Skip to content
BibleKenya

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

ਲੂਕਾ 1

ਜਾਣ-ਪਛਾਣ

ਇਸ ਲਈ ਬਹੁਤਿਆਂ ਲੋਕਾਂ ਨੇ, ਉਨ੍ਹਾਂ ਗੱਲਾਂ ਦਾ ਇਤਹਾਸ ਲਿਖਣ ਦਾ ਫੈਸਲਾ ਕੀਤਾ ਜੋ ਸਾਡੇ ਵਿੱਚ ਪੂਰੀਆਂ ਹੋਈਆਂ ਹਨ। ਜਿਵੇਂ ਉਨ੍ਹਾਂ ਨੇ ਸਾਨੂੰ ਦੱਸਿਆ ਜਿਹੜੇ ਸ਼ੁਰੂਆਤ ਤੋਂ ਚਸ਼ਮਦੀਦ ਗਵਾਹ ਅਤੇ ਬਚਨ ਦੇ ਸੇਵਕ ਸਨ। ਹੇ ਆਦਰਯੋਗ ਥਿਉਫ਼ਿਲੁਸ ਮੈਂ ਵੀ ਪੂਰੇ ਯਤਨ ਨਾਲ ਖੋਜ ਕਰਕੇ ਇਸ ਗੱਲ ਨੂੰ ਚੰਗਾ ਸਮਝਿਆ ਜੋ ਤੇਰੇ ਲਈ ਸਾਰੀ ਵਾਰਤਾ ਜਿਵੇਂ ਹੋਈ, ਉਸੇ ਤਰ੍ਹਾਂ ਲਿਖਾਂ। ਕਿ ਤੂੰ ਉਨ੍ਹਾਂ ਗੱਲਾਂ ਦੀ ਸਚਿਆਈ ਨੂੰ ਜਾਣ ਲਵੇਂ ਜਿਨ੍ਹਾਂ ਦੀ ਤੂੰ ਸਿੱਖਿਆ ਪਾਈ।

ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਨਮ ਦੀ ਘੋਸ਼ਣਾ

ਯਹੂਦਿਯਾ ਦੇ ਰਾਜਾ ਹੇਰੋਦੇਸ ਦੇ ਸਮੇਂ ਅਬੀਯਾਹ ਦੇ ਦਲ ਵਿੱਚੋਂ, ਜ਼ਕਰਯਾਹ ਨਾਮ ਦਾ ਇੱਕ ਜਾਜਕ ਸੀ ਅਤੇ ਉਸ ਦੀ ਪਤਨੀ ਇਲੀਸਬਤ ਹਾਰੂਨ ਦੇ ਘਰਾਣੇ ਦੀ ਸੀ। ਉਹ ਦੋਵੇਂ ਪਰਮੇਸ਼ੁਰ ਦੇ ਅੱਗੇ ਧਰਮੀ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਤੇ ਨਿਰਦੋਸ਼ ਚੱਲਦੇ ਸਨ। ਉਨ੍ਹਾਂ ਦੇ ਔਲਾਦ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ ਅਤੇ ਦੋਵੇਂ ਬਜ਼ੁਰਗ ਸਨ। ਇਸ ਤਰ੍ਹਾਂ ਹੋਇਆ ਕਿ ਜਦ ਉਹ ਪਰਮੇਸ਼ੁਰ ਦੇ ਹਜ਼ੂਰ ਆਪਣੀ ਵਾਰੀ ਸਿਰ ਜਾਜਕ ਦਾ ਕੰਮ ਕਰ ਰਿਹਾ ਸੀ। ਤਦ ਜਾਜਕ ਦੀ ਰੀਤ ਦੇ ਅਨੁਸਾਰ ਉਸ ਦੇ ਨਾਮ ਦੀ ਪਰਚੀ ਨਿੱਕਲੀ, ਜੋ ਪ੍ਰਭੂ ਦੀ ਹੈਕਲ ਵਿੱਚ ਜਾ ਕੇ ਧੂਪ ਧੁਖਾਵੇ। ਧੂਪ ਧੁਖਾਉਣ ਸਮੇਂ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ। ਤਦ ਉਸ ਨੂੰ ਪ੍ਰਭੂ ਦਾ ਇੱਕ ਦੂਤ ਧੂਪ ਦੀ ਵੇਦੀ ਦੇ ਸੱਜੇ ਪਾਸੇ ਖੜ੍ਹਾ ਨਜ਼ਰ ਆਇਆ। ਅਤੇ ਜ਼ਕਰਯਾਹ ਇਹ ਵੇਖ ਕੇ ਡਰ ਗਿਆ ਤੇ ਘਬਰਾ ਗਿਆ। ਤਦ ਦੂਤ ਨੇ ਆਖਿਆ, ਹੇ ਜ਼ਕਰਯਾਹ ਨਾ ਡਰ ਕਿਉਂ ਜੋ ਤੇਰੀ ਪ੍ਰਾਰਥਨਾ ਸੁਣੀ ਗਈ ਹੈ, ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯੂਹੰਨਾ ਰੱਖੀਂ। ਅਤੇ ਤੈਨੂੰ ਖੁਸ਼ੀ ਅਤੇ ਅਨੰਦ ਹੋਵੇਗਾ ਅਤੇ ਉਸ ਦੇ ਜਨਮ ਤੋਂ ਬਹੁਤ ਲੋਕ ਖੁਸ਼ ਹੋਣਗੇ। ਕਿਉਂਕਿ ਉਹ ਪਰਮੇਸ਼ੁਰ ਸਾਹਮਣੇ ਮਹਾਨ ਹੋਵੇਗਾ ਅਤੇ ਨਾ ਮੈਅ, ਨਾ ਮਧ ਪੀਵੇਗਾ ਅਤੇ ਆਪਣੀ ਮਾਤਾ ਦੇ ਗਰਭ ਤੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਹੋਵੇਗਾ। ਅਤੇ ਇਸਰਾਏਲ ਦੀ ਸੰਤਾਨ ਵਿੱਚੋਂ ਬਹੁਤਿਆਂ ਨੂੰ ਪ੍ਰਭੂ ਪਰਮੇਸ਼ੁਰ ਦੀ ਵੱਲ ਮੋੜ ਲਿਆਵੇਗਾ। ਉਹ ਉਨ੍ਹਾਂ ਦੇ ਅੱਗੇ-ਅੱਗੇ ਏਲੀਯਾਹ ਦੇ ਆਤਮਾ ਅਤੇ ਸਮਰੱਥਾ ਨਾਲ ਚੱਲੇਗਾ ਤਾਂ ਜੋ ਪਿਤਾਵਾਂ ਦੇ ਦਿਲਾਂ ਨੂੰ ਬੱਚਿਆਂ ਦੀ ਵੱਲ ਅਤੇ ਆਗਿਆ ਨਾ ਮੰਨਣ ਵਾਲਿਆ ਨੂੰ ਧਰਮੀਆਂ ਦੀ ਸਮਝ ਵੱਲ ਮੋੜੇ, ਜੋ ਪ੍ਰਭੂ ਦੇ ਯੋਗ ਕੌਮ ਨੂੰ ਤਿਆਰ ਕਰੇ। ਤਦ ਜ਼ਕਰਯਾਹ ਨੇ ਸਵਰਗ ਦੂਤ ਨੂੰ ਆਖਿਆ, ਮੈਂ ਇਹ ਕਿਵੇਂ ਵਿਸ਼ਵਾਸ ਕਰਾਂ ਕਿਉਂਕਿ ਮੈਂ ਵੱਡੀ ਉਮਰ ਦਾ ਹਾਂ ਅਤੇ ਮੇਰੀ ਪਤਨੀ ਬਜ਼ੁਰਗ ਹੈ? ਸਵਰਗ ਦੂਤ ਨੇ ਉਸ ਨੂੰ ਉੱਤਰ ਦਿੱਤਾ, ਮੈਂ ਜਿਬਰਾਏਲ ਹਾਂ, ਜੋ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਰਹਿੰਦਾ ਹਾਂ ਅਤੇ ਤੇਰੇ ਨਾਲ ਗੱਲਾਂ ਕਰਨ ਅਤੇ ਖੁਸ਼ੀ ਦੀ ਖ਼ਬਰ ਦੱਸਣ ਵਾਸਤੇ ਭੇਜਿਆ ਗਿਆ ਹਾਂ। ਵੇਖ ਜਦ ਤੱਕ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਗੂੰਗਾ ਰਹੇਂਗਾ ਅਤੇ ਬੋਲ ਨਾ ਸਕੇਂਗਾ, ਇਸ ਕਾਰਨ ਜੋ ਤੂੰ ਮੇਰੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆ ਜਿਹੜੀਆਂ ਆਪਣੇ ਸਮੇਂ ਤੇ ਪੂਰੀਆਂ ਹੋਣਗੀਆਂ। ਅਤੇ ਲੋਕ ਜ਼ਕਰਯਾਹ ਦੀ ਉਡੀਕ ਕਰ ਰਹੇ ਸਨ ਅਤੇ ਹੈਕਲ ਭਵਨ ਵਿੱਚ ਉਸ ਦੇ ਵੱਧ ਸਮਾਂ ਲਾਉਣ ਕਰਕੇ ਹੈਰਾਨ ਹੁੰਦੇ ਸਨ। ਪਰ ਜਦ ਉਹ ਬਾਹਰ ਆਇਆ ਤਾਂ ਉਨ੍ਹਾਂ ਨਾਲ ਬੋਲ ਨਾ ਸਕਿਆ ਅਤੇ ਉਨ੍ਹਾਂ ਜਾਣਿਆ ਜੋ ਉਸ ਨੇ ਹੈਕਲ ਵਿੱਚ ਕੋਈ ਦਰਸ਼ਣ ਵੇਖਿਆ ਹੈ ਅਤੇ ਉਹ ਉਨ੍ਹਾਂ ਨੂੰ ਇਸ਼ਾਰਿਆ ਨਾਲ ਦੱਸਦਾ ਸੀ ਅਤੇ ਗੂੰਗਾ ਹੋ ਗਿਆ। ਤਾਂ ਇਹ ਹੋਇਆ ਕਿ ਭਵਨ ਵਿੱਚ ਆਪਣੀ ਸੇਵਾ ਦੇ ਦਿਨ ਪੂਰੇ ਕਰਕੇ ਉਹ ਆਪਣੇ ਘਰ ਵਾਪਸ ਚੱਲਿਆ ਗਿਆ। ਫਿਰ ਉਨ੍ਹਾਂ ਦਿਨਾਂ ਪਿੱਛੋਂ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ ਅਤੇ ਪੰਜ ਮਹੀਨਿਆਂ ਤੱਕ ਆਪਣੇ ਆਪ ਨੂੰ ਇਹ ਕਹਿ ਕੇ ਛੁਪਾਇਆ, “ਕਿ ਪ੍ਰਭੂ ਨੇ ਇਹਨਾਂ ਦਿਨਾਂ ਵਿੱਚ ਮੇਰੇ ਉੱਤੇ ਨਿਗਾਹ ਕੀਤੀ ਅਤੇ ਮੇਰੇ ਨਾਲ ਇਹ ਕੀਤਾ ਹੈ ਜੋ ਲੋਕਾਂ ਵਿੱਚੋਂ ਮੇਰੀ ਸ਼ਰਮਿੰਦਗੀ ਨੂੰ ਖ਼ਤਮ ਕਰ ਦੇਵੇ।”

