ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਹੋਸ਼ੇ 1
ਇਹ ਯਹੋਵਾਹ ਦੀ ਉਹ ਬਾਣੀ ਹੈ, ਜਿਹੜੀ ਬੇਰੀ ਦੇ ਪੁੱਤਰ ਹੋਸ਼ੇਆ ਨੂੰ ਉਸ ਸਮੇਂ ਆਈ, ਜਦੋਂ ਯਹੂਦਾਹ ਦੇ ਉੱਤੇ ਰਾਜਾ ਉੱਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦਾ ਰਾਜ ਸੀ ਅਤੇ ਇਸਰਾਏਲ ਦੇ ਉੱਤੇ ਰਾਜਾ ਯੋਆਸ਼ ਦੇ ਪੁੱਤਰ ਯਾਰਾਬੁਆਮ ਦਾ ਰਾਜ ਸੀ।
ਹੋਸ਼ੇਆ ਦੀ ਪਤਨੀ ਅਤੇ ਬੱਚੇ
ਜਦ ਯਹੋਵਾਹ ਪਹਿਲਾਂ ਹੋਸ਼ੇਆ ਦੇ ਰਾਹੀਂ ਬੋਲਿਆ, ਤਾਂ ਯਹੋਵਾਹ ਨੇ ਹੋਸ਼ੇਆ ਨੂੰ ਆਖਿਆ, ਜਾ ਕੇ ਇੱਕ ਵੇਸਵਾ ਔਰਤ ਨਾਲ ਵਿਆਹ ਕਰ। ਉਹ ਵਿਭਚਾਰ ਦੇ ਬੱਚਿਆਂ ਨੂੰ ਜਨਮ ਦੇਵੇਗੀ। ਕਿਉਂ ਜੋ ਦੇਸ ਨੇ ਯਹੋਵਾਹ ਨੂੰ ਛੱਡ ਕੇ ਵੱਡਾ ਵਿਭਚਾਰ ਕੀਤਾ ਹੈ। ਤਾਂ ਉਸ ਨੇ ਜਾ ਕੇ ਦਿਬਲਾਇਮ ਦੀ ਧੀ ਗੋਮਰ ਨੂੰ ਵਿਆਹ ਲਿਆ। ਉਹ ਗਰਭਵਤੀ ਹੋਈ ਅਤੇ ਉਹ ਦੇ ਲਈ ਪੁੱਤਰ ਨੂੰ ਜਨਮ ਦਿੱਤਾ।
ਯਹੋਵਾਹ ਨੇ ਉਹ ਨੂੰ ਆਖਿਆ, ਉਸ ਦਾ ਨਾਮ ਯਿਜ਼ਰਏਲ1 ਰੱਖ, ਕਿਉਂ ਜੋ ਥੋੜ੍ਹੇ ਸਮੇਂ ਵਿੱਚ ਮੈਂ ਯਿਜ਼ਰਏਲ ਦੇ ਖ਼ੂਨ ਦੀ ਸਜ਼ਾ ਯੇਹੂ ਦੇ ਘਰਾਣੇ ਉੱਤੇ ਲਿਆਵਾਂਗਾ ਅਤੇ ਇਸਰਾਏਲ ਦੇ ਘਰਾਣੇ ਦੇ ਰਾਜ ਨੂੰ ਖ਼ਤਮ ਕਰ ਦਿਆਂਗਾ2। ਫਿਰ ਉਸੇ ਦਿਨ ਇਸ ਤਰ੍ਹਾਂ ਹੋਵੇਗਾ ਕਿ ਮੈਂ ਇਸਰਾਏਲ ਦਾ ਧਣੁੱਖ ਯਿਜ਼ਰਏਲ ਦੀ ਵਾਦੀ ਵਿੱਚ ਭੰਨ ਸੁੱਟਾਂਗਾ।
ਉਹ ਫੇਰ ਗਰਭਵਤੀ ਹੋਈ ਅਤੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਸ ਨੇ ਉਹ ਨੂੰ ਆਖਿਆ, ਇਸ ਦਾ ਨਾਮ “ਲੋ-ਰੁਹਾਮਾਹ3” ਰੱਖ, ਕਿਉਂ ਜੋ ਮੈਂ ਫਿਰ ਇਸਰਾਏਲ ਦੇ ਘਰਾਣੇ ਉੱਤੇ ਹੋਰ ਰਹਿਮ ਨਹੀਂ ਕਰਾਂਗਾ ਅਤੇ ਉਹਨਾਂ ਨੂੰ ਕਦੇ ਵੀ ਮਾਫ਼ ਨਾ ਕਰਾਂਗਾ। ਪਰ ਮੈਂ ਯਹੂਦਾਹ ਦੇ ਘਰਾਣੇ ਉੱਤੇ ਰਹਿਮ ਕਰਾਂਗਾ ਅਤੇ ਮੈਂ ਉਹਨਾਂ ਨੂੰ ਧਣੁੱਖ, ਤਲਵਾਰ, ਲੜਾਈ, ਘੋੜਿਆਂ ਜਾਂ ਸਵਾਰਾਂ ਨਾਲ ਨਾ ਬਚਾਵਾਂਗਾ, ਸਗੋਂ ਯਹੋਵਾਹ ਉਹਨਾਂ ਦੇ ਪਰਮੇਸ਼ੁਰ ਦੇ ਦੁਆਰਾ ਬਚਾਵਾਂਗਾ।
