ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਕੂਚ 10
ਟਿੱਡੀਆਂ ਦਾ ਹਮਲਾ
ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾ ਕਿਉਂ ਜੋ ਮੈਂ ਉਸ ਦੇ ਮਨ ਨੂੰ ਅਤੇ ਉਸ ਦੇ ਟਹਿਲੂਆਂ ਦੇ ਮਨਾਂ ਨੂੰ ਭਾਰੀ ਹੋਣ ਦਿੱਤਾ ਹੈ ਤਾਂ ਜੋ ਮੈਂ ਆਪਣੇ ਇਹ ਨਿਸ਼ਾਨ ਉਨ੍ਹਾਂ ਦੇ ਵਿੱਚ ਵਿਖਾਵਾਂ। ਜੋ ਸਖ਼ਤੀ ਮੈਂ ਮਿਸਰ ਉੱਤੇ ਕੀਤੀ ਅਤੇ ਮੇਰੇ ਨਿਸ਼ਾਨ ਜਿਹੜੇ ਮੈਂ ਉਨ੍ਹਾਂ ਵਿੱਚ ਵਿਖਾਏ, ਤੂੰ ਆਪਣੇ ਪੁੱਤਰ ਅਤੇ ਆਪਣੇ ਪੋਤੇ ਦੇ ਕੰਨਾਂ ਵਿੱਚ ਪਾਇਆ ਕਰੇਂ, ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ। ਸੋ ਮੂਸਾ ਅਤੇ ਹਾਰੂਨ ਨੇ ਫ਼ਿਰਊਨ ਦੇ ਕੋਲ ਜਾ ਕੇ ਉਸ ਨੂੰ ਆਖਿਆ, ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਕਦ ਤੱਕ ਤੂੰ ਮੇਰੇ ਅੱਗੇ ਆਪਣੇ ਆਪ ਨੂੰ ਨੀਵਾਂ ਕਰਨ ਤੋਂ ਇਨਕਾਰ ਕਰਦਾ ਰਹੇਂਗਾ? ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ। ਨਹੀਂ ਤਾਂ, ਜੇ ਤੂੰ ਮੇਰੀ ਪਰਜਾ ਨੂੰ ਭੇਜਣ ਤੋਂ ਮੁੱਕਰ ਜਾਵੇਂਗਾ ਤਾਂ ਵੇਖ ਮੈਂ ਭਲਕੇ ਤੇਰੀਆਂ ਹੱਦਾਂ ਵਿੱਚ ਟਿੱਡੀ ਦਲ ਲਿਆ ਰਿਹਾ ਹਾਂ। ਉਹ ਧਰਤੀ ਦੀ ਪਰਤ ਨੂੰ ਇਸ ਤਰ੍ਹਾਂ ਢੱਕ ਦੇਵੇਗੀ ਕਿ ਧਰਤੀ ਨੂੰ ਕੋਈ ਵੇਖ ਨਾ ਸਕੇਗਾ ਅਤੇ ਉਹ ਉਸ ਬਕੀਏ ਨੂੰ ਜਿਹੜਾ ਤੁਹਾਡੇ ਲਈ ਗੜਿਆਂ ਤੋਂ ਬਚ ਰਿਹਾ ਹੈ ਖਾ ਜਾਵੇਗੀ ਅਤੇ ਉਹ ਸਾਰਿਆਂ ਬਿਰਛਾਂ ਨੂੰ ਜਿਹੜੇ ਤੁਹਾਡੇ ਲਈ ਮੈਦਾਨ ਵਿੱਚ ਉੱਗੇ ਹਨ ਖਾ ਜਾਵੇਗੀ। ਅਤੇ ਤੇਰੇ ਘਰ ਤੇਰੇ ਸਾਰੇ ਟਹਿਲੂਆਂ ਦੇ ਘਰ ਅਤੇ ਸਾਰੇ ਮਿਸਰੀਆਂ ਦੇ ਘਰ ਭਰ ਦੇਵੇਗੀ ਇੱਥੋਂ ਤੱਕ ਕਿ ਨਾ ਤੇਰੇ ਪਿਤਾ ਨੇ ਨਾ ਤੇਰੇ ਦਾਦਿਆਂ ਨੇ ਜਿਸ ਦਿਨ ਤੋਂ ਉਹ ਜ਼ਮੀਨ ਉੱਤੇ ਹੋਏ ਅੱਜ ਦੇ ਦਿਨ ਤੱਕ ਵੇਖਿਆ। ਤਾਂ ਉਹ ਮੁੜ ਕੇ ਫ਼ਿਰਊਨ ਕੋਲੋਂ ਬਾਹਰ ਨਿੱਕਲ ਗਿਆ। ਤਦ ਫ਼ਿਰਊਨ ਦੇ ਟਹਿਲੂਆਂ ਨੇ ਉਸ ਨੂੰ ਆਖਿਆ, ਇਹ ਮਨੁੱਖ ਕਦ ਤੱਕ ਸਾਡੇ ਲਈ ਇੱਕ ਫਾਹੀ ਹੋਵੇਗਾ? ਉਨ੍ਹਾਂ ਮਨੁੱਖਾਂ ਨੂੰ ਜਾਣ ਦਿਓ ਤਾਂ ਜੋ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਨ। ਅਜੇ ਤੱਕ ਤੁਸੀਂ ਜਾਣਿਆ ਨਹੀਂ ਕਿ ਮਿਸਰ ਬਰਬਾਦ ਹੋ ਗਿਆ ਹੈ? ਤਾਂ ਮੂਸਾ ਅਤੇ ਹਾਰੂਨ ਫ਼ਿਰਊਨ ਕੋਲ ਮੁੜ ਲਿਆਂਦੇ ਗਏ। ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ ਪਰ ਜਾਣ ਵਾਲੇ ਕਿਹੜੇ ਹਨ? ਮੂਸਾ ਆਖਿਆ, ਅਸੀਂ ਆਪਣੇ ਜਵਾਨਾਂ ਨਾਲ ਆਪਣੇ ਬਜ਼ੁਰਗਾਂ ਨਾਲ ਜਾਂਵਾਂਗੇ। ਅਸੀਂ ਆਪਣੇ ਪੁੱਤਰਾਂ ਨਾਲ ਆਪਣੀਆਂ ਧੀਆਂ ਨਾਲ ਆਪਣੇ ਇੱਜੜਾਂ ਨਾਲ ਆਪਣੇ ਵੱਗਾਂ ਨਾਲ ਜਾਂਵਾਂਗੇ ਕਿਉਂਕਿ ਸਾਡੇ ਲਈ ਯਹੋਵਾਹ ਦਾ ਪਰਬ ਹੈ। ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਇਸ ਤਰ੍ਹਾਂ ਯਹੋਵਾਹ ਤੁਹਾਡੇ ਨਾਲ ਹੋਵੇ ਜਿਵੇਂ ਮੈਂ ਤੁਹਾਨੂੰ ਅਤੇ ਤੁਹਾਡੇ ਨਿਆਣਿਆਂ ਨੂੰ ਜਾਣ ਦਿੰਦਾ ਹਾਂ! ਵੇਖ ਲਓ ਬੁਰਿਆਈ ਤੁਹਾਡੇ ਅੱਗੇ ਹੈ। ਇਸ ਤਰ੍ਹਾਂ ਨਹੀਂ ਪਰ ਤੁਸੀਂ ਮਨੁੱਖ ਜਾਓ ਅਤੇ ਯਹੋਵਾਹ ਦੀ ਉਪਾਸਨਾ ਕਰੋ ਕਿਉਂ ਜੋ ਇਹੋ ਹੀ ਤੁਸੀਂ ਚਾਹੁੰਦੇ ਹੋ। ਸੋ ਉਹ ਫ਼ਿਰਊਨ ਦੇ ਅੱਗੋਂ ਧੱਕੇ ਗਏ। ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਮਿਸਰ ਦੀ ਧਰਤੀ ਉੱਤੇ ਸਲਾ ਲਈ ਪਸਾਰ ਤਾਂ ਜੋ ਉਹ ਮਿਸਰ ਦੀ ਧਰਤੀ ਉੱਤੇ ਆਵੇ ਅਤੇ ਉਹ ਧਰਤੀ ਦਾ ਸਾਰਾ ਸਾਗ ਪੱਤ ਜਿਹੜਾ ਗੜਿਆਂ ਤੋਂ ਬਚ ਰਿਹਾ ਹੈ ਚੱਟ ਜਾਵੇ। ਮੂਸਾ ਨੇ ਆਪਣਾ ਢਾਂਗਾ ਮਿਸਰ ਦੀ ਧਰਤੀ ਉੱਤੇ ਲੰਮਾ ਕੀਤਾ ਤਾਂ ਯਹੋਵਾਹ ਨੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਉਸ ਧਰਤੀ ਉੱਤੇ ਪੁਰੇ ਦੀ ਹਵਾ ਵਗਾਈ। ਜਦ ਸਵੇਰਾ ਹੋਇਆ ਤਾਂ ਪੁਰੇ ਦੀ ਹਵਾ ਟਿੱਡੀ ਦਲ ਲੈ ਆਈ। ਅਤੇ ਟਿੱਡੀ ਦਲ ਸਾਰੇ ਮਿਸਰ ਦੇਸ ਉੱਤੇ ਚੜ੍ਹ ਆਇਆ ਅਤੇ ਮਿਸਰ ਦੀਆਂ ਸਾਰੀਆਂ ਹੱਦਾਂ ਵਿੱਚ ਉੱਤਰ ਪਿਆ ਅਤੇ ਐਨੀ ਭਾਰੀ ਸੀ ਕਿ ਇਸ ਤੋਂ ਅੱਗੇ ਕਦੀ ਅਜਿਹਾ ਟਿੱਡੀ ਦਲ ਨਹੀਂ ਆਇਆ ਸੀ ਅਤੇ ਨਾ ਇਸ ਦੇ ਪਿੱਛੋਂ ਫੇਰ ਕਦੀ ਆਵੇਗਾ। ਸੋ ਉਸ ਸਾਰੀ ਧਰਤੀ ਦੀ ਪਰਤ ਢੱਕ ਲਈ ਕਿ ਧਰਤੀ ਉੱਤੇ ਹਨ੍ਹੇਰਾ ਹੋ ਗਿਆ। ਉਸ ਧਰਤੀ ਦਾ ਸਾਰਾ ਸਾਗ ਪੱਤ ਚੱਟ ਲਿਆ ਨਾਲੇ ਬਿਰਛਾਂ ਦਾ ਸਾਰਾ ਫਲ ਜਿਹੜਾ ਗੜਿਆਂ ਤੋਂ ਬਚ ਗਿਆ ਸੀ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਬਿਰਛਾਂ ਅਤੇ ਖੇਤ ਦੇ ਸਾਗ ਪੱਤ ਉੱਤੇ ਕੋਈ ਹਰਿਆਲੀ ਨਾ ਰਹੀ। ਤਾਂ ਫ਼ਿਰਊਨ ਨੇ ਛੇਤੀ ਨਾਲ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਆਖਿਆ, ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਅਤੇ ਤੁਹਾਡਾ ਪਾਪ ਕੀਤਾ ਹੈ। ਹੁਣ ਤੂੰ ਮੇਰਾ ਪਾਪ ਨਿਰਾ ਐਤਕੀਂ ਦੀ ਵਾਰ ਮਾਫ਼ ਕਰ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਕੋਲ ਸਿਫ਼ਾਰਸ਼ ਕਰ ਕਿ ਉਹ ਕੇਵਲ ਇਸ ਮੌਤ ਨੂੰ ਮੇਰੇ ਕੋਲੋਂ ਹਟਾਵੇ। ਤਾਂ ਉਹ ਫ਼ਿਰਊਨ ਦੇ ਕੋਲੋਂ ਨਿੱਕਲ ਗਿਆ ਅਤੇ ਯਹੋਵਾਹ ਦੇ ਅੱਗੇ ਸਿਫ਼ਾਰਸ਼ ਕੀਤੀ। ਤਾਂ ਯਹੋਵਾਹ ਨੇ ਪੂਰਬ ਵੱਲੋਂ ਬਹੁਤ ਤੇਜ ਹਵਾ ਮੋੜੀ ਜਿਸ ਨੇ ਟਿੱਡੀ ਦਲ ਨੂੰ ਚੁੱਕ ਕੇ ਲਾਲ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਮਿਸਰ ਦੀਆਂ ਸਾਰੀਆਂ ਹੱਦਾਂ ਵਿੱਚ ਇੱਕ ਵੀ ਟਿੱਡੀ ਨਾ ਰਹੀ। ਪਰ ਯਹੋਵਾਹ ਨੇ ਫ਼ਿਰਊਨ ਦਾ ਮਨ ਕਠੋਰ ਹੋਣ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ।