ਯਿਸੂ ਦੇ ਜਨਮ ਦੀ ਘੋਸ਼ਣਾ

ਛੇਵੇਂ ਮਹੀਨੇ ਪਰਮੇਸ਼ੁਰ ਨੇ ਜਿਬਰਾਏਲ ਦੂਤ ਨੂੰ ਨਾਸਰਤ ਨਾਮ ਦੇ ਗਲੀਲ ਦੇ ਇੱਕ ਨਗਰ ਵਿੱਚ ਇੱਕ ਕੁਆਰੀ ਦੇ ਕੋਲ ਭੇਜਿਆ ਜਿਸ ਦੀ ਮੰਗਣੀ ਦਾਊਦ ਦੇ ਵੰਸ਼ ਦੇ ਯੂਸਫ਼ ਨਾਲ ਹੋਈ ਸੀ, ਉਸ ਕੁਆਰੀ ਦਾ ਨਾਮ ਮਰਿਯਮ ਸੀ। ਅਤੇ ਸਵਰਗ ਦੂਤ ਨੇ ਉਸ ਦੇ ਕੋਲ ਅੰਦਰ ਆ ਕੇ ਆਖਿਆ, ਅਨੰਦ ਅਤੇ ਜੈ ਤੇਰੀ ਹੋਵੇ, ਜਿਸ ਉੱਤੇ ਕਿਰਪਾ ਹੋਈ! ਪ੍ਰਭੂ ਤੇਰੇ ਨਾਲ ਹੈ। ਪਰ ਉਹ ਇਸ ਬਚਨ ਤੋਂ ਬਹੁਤ ਘਬਰਾਈ ਅਤੇ ਸੋਚਣ ਲੱਗੀ ਜੋ ਇਹ ਕਿਹੋ ਜਿਹੀ ਵਧਾਈ ਹੈ? ਦੂਤ ਨੇ ਉਸ ਨੂੰ ਆਖਿਆ, ਹੇ ਮਰਿਯਮ ਨਾ ਡਰ, ਕਿਉਂ ਜੋ ਤੇਰੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ ਅਤੇ ਵੇਖ ਤੂੰ ਗਰਭਵਤੀ ਹੋਵੇਂਗੀ, ਇੱਕ ਪੁੱਤਰ ਨੂੰ ਜਨਮ ਦੇਵੇਂਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀ। ਉਹ ਮਹਾਨ ਹੋਵੇਗਾ, ਅੱਤ ਮਹਾਨ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ੁਰ ਉਸ ਦੇ ਪਿਤਾ ਦਾਊਦ ਦਾ ਸਿੰਘਾਸਣ ਉਸ ਨੂੰ ਦੇਵੇਗਾ। ਉਹ ਸਦੀਪਕ ਕਾਲ ਤੱਕ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਅੰਤ ਨਾ ਹੋਵੇਗਾ। ਤਦ ਮਰਿਯਮ ਨੇ ਦੂਤ ਨੂੰ ਆਖਿਆ, ਇਹ ਕਿਵੇਂ ਹੋਵੇਗਾ ਜਦ ਕਿ ਮੈਂ ਪੁਰਸ਼ ਨੂੰ ਜਾਣਦੀ ਹੀ ਨਹੀਂ। ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਮਹਾਨ ਦੀ ਸਮਰੱਥਾ ਤੇਰੇ ਉੱਤੇ ਛਾਇਆ ਕਰੇਗੀ, ਇਸ ਕਰਕੇ ਜਿਹੜਾ ਜਨਮ ਲਵੇਗਾ ਉਹ ਪਵਿੱਤਰ ਅਤੇ ਪਰਮੇਸ਼ੁਰ ਦਾ ਪੁੱਤਰ ਕਹਾਵੇਗਾ। ਅਤੇ ਵੇਖ ਤੇਰੀ ਰਿਸ਼ਤੇਦਾਰ ਇਲੀਸਬਤ, ਜਿਹੜੀ ਬਾਂਝ ਕਹਾਉਂਦੀ ਸੀ, ਉਸ ਦੇ ਵੀ ਬੁਢਾਪੇ ਵਿੱਚ ਪੁੱਤਰ ਹੋਣ ਵਾਲਾ ਹੈ ਉਸ ਦਾ ਇਹ ਛੇਵਾਂ ਮਹੀਨਾ ਹੈ। ਕਿਉਂਕਿ ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤੀਹੀਣ ਨਾ ਹੋਵੇਗਾ। ਤਾਂ ਮਰਿਯਮ ਨੇ ਕਿਹਾ, ਵੇਖ ਮੈਂ ਪ੍ਰਭੂ ਦੀ ਦਾਸੀ ਹਾਂ, ਮੇਰੇ ਨਾਲ ਤੇਰੀ ਗੱਲ ਦੇ ਅਨੁਸਾਰ ਹੋਵੇ। ਤਦ ਦੂਤ ਉਸ ਦੇ ਕੋਲੋਂ ਚੱਲਿਆ ਗਿਆ।

