿਹਾ ਜੋ ਲੋਕਾਂ ਨੂੰ ਤਬਾਹ ਕਰ ਰਿਹਾ ਸੀ, “ਬਹੁਤ ਹੋ ਗਿਆ! ਆਪਣਾ ਹੱਥ ਵਾਪਸ ਖਿੱਚ ਲੈ।” ਯਾਹਵੇਹ ਦਾ ਦੂਤ ਉਸ ਸਮੇਂ ਯਬੂਸੀ ਅਰੌਨਾਹ ਦੇ ਪਿੜ ਵਿੱਚ ਖੜ੍ਹਾ ਸੀ।

ਦਾਵੀਦ ਨੇ ਉੱਪਰ ਤੱਕਿਆ ਅਤੇ ਯਾਹਵੇਹ ਦੇ ਦੂਤ ਨੂੰ ਅਕਾਸ਼ ਅਤੇ ਧਰਤੀ ਦੇ ਵਿਚਕਾਰ ਖੜ੍ਹਾ ਦੇਖਿਆ, ਹੱਥ ਵਿੱਚ ਇੱਕ ਖਿੱਚੀ ਹੋਈ ਤਲਵਾਰ ਯੇਰੂਸ਼ਲੇਮ ਉੱਤੇ ਚੁੱਕੀ ਹੋਈ ਸੀ। ਤਦ ਦਾਵੀਦ ਅਤੇ ਬਜ਼ੁਰਗ, ਤੱਪੜ ਪਹਿਨੇ ਹੋਏ, ਝੁਕ ਗਏ।

ਦਾਵੀਦ ਨੇ ਪਰਮੇਸ਼ਵਰ ਦੇ ਅੱਗੇ ਬੇਨਤੀ ਕਰ ਕੇ ਆਖਿਆ, “ਕੀ ਮੈਂ ਹੀ ਇਹ ਆਗਿਆ ਨਹੀਂ ਦਿੱਤੀ ਸੀ, ਜੋ ਲੋਕਾਂ ਦੀ ਗਿਣਤੀ ਕੀਤੀ ਜਾਵੇ? ਪਾਪ ਤਾਂ ਮੈਂ ਕੀਤਾ ਹੈ ਮੈਂ ਆਜੜੀ ਨੇ ਗਲਤ ਕੀਤਾ ਹੈ, ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼ ਹੈ? ਉਨ੍ਹਾਂ ਨੇ ਕੀ ਕੀਤਾ ਹੈ ਹੇ ਯਾਹਵੇਹ ਮੇਰੇ ਪਰਮੇਸ਼ਵਰ, ਆਪਣਾ ਹੱਥ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਚਲਾ, ਨਾ ਕਿ ਤੇਰੇ ਲੋਕਾਂ ਉੱਤੇ, ਜੋ ਓਹ ਬਵਾ ਵਿੱਚ ਫਸ ਜਾਣ।”

ਦਾਵੀਦ ਨੇ ਇੱਕ ਜਗਵੇਦੀ ਬਣਾਈ

ਤਦ ਯਾਹਵੇਹ ਦੇ ਦੂਤ ਨੇ ਗਾਦ ਨੂੰ ਹੁਕਮ ਦਿੱਤਾ ਕਿ ਉਹ ਦਾਵੀਦ ਨੂੰ ਆਖੇ ਕਿ ਉੱਪਰ ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਾਹਵੇਹ ਲਈ ਇੱਕ ਜਗਵੇਦੀ ਬਣਾ। ਇਸ ਲਈ ਦਾਵੀਦ ਉਸ ਬਚਨ ਨੂੰ ਮੰਨਣ ਲਈ ਉੱਪਰ ਗਿਆ ਜੋ ਗਾਦ ਨੇ ਯਾਹਵੇਹ ਦੇ ਨਾਮ ਉੱਤੇ ਬੋਲਿਆ ਸੀ।

ਅਰੌਨਾਹ ਨੇ ਪਿੱਛੇ ਮੁੜ ਕੇ ਦੂਤ ਨੂੰ ਦੇਖਿਆ ਅਤੇ ਉਸ ਦੇ ਚੌਹਾਂ ਪੁੱਤਰਾਂ ਨੇ ਉਹ ਦੇ ਨਾਲ ਆਪਣੇ ਆਪ ਨੂੰ ਲੁਕਾ ਲਿਆ, ਉਸ ਵੇਲੇ ਆਰਨਾਨ ਕਣਕ ਝਾੜ ਰਿਹਾ ਸੀ। ਜਦੋਂ ਦਾਵੀਦ ਅਰਵਨਾਹ ਦੇ ਕੋਲ ਪਹੁੰਚਿਆ, ਤਾਂ ਅਰਵਨਾਹ ਨੇ ਨਿਗਾਹ ਕੀਤੀ ਅਤੇ ਵੇਖਿਆ, ਅਤੇ ਪਿੜ ਤੋਂ ਬਾਹਰ ਜਾ ਕੇ ਦਾਵੀਦ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ।

