ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਹੱਜਈ 2
ਹੈਕਲ ਦੇ ਬਣਾਉਣ ਵਾਲਿਆਂ ਨੂੰ ਤਕੜਾ ਕਰਨਾ
ਸੱਤਵੇਂ ਮਹੀਨੇ ਦੀ ਇੱਕੀ ਤਾਰੀਖ਼ ਨੂੰ ਯਹੋਵਾਹ ਦਾ ਬਚਨ ਹੱਜਈ ਨਬੀ ਦੇ ਰਾਹੀਂ ਆਇਆ ਕਿ ਯਹੂਦਾਹ ਦੇ ਹਾਕਮ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਅਤੇ ਬਾਕੀ ਲੋਕਾਂ ਨੂੰ ਇਸ ਤਰ੍ਹਾਂ ਆਖ, “ਤੁਹਾਡੇ ਵਿੱਚੋਂ ਕੌਣ ਬਾਕੀ ਹੈ ਜਿਸ ਨੇ ਇਸ ਭਵਨ ਦੀ ਪਹਿਲੀ ਸ਼ਾਨ ਨੂੰ ਵੇਖਿਆ ਹੈ? ਅਤੇ ਹੁਣ ਤੁਸੀਂ ਕੀ ਵੇਖਦੇ ਹੋ? ਕੀ ਉਹ ਤੁਹਾਡੀਆਂ ਅੱਖਾਂ ਵਿੱਚ ਕੁਝ ਵੀ ਨਹੀਂ ਹੈ?” ਪਰ ਹੇ ਜ਼ਰੂੱਬਾਬਲ, ਤਕੜਾ ਹੋ! ਯਹੋਵਾਹ ਦਾ ਵਾਕ ਹੈ ਅਤੇ ਹੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ, ਤਕੜਾ ਹੋ! ਅਤੇ ਹੇ ਦੇਸ ਦੇ ਲੋਕੋ, ਤਕੜੇ ਹੋਵੋ! ਯਹੋਵਾਹ ਦਾ ਵਾਕ ਹੈ ਅਤੇ ਕੰਮ ਕਰੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ। ਉਸ ਨੇਮ ਅਨੁਸਾਰ ਜਿਹੜਾ ਮੈਂ ਤੁਹਾਡੇ ਨਾਲ ਮਿਸਰ ਦੇ ਵਿੱਚੋਂ ਨਿੱਕਲਣ ਦੇ ਸਮੇਂ ਬੰਨ੍ਹਿਆ, ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ, ਇਸ ਲਈ ਡਰੋ ਨਾ! ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਮੈਂ ਫੇਰ ਅਕਾਸ਼, ਧਰਤੀ ਅਤੇ ਜਲ-ਥਲ ਨੂੰ ਹਿਲਾ ਦਿਆਂਗਾ। ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰਿਆਂ ਕੌਮਾਂ ਦੇ ਪਦਾਰਥ ਆਉਣਗੇ ਤਾਂ ਮੈਂ ਇਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ। ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ, ਯਹੋਵਾਹ ਦਾ ਵਾਕ ਹੈ। ਇਸ ਭਵਨ ਦੀ ਪਿਛਲੀ ਸ਼ਾਨ ਪਹਿਲੀ ਨਾਲੋਂ ਵਧੀਕ ਹੋਵੇਗੀ, ਸੈਨਾਂ ਦਾ ਯਹੋਵਾਹ ਆਖਦਾ ਹੈ। ਮੈਂ ਇਸ ਸਥਾਨ ਨੂੰ ਸ਼ਾਂਤੀ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