ਮਰਿਯਮ ਇਲੀਸਬਤ ਨੂੰ ਮਿਲਦੀ ਹੈ

ਉਨ੍ਹੀਂ ਦਿਨੀਂ ਮਰਿਯਮ ਛੇਤੀ ਨਾਲ ਉੱਠ ਕੇ ਪਹਾੜੀ ਦੇਸ ਵਿੱਚ ਯਹੂਦਾਹ ਦੇ ਇੱਕ ਨਗਰ ਨੂੰ ਗਈ। ਅਤੇ ਜ਼ਕਰਯਾਹ ਦੇ ਘਰ ਵਿੱਚ ਜਾ ਕੇ ਇਲੀਸਬਤ ਨੂੰ ਨਮਸਕਾਰ ਕੀਤਾ। ਤਾਂ ਇਸ ਤਰ੍ਹਾਂ ਹੋਇਆ, ਕਿ ਜਦ ਇਲੀਸਬਤ ਨੇ ਮਰਿਯਮ ਦਾ ਨਮਸਕਾਰ ਸੁਣਿਆ ਤਾਂ ਬੱਚਾ ਉਸ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਗਈ। ਅਤੇ ਉਹ ਉੱਚੀ ਅਵਾਜ਼ ਨਾਲ ਬੋਲੀ, ਤੂੰ ਔਰਤਾਂ ਵਿੱਚੋਂ ਧੰਨ ਹੈਂ ਅਤੇ ਧੰਨ ਹੈ ਤੇਰੀ ਕੁੱਖ ਦਾ ਫਲ। ਮੇਰੇ ਉੱਤੇ ਇਹ ਕਿਰਪਾ ਕਿਵੇਂ ਹੋਈ ਜੋ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ? ਵੇਖ, ਤੇਰੇ ਨਮਸਕਾਰ ਦੀ ਅਵਾਜ਼ ਮੇਰੇ ਕੰਨ ਵਿੱਚ ਪੈਂਦਿਆਂ ਹੀ, ਬੱਚਾ ਮੇਰੀ ਕੁੱਖ ਵਿੱਚ ਅਨੰਦ ਦੇ ਕਾਰਨ ਉੱਛਲ ਪਿਆ। ਅਤੇ ਧੰਨ ਹੈ ਉਹ ਜਿਸ ਨੇ ਵਿਸ਼ਵਾਸ ਕੀਤਾ ਕਿ ਜਿਹੜੀਆਂ ਗੱਲਾਂ ਪ੍ਰਭੂ ਦੇ ਵੱਲੋਂ ਉਸ ਨੂੰ ਆਖੀਆਂ ਗਈਆਂ, ਉਹ ਪੂਰੀਆਂ ਹੋਣਗੀਆਂ।

