Skip to content
BibleKenya

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

ਯਸਾ 16

ਮੋਆਬ ਦੀ ਨਿਰਾਸ਼ਾਜਨਕ ਸਥਿਤੀ

ਦੇਸ ਦੇ ਹਾਕਮ ਲਈ ਸੇਲਾ ਨਗਰ ਦੀ ਉਜਾੜ ਤੋਂ ਸੀਯੋਨ ਦੀ ਧੀ ਦੇ ਪਰਬਤ ਉੱਤੇ ਲੇਲੇ ਘੱਲੋ। ਜਿਵੇਂ ਅਵਾਰਾ ਪੰਛੀ ਅਤੇ ਗੁਆਚੇ ਹੋਏ ਬੋਟ ਹੁੰਦੇ ਹਨ, ਉਸੇ ਤਰ੍ਹਾਂ ਹੀ ਅਰਨੋਨ ਦੇ ਪੱਤਣਾਂ ਉੱਤੇ ਮੋਆਬ ਦੀਆਂ ਧੀਆਂ ਹੋਣਗੀਆਂ। ਸਲਾਹ ਦਿਓ, ਇਨਸਾਫ਼ ਕਰੋ! ਆਪਣਾ ਪਰਛਾਵਾਂ ਦੁਪਹਿਰ ਦੇ ਵੇਲੇ ਰਾਤ ਵਾਂਗੂੰ ਬਣਾ, ਕੱਢਿਆਂ ਹੋਇਆਂ ਨੂੰ ਲੁਕਾ, ਭਗੌੜੇ ਨੂੰ ਨਾ ਫੜ੍ਹਾ। ਮੇਰੇ ਕੱਢਿਆਂ ਹੋਇਆਂ ਨੂੰ ਆਪਣੇ ਵਿੱਚ ਟਿਕਾ ਲੈ, ਮੋਆਬ ਲਈ ਲੁਟੇਰੇ ਦੇ ਮੂੰਹੋਂ ਤੂੰ ਉਸ ਦੀ ਓਟ ਹੋ। ਜਦ ਜ਼ਾਲਮ ਮੁੱਕ ਗਿਆ, ਤਦ ਬਰਬਾਦੀ ਖ਼ਤਮ ਹੋ ਜਾਵੇਗੀ, ਮਿੱਧਣ ਵਾਲੇ ਦੇਸ ਤੋਂ ਮਿਟ ਗਏ, ਤਦ ਇੱਕ ਸਿੰਘਾਸਣ ਦਯਾ ਨਾਲ ਕਾਇਮ ਕੀਤਾ ਜਾਵੇਗਾ ਅਤੇ ਉਹ ਦੇ ਉੱਤੇ ਦਾਊਦ ਦੇ ਤੰਬੂ ਵਿੱਚ ਸਚਿਆਈ ਨਾਲ ਉਹ ਬੈਠੇਗਾ, ਜਿਹੜਾ ਸਚਿਆਈ ਨਾਲ ਨਿਆਂ ਕਰੇਗਾ, ਅਤੇ ਧਰਮ ਦੇ ਕੰਮ ਕਰਨ ਵਿੱਚ ਫੁਰਤੀ ਕਰੇਗਾ।

ਅਸੀਂ ਮੋਆਬ ਦੇ ਹੰਕਾਰ ਦੇ ਵਿਖੇ ਸੁਣਿਆ, ਕਿ ਉਹ ਅੱਤ ਹੰਕਾਰੀ ਹੈ, ਅਤੇ ਉਹ ਦੇ ਘਮੰਡ, ਉਹ ਦੇ ਹੰਕਾਰ, ਅਤੇ ਉਹ ਦੇ ਅੱਖੜਪਣ ਵਿਖੇ ਵੀ, - ਪਰ ਉਹ ਦੀਆਂ ਗੱਪਾਂ ਕੁਝ ਵੀ ਨਹੀਂ ਹਨ। ਇਸ ਲਈ ਮੋਆਬ, ਮੋਆਬ ਲਈ ਧਾਹਾਂ ਮਾਰੇਗਾ, ਹਰੇਕ ਧਾਹਾਂ ਮਾਰੇਗਾ, ਕੀਰ-ਹਰਾਸਥ ਕਸਬੇ ਦੀ ਸੌਗੀ ਦੀਆਂ ਪਿੰਨੀਆਂ ਲਈ ਤੁਸੀਂ ਹੌਂਕੇ ਲੈ-ਲੈ ਕੇ ਰੋਵੋਗੇ।