ਨਬੀ ਦੁਆਰਾ ਜਾਜਕਾਂ ਦੇ ਨਾਲ ਸਲਾਹ ਕਰਨਾ
ਦਾਰਾ ਰਾਜਾ ਦੇ ਸ਼ਾਸਨ ਦੇ ਦੂਜੇ ਸਾਲ ਦੇ ਨੌਵੇਂ ਮਹੀਨੇ ਦੀ ਚੌਵੀ ਤਾਰੀਖ਼ ਨੂੰ ਯਹੋਵਾਹ ਦੀ ਬਾਣੀ ਹੱਜਈ ਨਬੀ ਦੇ ਰਾਹੀਂ ਆਈ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਬਿਵਸਥਾ ਦੇ ਬਾਰੇ ਜਾਜਕਾਂ ਤੋਂ ਪੁੱਛ ਕਿ ਜੇ ਕੋਈ ਮਨੁੱਖ ਪਵਿੱਤਰ ਮਾਸ ਨੂੰ ਆਪਣੇ ਕੁੜਤੇ ਦੀ ਝੋਲੀ ਵਿੱਚ ਪਾ ਕੇ ਲਈ ਜਾਂਦਾ ਹੋਵੇ ਅਤੇ ਉਹ ਦੀ ਝੋਲੀ ਰੋਟੀ, ਦਾਲ, ਮੈਅ, ਤੇਲ ਜਾਂ ਹੋਰ ਕਿਸੇ ਖਾਣ ਦੀ ਚੀਜ਼ ਨੂੰ ਛੂਹ ਜਾਵੇ, ਤਾਂ ਕੀ, ਉਹ ਚੀਜ਼ ਪਵਿੱਤਰ ਹੋ ਜਾਵੇਗੀ, ਤਾਂ ਜਾਜਕਾਂ ਨੇ ਉੱਤਰ ਦਿੱਤਾ, ਨਹੀਂ। ਫੇਰ ਹੱਜਈ ਨੇ ਪੁੱਛਿਆ, ਜੇ ਕੋਈ ਮਨੁੱਖ ਜੋ ਲਾਸ਼ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ, ਇਨ੍ਹਾਂ ਚੀਜ਼ਾਂ ਦੇ ਵਿੱਚੋਂ ਕਿਸੇ ਚੀਜ਼ ਨੂੰ ਛੂਹ ਦੇਵੇ ਤਾਂ ਕੀ ਉਹ ਚੀਜ਼ ਅਸ਼ੁੱਧ ਹੋ ਜਾਵੇਗੀ? ਤਾਂ ਜਾਜਕਾਂ ਨੇ ਉੱਤਰ ਦਿੱਤਾ, ਉਹ ਅਸ਼ੁੱਧ ਹੋਵੇਗੀ। ਫੇਰ ਹੱਜਈ ਨੇ ਉੱਤਰ ਦੇ ਕੇ ਆਖਿਆ ਕਿ ਮੇਰੇ ਅੱਗੇ ਇਸ ਪਰਜਾ ਅਤੇ ਇਸ ਕੌਮ ਦਾ ਇਹੋ ਹਾਲ ਹੈ, ਯਹੋਵਾਹ ਦਾ ਵਾਕ ਹੈ ਅਤੇ ਇਸੇ ਤਰ੍ਹਾਂ ਉਹਨਾਂ ਦੇ ਹੱਥਾਂ ਦਾ ਸਾਰਾ ਕੰਮ ਹੈ ਅਤੇ ਜੋ ਕੁਝ ਉਹ ਉੱਥੇ ਚੜ੍ਹਾਉਂਦੇ ਹਨ, ਉਹ ਵੀ ਅਸ਼ੁੱਧ ਹੈ।
ਬਰਕਤ ਦਾ ਵਾਅਦਾ
ਹੁਣ ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ। ਇਸ ਤੋਂ ਪਹਿਲਾਂ ਕਿ ਯਹੋਵਾਹ ਦੀ ਹੈਕਲ ਵਿੱਚ ਪੱਥਰ ਉੱਤੇ ਪੱਥਰ ਰੱਖਿਆ ਗਿਆ। ਜਦੋਂ ਕੋਈ ਵੀਹ ਪੈਮਾਨਿਆਂ1 ਦੀ ਢੇਰੀ ਕੋਲ ਆਉਂਦਾ ਸੀ, ਤਾਂ ਦਸ2 ਹੀ ਹੁੰਦੇ ਸਨ। ਜਦ ਕੋਈ ਮੈਅ ਦੇ ਪੀਪੇ ਵਿੱਚੋਂ ਪੰਜਾਹ ਪੈਮਾਨੇ ਕੱਢਣ ਲਈ ਜਾਂਦਾ ਸੀ, ਤਾਂ ਵੀਹ ਹੀ ਹੁੰਦੇ ਸਨ। ਮੈਂ ਤੁਹਾਨੂੰ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਲੂ, ਉੱਲੀ ਅਤੇ ਗੜਿਆਂ ਨਾਲ ਮਾਰਿਆ ਪਰ ਤੁਸੀਂ ਮੇਰੀ ਵੱਲ ਨਾ ਮੁੜੇ, ਯਹੋਵਾਹ ਦਾ ਵਾਕ ਹੈ। ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ, ਨੌਵੇਂ ਮਹੀਨੇ ਦੀ ਚੌਵੀ ਤਾਰੀਖ਼ ਤੋਂ ਜਿਸ ਦਿਨ ਤੋਂ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ, ਸੋਚ ਵਿਚਾਰ ਕਰੋ। ਕੀ ਬੀਜ ਅਜੇ ਕੋਠੇ ਵਿੱਚ ਹੈ? ਕੀ ਅੰਗੂਰੀ ਬਾਗ਼, ਹੰਜ਼ੀਰ, ਅਨਾਰ ਅਤੇ ਜ਼ੈਤੂਨ ਦੇ ਦਰੱਖਤ ਅਜੇ ਫਲ ਨਹੀਂ ਦਿੰਦੇ? ਅੱਜ ਤੋਂ ਮੈਂ ਤੁਹਾਨੂੰ ਬਰਕਤ ਦਿਆਂਗਾ।
ਜ਼ਰੂੱਬਾਬਲ ਨਾਲ ਪਰਮੇਸ਼ੁਰ ਦਾ ਵਾਅਦਾ
ਮਹੀਨੇ ਦੀ ਚੌਵੀ ਤਾਰੀਖ਼ ਨੂੰ ਯਹੋਵਾਹ ਦਾ ਬਚਨ ਹੱਜਈ ਨਬੀ ਕੋਲ ਦੂਜੀ ਵਾਰ ਆਇਆ ਕਿ ਯਹੂਦਾਹ ਦੇ ਹਾਕਮ ਜ਼ਰੂੱਬਾਬਲ ਨੂੰ ਆਖ ਕਿ ਮੈਂ ਅਕਾਸ਼ ਅਤੇ ਧਰਤੀ ਨੂੰ ਹਿਲਾਵਾਂਗਾ, ਮੈਂ ਰਾਜਾਂ ਦੀਆਂ ਗੱਦੀਆਂ ਨੂੰ ਉਲੱਦ ਦਿਆਂਗਾ, ਮੈਂ ਕੌਮਾਂ ਦੇ ਰਾਜਾਂ ਦੇ ਬਲ ਨੂੰ ਤੋੜ ਦਿਆਂਗਾ, ਰਥਾਂ ਨੂੰ ਸਵਾਰਾਂ ਸਮੇਤ ਉਲੱਦ ਦਿਆਂਗਾ ਅਤੇ ਘੋੜੇ ਅਤੇ ਉਹਨਾਂ ਦੇ ਸਵਾਰ ਡਿੱਗ ਪੈਣਗੇ, ਹਾਂ, ਹਰੇਕ ਮਨੁੱਖ ਆਪਣੇ ਭਰਾ ਦੀ ਤਲਵਾਰ ਨਾਲ ਡਿੱਗ ਪਵੇਗਾ। ਉਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਹੇ ਮੇਰੇ ਦਾਸ ਜ਼ਰੂੱਬਾਬਲ ਸ਼ਅਲਤੀਏਲ ਦੇ ਪੁੱਤਰ, ਮੈਂ ਤੈਨੂੰ ਲਵਾਂਗਾ, ਯਹੋਵਾਹ ਦਾ ਵਾਕ ਹੈ ਅਤੇ ਮੈਂ ਤੈਨੂੰ ਆਪਣੀ ਮੋਹਰ ਦੀ ਅੰਗੂਠੀ ਵਾਂਗੂੰ ਰੱਖਾਂਗਾ ਕਿਉਂ ਜੋ ਮੈਂ ਤੈਨੂੰ ਚੁਣਿਆ ਹੈ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
Source notes (2)
- Footnote 200ਕਿਲੋਗ੍ਰਾਮ
- Footnote 100 ਕਿਲੋਗ੍ਰਾਮ
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.