ਮਰਿਯਮ ਦੁਆਰਾ ਸਤੂਤੀ ਗੀਤ

ਤਦ ਮਰਿਯਮ ਨੇ ਆਖਿਆ, “ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ, ਅਤੇ ਮੇਰੀ ਆਤਮਾ ਮੇਰੇ ਮੁਕਤੀਦਾਤੇ ਪਰਮੇਸ਼ੁਰ ਵਿੱਚ ਅਨੰਦ ਹੋਈ, ਕਿਉਂ ਜੋ ਉਸ ਨੇ ਆਪਣੀ ਦਾਸੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ”। ਵੇਖੋ ਤਾਂ, ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਆਖਣਗੀਆਂ, ਕਿਉਂ ਜੋ ਉਸ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ ਅਤੇ ਉਸ ਦਾ ਨਾਮ ਪਵਿੱਤਰ ਹੈ। ਜਿਹੜੇ ਉਸ ਦਾ ਡਰ ਰੱਖਦੇ ਹਨ, ਉਨ੍ਹਾਂ ਉੱਤੇ ਉਸ ਦੀ ਦਯਾ ਪੀੜ੍ਹੀਓਂ ਪੀੜ੍ਹੀ ਬਣੀ ਰਹਿੰਦੀ ਹੈ। ਉਸ ਨੇ ਆਪਣੀ ਬਾਂਹ ਦਾ ਜ਼ੋਰ ਵਿਖਾਇਆ ਅਤੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ, ਜਿਹੜੇ ਆਪਣੇ ਮਨ ਦੇ ਖਿਆਲਾਂ ਵਿੱਚ ਹੰਕਾਰੀ ਸਨ। ਉਸ ਨੇ ਬਲਵੰਤਾਂ ਨੂੰ ਸਿੰਘਾਸਣ ਤੋਂ ਗਿਰਾ ਦਿੱਤਾ, ਅਤੇ ਕਮਜ਼ੋਰਾਂ ਨੂੰ ਉੱਚਿਆਂ ਕੀਤਾ। ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ, ਅਤੇ ਧਨੀਆਂ ਨੂੰ ਖਾਲੀ ਹੱਥ ਕੱਢ ਦਿੱਤਾ। ਉਸ ਨੇ ਆਪਣੇ ਦਾਸ ਇਸਰਾਏਲ ਦੀ ਸਹਾਇਤਾ ਕੀਤੀ ਤਾਂ ਕਿ ਉਹ ਆਪਣੇ ਰਹਿਮ ਨੂੰ ਯਾਦ ਕਰੇ, ਜੋ ਅਬਰਾਹਾਮ ਤੇ ਉਸ ਦੇ ਅੰਸ ਨਾਲ ਸਦੀਪਕ ਕਾਲ ਤੱਕ ਰਹੇਗਾ, ਜਿਵੇਂ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਬਚਨ ਕੀਤਾ ਸੀ। ਤਦ ਮਰਿਯਮ ਤਿੰਨ ਮਹੀਨੇ ਉਸ ਦੇ ਨਾਲ ਰਹਿ ਕੇ ਆਪਣੇ ਘਰ ਨੂੰ ਮੁੜ ਗਈ।

ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਜਨਮ

ਹੁਣ ਇਲੀਸਬਤ ਦੇ ਜਨਮ ਦੇਣ ਦਾ ਸਮਾਂ ਆ ਪੁੱਜਾ ਅਤੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ। ਅਤੇ ਉਸ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਇਹ ਸੁਣ ਕੇ ਜੋ ਪ੍ਰਭੂ ਨੇ ਉਸ ਉੱਤੇ ਵੱਡੀ ਦਯਾ ਕੀਤੀ ਉਸ ਦੇ ਨਾਲ ਖੁਸ਼ੀ ਮਨਾਈ। ਤਦ ਉਹ ਅੱਠਵੇਂ ਦਿਨ ਬਾਲਕ ਦੀ ਸੁੰਨਤ ਲਈ ਆਏ ਅਤੇ ਉਸ ਦਾ ਨਾਮ ਜ਼ਕਰਯਾਹ ਰੱਖਣ ਲੱਗੇ ਜਿਹੜਾ ਉਸ ਦੇ ਪਿਤਾ ਦਾ ਨਾਮ ਸੀ। ਪਰ ਉਸ ਦੀ ਮਾਤਾ ਨੇ ਅੱਗੋਂ ਆਖਿਆ, ਨਹੀਂ ਪਰ ਉਸਦਾ ਨਾਮ ਯੂਹੰਨਾ ਰੱਖਾਂਗੇ। ਉਨ੍ਹਾਂ ਉਸ ਨੂੰ ਕਿਹਾ ਕਿ ਤੇਰੇ ਰਿਸ਼ਤੇਦਾਰਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਮ ਤੋਂ ਬੁਲਾਇਆ ਜਾਂਦਾ ਹੈ। ਤਦ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਇਸ਼ਾਰਾ ਕਰ ਕੇ ਪੁੱਛਿਆ, ਉਹ ਉਸ ਦਾ ਕੀ ਨਾਮ ਰੱਖਣਾ ਚਾਹੁੰਦਾ ਹੈ। ਅਤੇ ਉਸ ਨੇ ਪੱਟੀ ਮੰਗਾ ਕੇ ਲਿਖਿਆ ਕਿ ਉਸ ਦਾ ਨਾਮ ਯੂਹੰਨਾ ਹੈ ਤਾਂ ਸਭ ਹੈਰਾਨ ਰਹਿ ਗਏ। ਉਸੇ ਸਮੇਂ ਉਸ ਦਾ ਮੂੰਹ ਅਤੇ ਉਸ ਦੀ ਜੀਭ ਖੁੱਲ੍ਹ ਗਈ, ਉਹ ਬੋਲਣ ਲੱਗ ਪਿਆ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗਾ। ਤਦ ਆਲੇ-ਦੁਆਲੇ ਦੇ ਸਾਰੇ ਰਹਿਣ ਵਾਲੇ ਡਰ ਗਏ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਦੇਸ ਵਿੱਚ ਇਨ੍ਹਾਂ ਸਭ ਗੱਲਾਂ ਦੀ ਚਰਚਾ ਫੈਲ ਗਈ। ਅਤੇ ਸਭ ਸੁਣਨ ਵਾਲਿਆਂ ਨੇ ਆਪਣੇ ਮਨ ਵਿੱਚ ਇਨ੍ਹਾਂ ਗੱਲਾਂ ਦਾ ਵਿਚਾਰ ਕੀਤਾ ਅਤੇ ਕਿਹਾ, ਭਲਾ, ਇਹ ਬਾਲਕ ਕਿਹੋ ਜਿਹਾ ਹੋਵੇਗਾ? ਕਿਉਂ ਜੋ ਪ੍ਰਭੂ ਦਾ ਹੱਥ ਉਸ ਦੇ ਨਾਲ ਸੀ।

