Skip to content
BibleKenya

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

ਇਬਰਾਨੀ 9

ਪ੍ਰਿਥਵੀ ਦੇ ਤੰਬੂ ਵਿੱਚ ਸੇਵਾ

ਪਹਿਲੇ ਨੇਮ ਵਿੱਚ ਵੀ ਸੇਵਾ ਦੇ ਨਿਯਮ ਸਨ ਅਤੇ ਇੱਕ ਸੰਸਾਰ ਦਾ ਪਵਿੱਤਰ ਸਥਾਨ ਸੀ। ਕਿਉਂ ਜੋ ਇੱਕ ਡੇਰਾ ਬਣਾਇਆ ਗਿਆ ਅਰਥਾਤ ਪਹਿਲਾ, ਜਿਸ ਦੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਸਨ। ਇਹ ਪਵਿੱਤਰ ਸਥਾਨ ਅਖਵਾਉਂਦਾ ਹੈ। ਅਤੇ ਦੂਜੇ ਪੜਦੇ ਦੇ ਅੰਦਰ ਉਹ ਡੇਰਾ ਸੀ ਜਿਹੜਾ ਅੱਤ ਪਵਿੱਤਰ ਸਥਾਨ ਅਖਵਾਉਂਦਾ ਹੈ। ਜਿਸ ਦੇ ਵਿੱਚ ਧੂਪ ਦੀ ਵੇਦੀ ਸੀ ਜੋ ਸੁਨਿਹਰੀ ਸੀ ਅਤੇ ਨੇਮ ਦਾ ਸੰਦੂਕ ਜਿਹੜਾ ਆਲੇ ਦੁਆਲਿਓਂ ਸੋਨੇ ਨਾਲ ਮੜ੍ਹਿਆ ਹੋਇਆ ਸੀ ਜਿਸ ਵਿੱਚ ਮੰਨਾ ਭਰਿਆ ਹੋਇਆ ਇੱਕ ਸੋਨੇ ਦਾ ਡੱਬਾ ਅਤੇ ਹਾਰੂਨ ਦੀ ਸੋਟੀ ਸੀ ਜਿਸ ਵਿੱਚੋਂ ਫੁੱਲ ਅਤੇ ਫਲ ਨਿੱਕਲ ਆਏ ਸਨ ਅਤੇ ਨੇਮ ਦੀਆਂ ਪੱਟੀਆਂ ਸਨ। ਅਤੇ ਉਹ ਦੇ ਉੱਪਰ ਤੇਜ ਦੇ ਕਰੂਬੀ ਸਨ ਜਿਨ੍ਹਾਂ ਪ੍ਰਾਸਚਿਤ ਦੇ ਥਾਂ ਉੱਤੇ ਛਾਇਆ ਕੀਤੀ ਹੋਈ ਸੀ, ਜਿਨ੍ਹਾਂ ਵਸਤਾਂ ਦੇ ਇੱਕ-ਇੱਕ ਕਰਕੇ ਬਿਆਨ ਕਰਨ ਦਾ ਹੁਣ ਸਮਾਂ ਨਹੀਂ। ਸੋ ਜਦੋਂ ਇਹ ਵਸਤਾਂ ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਤਾਂ ਪਹਿਲੇ ਡੇਰੇ ਦੇ ਵਿੱਚ ਜਾਜਕ ਨਿੱਤ ਜਾ ਕੇ ਸੇਵਾ ਦੇ ਕੰਮ ਪੂਰੇ ਕਰਦੇ ਸਨ। ਪਰ ਦੂਜੇ ਦੇ ਅੰਦਰ ਇਕੱਲਾ ਪ੍ਰਧਾਨ ਜਾਜਕ ਸਾਲ ਦੇ ਇੱਕ ਦਿਨ ਇੱਕ ਵਾਰੀ ਜਾਂਦਾ ਹੁੰਦਾ ਸੀ ਪਰ ਲਹੂ ਬਹਾਏ ਬਿਨ੍ਹਾਂ ਨਹੀਂ ਜਿਸ ਨੂੰ ਆਪਣੀਆਂ ਅਤੇ ਪਰਜਾ ਦੀਆਂ ਗਲਤੀਆਂ ਲਈ ਚੜ੍ਹਾਉਂਦਾ ਸੀ। ਇਸ ਤੋਂ ਪਵਿੱਤਰ ਆਤਮਾ ਇਹ ਦੱਸਦਾ ਸੀ ਕਿ ਜਦੋਂ ਤੱਕ ਪਵਿੱਤਰ ਡੇਰਾ ਖੜ੍ਹਾ ਹੈ ਉਸ ਸਮੇਂ ਤੱਕ ਪਵਿੱਤਰ ਸਥਾਨਾਂ ਦਾ ਰਾਹ ਪ੍ਰਗਟ ਨਹੀਂ ਹੈ। ਇਹ ਤੰਬੂ ਵਰਤਮਾਨ ਸਮੇਂ ਲਈ ਇੱਕ ਦ੍ਰਿਸ਼ਟਾਂਤ ਹੈ ਜਿਸ ਦੇ ਅਨੁਸਾਰ ਇਸ ਤਰ੍ਹਾਂ ਦੀਆਂ ਭੇਟਾਂ ਅਤੇ ਬਲੀਦਾਨ ਚੜ੍ਹਾਏ ਜਾਂਦੇ ਸਨ, ਜੋ ਬੰਦਗੀ ਕਰਨ ਵਾਲੇ ਦੇ ਵਿਵੇਕ ਨੂੰ ਸ਼ੁੱਧ ਨਹੀਂ ਕਰ ਸਕਦੇ। ਇਹ ਖਾਣ-ਪੀਣ ਅਤੇ ਭਾਂਤ-ਭਾਂਤ ਦੇ ਰਸਮੀ ਇਸ਼ਨਾਨ ਦੇ ਨਾਲ ਬਹੁਤ ਸਾਰੇ ਸਰੀਰਕ ਨਿਯਮ ਸਨ ਜਿਹੜੇ ਸੁਧਾਰ ਦੇ ਸਮੇਂ ਤੱਕ ਠਹਿਰਾਏ ਗਏ ਸਨ।