ਹਸ਼ਬੋਨ ਪਿੰਡ ਦੀਆਂ ਪੈਲ੍ਹੀਆਂ, ਸਿਬਮਾਹ ਪਿੰਡ ਦੀਆਂ ਵੇਲਾਂ ਸੁੱਕ ਗਈਆਂ। ਕੌਮਾਂ ਦੇ ਮਾਲਕਾਂ ਨੇ ਉਹ ਦੀਆਂ ਚੰਗੀਆਂ ਟਹਿਣੀਆਂ ਭੰਨ ਸੁੱਟੀਆਂ, ਉਹ ਯਾਜ਼ੇਰ ਪਿੰਡ ਤੱਕ ਪਹੁੰਚੀਆਂ, ਉਹ ਉਜਾੜ ਵਿੱਚ ਫੈਲ ਗਈਆਂ, ਉਹ ਦੀਆਂ ਸ਼ਾਖਾਂ ਖਿੱਲਰ ਗਈਆਂ, ਉਹ ਸਮੁੰਦਰੋਂ ਪਾਰ ਲੰਘ ਗਈਆਂ। ਇਸ ਲਈ ਮੈਂ ਵੀ ਯਾਜ਼ੇਰ ਦੇ ਨਾਲ ਸਿਬਮਾਹ ਦੀ ਵੇਲ ਲਈ ਰੋਵਾਂਗਾ। ਹੇ ਹਸ਼ਬੋਨ ਅਤੇ ਅਲਾਲੇਹ, ਮੈਂ ਤੈਨੂੰ ਆਪਣੇ ਹੰਝੂਆਂ ਨਾਲ ਭਿਉਂ ਦਿਆਂਗਾ, ਕਿਉਂ ਜੋ ਤੇਰੇ ਗਰਮੀ ਦੇ ਫਲਾਂ ਉੱਤੇ ਅਤੇ ਤੇਰੀ ਫ਼ਸਲ ਉੱਤੇ ਹੋਣ ਵਾਲਾ ਅਨੰਦ ਢਿੱਲਾ ਪੈ ਗਿਆ, ਅਨੰਦ ਅਤੇ ਖੁਸ਼ੀ ਫਲਦਾਰ ਪੈਲੀ ਵਿੱਚੋਂ ਲੈ ਲਈ ਗਈ, ਅੰਗੂਰੀ ਬਾਗ਼ਾਂ ਵਿੱਚ ਜੈਕਾਰੇ ਨਾ ਲਲਕਾਰੇ ਜਾਣਗੇ, ਕੋਈ ਲਤਾੜਨ ਵਾਲਾ ਹੌਦਾਂ ਵਿੱਚ ਰਸ ਨਹੀਂ ਲਤਾੜੇਗਾ, ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਛੱਡਿਆ ਹੈ। ਇਸ ਲਈ ਮੇਰਾ ਮਨ ਮੋਆਬ ਲਈ ਬਰਬਤ ਵਾਂਗੂੰ ਵਿਰਲਾਪ ਕਰਦਾ ਹੈ, ਅਤੇ ਮੇਰਾ ਦਿਲ ਕੀਰ-ਹਰਸ ਲਈ ਵੀ।

ਅਜਿਹਾ ਹੋਵੇਗਾ ਕਿ ਜਦ ਮੋਆਬ ਹਾਜ਼ਰ ਹੋਵੇਗਾ, ਜਦ ਉਹ ਉੱਚੇ ਸਥਾਨ ਉੱਤੇ ਥੱਕ ਜਾਵੇਗਾ, ਤਾਂ ਉਹ ਪ੍ਰਾਰਥਨਾ ਲਈ ਆਪਣੇ ਪਵਿੱਤਰ ਸਥਾਨ ਨੂੰ ਆਵੇਗਾ, ਪਰ ਉਸ ਨੂੰ ਕੋਈ ਲਾਭ ਨਾ ਹੋਵੇਗਾ। ਇਹ ਬਚਨ ਉਹ ਹੈ ਜਿਹੜਾ ਯਹੋਵਾਹ ਮੋਆਬ ਦੇ ਵਿਖੇ ਭੂਤ ਕਾਲ ਵਿੱਚ ਬੋਲਿਆ, ਪਰ ਹੁਣ ਯਹੋਵਾਹ ਇਹ ਆਖਦਾ ਹੈ ਕਿ ਤਿੰਨਾਂ ਸਾਲਾਂ ਦੇ ਵਿੱਚ ਮਜ਼ਦੂਰ ਦੇ ਸਾਲਾਂ ਵਾਂਗੂੰ ਮੋਆਬ ਦਾ ਪਰਤਾਪ, ਉਹ ਦੀ ਸਾਰੀ ਵੱਡੀ ਭੀੜ ਸਮੇਤ ਤੁੱਛ ਕੀਤਾ ਜਾਵੇਗਾ ਅਤੇ ਬਚੇ ਹੋਏ ਬਹੁਤ ਥੋੜ੍ਹੇ ਅਤੇ ਲਿੱਸੇ ਹੋਣਗੇ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.