ਜ਼ਕਰਯਾਹ ਦੁਆਰਾ ਸਤੂਤੀ ਗੀਤ

ਤਦ ਉਸ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰ ਗਿਆ ਅਤੇ ਭਵਿੱਖਬਾਣੀ ਕਰ ਕੇ ਆਖਣ ਲੱਗਾ - ਧੰਨ ਹੈ ਪ੍ਰਭੂ ਇਸਰਾਏਲ ਦਾ ਪਰਮੇਸ਼ੁਰ, ਕਿਉਂ ਜੋ ਉਸ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੱਤਾ ਹੈ, ਅਤੇ ਸਾਡੇ ਲਈ ਆਪਣੇ ਦਾਸ ਦਾਊਦ ਦੇ ਵੰਸ਼ ਵਿੱਚ ਮੁਕਤੀ ਦਾ ਸਿੰਗ ਖੜ੍ਹਾ ਕੀਤਾ, ਜਿਵੇਂ ਉਸ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ਬਾਨੀ ਪਹਿਲਾਂ ਤੋਂ ਹੀ ਅਖਵਾਇਆ ਸੀ। ਅਤੇ ਉਹ ਸਾਨੂੰ ਸਾਡੇ ਵੈਰੀਆਂ ਤੋਂ ਅਤੇ ਉਨ੍ਹਾਂ ਸਭਨਾਂ ਦੇ ਹੱਥੋਂ ਜੋ ਸਾਡੇ ਨਾਲ ਵੈਰ ਰੱਖਦੇ ਹਨ ਛੁਟਕਾਰਾ ਦੇਵੇ, ਨਾਲੇ ਉਹ ਸਾਡੇ ਪਿਉ-ਦਾਦਿਆਂ ਉੱਤੇ ਦਯਾ ਕਰੇ, ਅਤੇ ਆਪਣੇ ਪਵਿੱਤਰ ਨੇਮ ਨੂੰ ਯਾਦ ਰੱਖੇ, ਅਰਥਾਤ ਉਸ ਸਹੁੰ ਨੂੰ ਜਿਹੜੀ ਉਸ ਨੇ ਸਾਡੇ ਪਿਤਾ ਅਬਰਾਹਾਮ ਨਾਲ ਖਾਧੀ, ਜੋ ਉਹ ਸਾਨੂੰ ਇਹ ਬਖ਼ਸ਼ੇ ਜੋ ਅਸੀਂ ਆਪਣੇ ਵੈਰੀਆਂ ਦੇ ਹੱਥੋਂ ਛੁੱਟ ਕੇ ਜੀਵਨ ਭਰ ਉਸ ਦੇ ਅੱਗੇ ਪਵਿੱਤਰਤਾਈ ਤੇ ਧਰਮ ਨਾਲ ਨਿਡਰ ਹੋ ਕੇ ਉਸ ਦੀ ਬੰਦਗੀ ਕਰੀਏ। ਅਤੇ ਤੂੰ, ਹੇ ਬਾਲਕ, ਅੱਤ ਮਹਾਨ ਦਾ ਨਬੀ ਅਖਵਾਵੇਗਾ, ਕਿਉਂ ਜੋ ਤੂੰ ਪ੍ਰਭੂ ਦੇ ਰਾਹਾਂ ਨੂੰ ਤਿਆਰ ਕਰਨ ਲਈ ਉਸ ਦੇ ਅੱਗੇ-ਅੱਗੇ ਚੱਲੇਂਗਾ, ਕਿ ਉਸ ਦੇ ਲੋਕਾਂ ਨੂੰ ਮੁਕਤੀ ਦਾ ਗਿਆਨ ਦੇਵੇਂ ਜਿਹੜੀ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਤੋਂ, ਸਾਡੇ ਪਰਮੇਸ਼ੁਰ ਦੀ ਵੱਡੀ ਦਯਾ ਦੇ ਕਾਰਨ ਮਿਲੇਗੀ ਜਦ ਸਵੇਰ ਦਾ ਚਾਨਣ ਸਵਰਗ ਤੋਂ ਸਾਡੇ ਉੱਤੇ ਚਮਕੇਗਾ, ਅਤੇ ਉਨ੍ਹਾਂ ਨੂੰ ਜੋ ਹਨ੍ਹੇਰੇ ਅਤੇ ਮੌਤ ਦੇ ਸਾਏ ਵਿੱਚ ਬੈਠੇ ਹਨ ਚਾਨਣ ਦੇਵੇ, ਅਤੇ ਸਾਡੇ ਕਦਮਾਂ ਨੂੰ ਸ਼ਾਂਤੀ ਦੇ ਰਾਹ ਬਖ਼ਸ਼ੇ। ਅਤੇ ਉਹ ਬਾਲਕ ਵੱਧਦਾ ਅਤੇ ਆਤਮਾ ਵਿੱਚ ਬਲਵੰਤ ਹੁੰਦਾ ਗਿਆ ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੱਕ ਜੰਗਲ ਵਿੱਚ ਰਿਹਾ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.