ਦਾਵੀਦ ਨੇ ਅਰੌਨਾਹ ਨੂੰ ਆਖਿਆ, ਮੈਨੂੰ ਆਪਣੇ ਪਿੜ ਦੀ ਜਗ੍ਹਾ ਦਿਓ ਤਾਂ ਜੋ ਮੈਂ ਯਾਹਵੇਹ ਲਈ ਇੱਕ ਜਗਵੇਦੀ ਬਣਾਵਾਂ ਤਾਂ ਜੋ ਲੋਕਾਂ ਉੱਤੋਂ ਬਿਪਤਾ ਬੰਦ ਹੋ ਜਾਵੇ। ਇਸ ਨੂੰ ਮੈਨੂੰ ਪੂਰੀ ਕੀਮਤ ਉੱਤੇ ਵੇਚ ਦੇ।

ਅਰੌਨਾਹ ਨੇ ਦਾਵੀਦ ਨੂੰ ਆਖਿਆ, “ਲੈ ਲਓ! ਮੇਰੇ ਸੁਆਮੀ ਪਾਤਸ਼ਾਹ ਨੂੰ ਜੋ ਕੁਝ ਚੰਗਾ ਲੱਗਦਾ ਹੈ, ਉਹੀ ਕਰੇ। ਵੇਖੋ, ਮੈਂ ਬਲਦ ਹੋਮ ਦੀ ਭੇਟ ਲਈ, ਪਿੜ ਦੀ ਲੱਕੜੀ ਲਈ, ਅਤੇ ਅਨਾਜ ਦੀ ਭੇਟ ਲਈ ਕਣਕ ਦਿਆਂਗਾ। ਮੈਂ ਇਹ ਸਭ ਦਿਆਂਗਾ।”

ਪਰ ਦਾਵੀਦ ਰਾਜੇ ਨੇ ਅਰੌਨਾਹ ਨੂੰ ਜਵਾਬ ਦਿੱਤਾ, ਨਹੀਂ, ਸੱਚ-ਮੁੱਚ ਮੈਂ ਤਾਂ ਉਹ ਦਾ ਪੂਰਾ ਮੁੱਲ ਦੇ ਕੇ ਹੀ ਉਸ ਨੂੰ ਖਰੀਦਾਂਗਾ ਕਿਉਂ ਜੋ ਮੈਂ ਯਾਹਵੇਹ ਦੇ ਲਈ ਤੇਰਾ ਮਾਲ ਨਹੀਂ ਲਵਾਂਗਾ, ਨਾ ਮੁੱਲ ਤੋਂ ਬਿਨਾਂ ਹੋਮ ਬਲੀ ਚੜ੍ਹਾਵਾਂਗਾ।

ਇਸ ਲਈ ਦਾਵੀਦ ਨੇ ਅਰੌਨਾਹ ਨੂੰ ਜਗ੍ਹਾ ਲਈ ਛੇ ਸੌ ਸ਼ੈਕੇਲ1 ਸੋਨਾ ਦਿੱਤਾ। ਦਾਵੀਦ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਉਸਨੇ ਯਾਹਵੇਹ ਨੂੰ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਹੋਮ ਬਲੀ ਦੀ ਜਗਵੇਦੀ ਉੱਤੇ ਸਵਰਗ ਤੋਂ ਅੱਗ ਨਾਲ ਜਵਾਬ ਦਿੱਤਾ।

ਤਦ ਯਾਹਵੇਹ ਨੇ ਦੂਤ ਨਾਲ ਗੱਲ ਕੀਤੀ ਅਤੇ ਉਸ ਨੇ ਆਪਣੀ ਤਲਵਾਰ ਫੇਰ ਮਿਆਨ ਵਿੱਚ ਪਾ ਲਈ। ਉਸ ਸਮੇਂ ਜਦੋਂ ਦਾਵੀਦ ਨੇ ਵੇਖਿਆ ਕਿ ਯਾਹਵੇਹ ਨੇ ਯਬੂਸੀ ਅਰੌਨਾਹ ਦੇ ਪਿੜ ਵਿੱਚ ਉਸ ਨੂੰ ਉੱਤਰ ਦਿੱਤਾ ਹੈ ਤਾਂ ਉਸ ਨੇ ਉੱਥੇ ਬਲੀਆਂ ਚੜ੍ਹਾਈਆਂ। ਯਾਹਵੇਹ ਦਾ ਤੰਬੂ, ਜਿਸ ਨੂੰ ਮੋਸ਼ੇਹ ਨੇ ਉਜਾੜ ਵਿੱਚ ਬਣਾਇਆ ਸੀ, ਅਤੇ ਹੋਮ ਬਲੀ ਦੀ ਜਗਵੇਦੀ ਉਸ ਸਮੇਂ ਗਿਬਓਨ ਦੇ ਉੱਚੇ ਸਥਾਨ ਉੱਤੇ ਸੀ। ਪਰ ਦਾਵੀਦ ਪਰਮੇਸ਼ਵਰ ਤੋਂ ਪੁੱਛਣ ਲਈ ਉਸ ਦੇ ਅੱਗੇ ਨਾ ਜਾ ਸਕਿਆ ਕਿਉਂਕਿ ਉਹ ਯਾਹਵੇਹ ਦੇ ਦੂਤ ਦੀ ਤਲਵਾਰ ਤੋਂ ਡਰਦਾ ਸੀ।

Source notes (1)
  1. Footnote ਸੌ ਸ਼ੈਕੇਲ ਇਹ ਲਗਭਗ 6.9 ਕਿਲੋਗ੍ਰਾਮ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.