ਲੋ-ਰੁਹਾਮਾਹ ਦਾ ਦੁੱਧ ਛੁਡਾਉਣ ਤੋਂ ਬਾਅਦ ਉਹ ਇਸਤਰੀ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ। ਤਾਂ ਉਸ ਨੂੰ ਆਖਿਆ, ਇਹ ਦਾ ਨਾਮ “ਲੋ-ਅੰਮੀ4” ਰੱਖ, ਕਿਉਂ ਜੋ ਤੁਸੀਂ ਮੇਰੀ ਪਰਜਾ ਨਹੀਂ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਨਹੀਂ ਹਾਂ।
ਇਸਰਾਏਲ ਦੀ ਪੁਨਰ ਸਥਾਪਨਾ
ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗੂੰ ਹੋਵੇਗੀ, ਜਿਹੜੀ ਮਿਣੀ ਅਤੇ ਗਿਣੀ ਨਹੀਂ ਜਾ ਸਕਦੀ। ਇਸ ਤਰ੍ਹਾਂ ਹੋਵੇਗਾ ਕਿ ਜਿੱਥੇ ਉਨ੍ਹਾਂ ਨੂੰ ਇਹ ਆਖਿਆ ਗਿਆ ਸੀ, “ਤੁਸੀਂ ਮੇਰੀ ਪਰਜਾ ਨਹੀਂ ਹੋ” ਉੱਥੇ ਹੀ ਉਹਨਾਂ ਨੂੰ ਆਖਿਆ ਜਾਵੇਗਾ, “ਤੁਸੀਂ ਜੀਉਂਦੇ ਪਰਮੇਸ਼ੁਰ ਦੇ ਪੁੱਤਰ ਹੋ।” ਯਹੂਦੀ ਅਤੇ ਇਸਰਾਏਲੀ ਫਿਰ ਇਕੱਠੇ ਹੋਣਗੇ ਅਤੇ ਉਹ ਆਪਣੇ ਲਈ ਇੱਕ ਆਗੂ ਠਹਿਰਾਉਣਗੇ। ਉਹ ਇਸ ਦੇਸ ਵਿੱਚੋਂ ਉਤਾਹਾਂ ਜਾਣਗੇ, ਕਿਉਂ ਜੋ ਯਿਜ਼ਰਏਲ ਦਾ ਦਿਨ ਮਹਾਨ ਹੋਵੇਗਾ5।
Source notes (5)
- Footnote ਪਰਮੇਸ਼ੁਰ ਛੁਟਕਾਰਾ ਦਿੰਦਾ ਹੈ
- Footnote ਇਸ ਯਿਜ਼ਰਏਲ ਸ਼ਹਿਰ ਵਿੱਚ ਯੇਹੂ ਨੇ ਇਸਰਾਏਲ ਦੇ ਰਾਜੇ ਅਤੇ ਸ਼ਾਹੀ ਪਰਿਵਾਰ ਨੂੰ ਮਾਰਿਆ ਅਤੇ ਆਪ ਇਸ ਨਵੇਂ ਰਾਜ ਦਾ ਸ਼ਾਸਕ ਬਣਿਆ l ਦੇਖੋ 2 ਰਾਜਿਆਂ 1-10 ਅਧਿਆਇ
- Footnote ਪਰਮੇਸ਼ੁਰ ਵੱਲੋਂ ਪਿਆਰਾ ਨਹੀਂ
- Footnote ਮੇਰੀ ਪਰਜਾ ਨਹੀਂ
- Footnote ਪਰਮੇਸ਼ੁਰ ਆਪਣੇ ਲੋਕਾਂ ਨੂੰ ਮੁੜ ਖੜਾ ਕਰੇਗਾ
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.