ਮਸੀਹ ਦੇ ਲਹੂ ਦੀ ਸਾਮਰਥ

ਪਰ ਜਦੋਂ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦਾ ਪ੍ਰਧਾਨ ਜਾਜਕ ਹੋ ਕੇ ਆਇਆ ਤਾਂ ਪਹਿਲੇ ਨਾਲੋਂ ਉਸ ਵੱਡੇ ਅਤੇ ਪੂਰਨ ਤੰਬੂ ਦੇ ਰਾਹੀਂ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਅਰਥਾਤ ਇਸ ਸਰਿਸ਼ਟੀ ਦਾ ਨਹੀਂ ਹੈ। ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਸਥਾਨਾਂ ਦੇ ਅੰਦਰ ਸਦੀਪਕ ਛੁਟਕਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ। ਕਿਉਂਕਿ ਜੇ ਬੱਕਰਿਆਂ ਅਤੇ ਵੱਛਿਆਂ ਦਾ ਲਹੂ ਅਤੇ ਵਹਿੜ ਦੀ ਸੁਆਹ ਜਿਹੜੀ ਭਰਿਸ਼ਟ ਲੋਕਾਂ ਉੱਤੇ ਛਿੜਕੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ ਤਾਂ ਕਿੰਨ੍ਹਾਂ ਹੀ ਵੱਧ ਮਸੀਹ ਦਾ ਲਹੂ ਜਿਸ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ੁਰ ਦੇ ਅੱਗੇ ਚੜ੍ਹਾਇਆ ਤੁਹਾਡੇ ਵਿਵੇਕ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਕਿ ਤੁਸੀਂ ਜਿਉਂਦੇ ਪਰਮੇਸ਼ੁਰ ਦੀ ਬੰਦਗੀ ਕਰੋ।

ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ ਕਿ ਉਹ ਜਿਹੜੇ ਸੱਦੇ ਹੋਏ ਹਨ ਸਦੀਪਕ ਕਾਲ ਦੇ ਵਿਰਸੇ ਦੇ ਵਾਇਦੇ ਨੂੰ ਪ੍ਰਾਪਤ ਕਰਨ। ਜਿੱਥੇ ਵਸੀਅਤ ਹੈ ਉੱਥੇ ਉਹ ਦੇ ਕਰਨ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਪੈਂਦਾ ਹੈ। ਕਿਉਂ ਜੋ ਵਸੀਅਤ ਤਾਂ ਹੀ ਪੱਕੀ ਹੁੰਦੀ ਹੈ ਜਦੋਂ ਮੌਤ ਹੋਈ ਹੋਵੇ ਅਤੇ ਜਿੰਨਾਂ ਚਿਰ ਵਸੀਅਤ ਕਰਨ ਵਾਲਾ ਜਿਉਂਦਾ ਹੈ ਉਹ ਕਿਸੇ ਕੰਮ ਦੀ ਨਹੀਂ ਹੈ। ਇਸ ਕਰਕੇ ਪਹਿਲਾ ਨੇਮ ਵੀ ਲਹੂ ਬਿਨ੍ਹਾਂ ਨਹੀਂ ਕੀਤਾ ਗਿਆ। ਕਿਉਂਕਿ ਜਦੋਂ ਮੂਸਾ ਦੀ ਬਿਵਸਥਾ ਦੇ ਅਨੁਸਾਰ ਸਾਰੀ ਪਰਜਾ ਨੂੰ ਹਰੇਕ ਹੁਕਮ ਸੁਣਾ ਦਿੱਤਾ ਤਾਂ ਵੱਛਿਆਂ ਅਤੇ ਬੱਕਰਿਆਂ ਦਾ ਲਹੂ, ਪਾਣੀ, ਕਿਰਮਚੀ ਉੱਨ ਅਤੇ ਜ਼ੂਫੇ ਨਾਲ ਲੈ ਕੇ ਉਸ ਪੁਸਤਕ ਅਤੇ ਸਾਰਿਆਂ ਲੋਕਾਂ ਉੱਤੇ ਛਿੜਕ ਕੇ ਆਖਿਆ ਭਈ ਇਹ ਉਸ ਨੇਮ ਦਾ ਲਹੂ ਹੈ ਜਿਸ ਦਾ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ। ਅਤੇ ਇਸੇ ਤਰ੍ਹਾਂ ਉਹ ਨੇ ਡੇਰੇ ਉੱਤੇ ਅਤੇ ਸੇਵਕਾਈ ਦੀ ਸਾਰੀ ਸਮੱਗਰੀ ਉੱਤੇ ਲਹੂ ਛਿੜਕਿਆ। ਅਤੇ ਬਿਵਸਥਾ ਦੇ ਅਨੁਸਾਰ ਲੱਗਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨ੍ਹਾਂ ਲਹੂ ਬਹਾਏ ਮਾਫ਼ੀ ਹੁੰਦੀ ਹੀ ਨਹੀਂ।

ਮਸੀਹ ਦੇ ਬਲੀਦਾਨ ਦੇ ਦੁਆਰਾ ਪਾਪਾਂ ਦੀ ਮਾਫ਼ੀ

ਸੋ ਜ਼ਰੂਰੀ ਸੀ ਕਿ ਸਵਰਗ ਵਿਚਲੀਆਂ ਵਸਤਾਂ ਦੇ ਨਮੂਨੇ ਇਨ੍ਹਾਂ ਨਾਲ, ਪਰ ਸਵਰਗੀ ਵਸਤਾਂ ਆਪ ਹੀ ਇਨ੍ਹਾਂ ਤੋਂ ਉੱਤਮ ਬਲੀਦਾਨਾਂ ਨਾਲ ਸ਼ੁੱਧ ਕੀਤੀਆਂ ਜਾਣ। ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋਂ ਸਵਰਗ ਵਿੱਚ ਹੀ ਗਿਆ ਕਿ ਹੁਣ ਸਾਡੇ ਲਈ ਪਰਮੇਸ਼ੁਰ ਦੇ ਅੱਗੇ ਪੇਸ਼ ਹੋਵੇ। ਅਤੇ ਇਹ ਨਹੀਂ ਕਿ ਉਹ ਆਪਣੇ ਆਪ ਨੂੰ ਵਾਰ-ਵਾਰ ਚੜ੍ਹਾਵੇ ਜਿਵੇਂ ਪ੍ਰਧਾਨ ਜਾਜਕ ਪਵਿੱਤਰ ਸਥਾਨ ਦੇ ਅੰਦਰ ਹਰ ਸਾਲ ਲਹੂ ਲੈ ਕੇ ਜਾਂਦਾ ਹੁੰਦਾ ਸੀ। ਇਸ ਤਰ੍ਹਾਂ ਉਹ ਨੂੰ ਜਗਤ ਦੇ ਮੁੱਢੋਂ ਵਾਰ-ਵਾਰ ਦੁੱਖ ਭੋਗਣਾ ਪੈਂਦਾ ਸੀ। ਪਰ ਹੁਣ ਜੁੱਗਾਂ ਦੇ ਅੰਤ ਵਿੱਚ ਉਹ ਇੱਕੋ ਵਾਰ ਪਰਗਟ ਹੋਇਆ ਹੈ ਕਿ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ। ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹ ਦੇ ਪਿੱਛੋਂ ਨਿਆਂ ਹੁੰਦਾ ਹੈ। ਉਸ ਤਰ੍ਹਾਂ ਮਸੀਹ ਵੀ ਬਹੁਤਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਬਲੀਦਾਨ ਹੋਇਆ ਅਤੇ ਉਹਨਾਂ ਉੱਤੇ ਜਿਹੜੇ ਉਹ ਨੂੰ ਉਡੀਕਦੇ ਹਨ ਪਾਪ ਦੇ ਕੰਮਾਂ ਤੋਂ ਅੱਲਗ ਹੋ ਕੇ ਮੁਕਤੀ ਦੇ ਲਈ ਦੂਜੀ ਵਾਰ ਪਰਗਟ ਹੋਵੇਗਾ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.