ਅੰਧਕਾਰ
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਅਕਾਸ਼ ਵੱਲ ਪਸਾਰ ਤਾਂ ਜੋ ਮਿਸਰ ਦੇਸ ਵਿੱਚ ਹਨ੍ਹੇਰਾ ਹੋ ਜਾਵੇ, ਅਜਿਹਾ ਹਨ੍ਹੇਰਾ ਜਿਹੜਾ ਟੋਹਿਆ ਜਾਵੇ। ਤਾਂ ਮੂਸਾ ਨੇ ਆਪਣਾ ਹੱਥ ਅਕਾਸ਼ ਵੱਲ ਪਸਾਰਿਆ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਤਿੰਨ ਦਿਨ ਹਨੇਰ ਘੁੱਪ ਰਿਹਾ। ਕਿਸੇ ਨੇ ਇੱਕ ਦੂਜੇ ਨੂੰ ਨਾ ਵੇਖਿਆ ਅਤੇ ਨਾ ਕੋਈ ਤਿੰਨ ਦਿਨ ਤੱਕ ਆਪਣੇ ਥਾਂ ਤੋਂ ਉੱਠਿਆ ਪਰ ਸਾਰੇ ਇਸਰਾਏਲੀਆਂ ਦੇ ਟਿਕਾਣਿਆਂ ਵਿੱਚ ਚਾਨਣਾ ਸੀ। ਤਦ ਫ਼ਿਰਊਨ ਨੇ ਮੂਸਾ ਨੂੰ ਸੱਦ ਕੇ ਆਖਿਆ, ਤੁਸੀਂ ਜਾਓ ਅਤੇ ਯਹੋਵਾਹ ਦੀ ਉਪਾਸਨਾ ਕਰੋ। ਕੇਵਲ ਤੁਹਾਡੇ ਇੱਜੜ ਅਤੇ ਤੁਹਾਡੇ ਵੱਗ ਰਹਿ ਜਾਣ ਅਤੇ ਤੁਹਾਡੇ ਨਿਆਣੇ ਵੀ ਨਾਲ ਜਾਣ। ਤਦ ਮੂਸਾ ਨੇ ਆਖਿਆ, ਤੁਸੀਂ ਆਪ ਸਾਡੇ ਹੱਥ ਵਿੱਚ ਬਲੀਆਂ ਅਤੇ ਹੋਮ ਦੀਆਂ ਭੇਟਾਂ ਦਿਓ ਤਾਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਚੜ੍ਹਾਈਏ। ਸਾਡੇ ਪਸ਼ੂ ਵੀ ਸਾਡੇ ਨਾਲ ਜਾਣਗੇ, ਇੱਕ ਖੁਰ ਵੀ ਪਿੱਛੇ ਨਾ ਰਹੇਗਾ ਕਿਉਂ ਜੋ ਉਨ੍ਹਾਂ ਦੇ ਵਿੱਚੋਂ ਹੀ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਲਈ ਲਵਾਂਗੇ ਅਤੇ ਜਦ ਤੱਕ ਉੱਥੇ ਨਾ ਜਾਈਏ ਅਸੀਂ ਨਹੀਂ ਜਾਣਦੇ ਕਾਹਦੇ ਨਾਲ ਯਹੋਵਾਹ ਦੀ ਉਪਾਸਨਾ ਕਰਨੀ ਹੈ। ਪਰ ਯਹੋਵਾਹ ਨੇ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦਿੱਤਾ। ਓਸ ਨੇ ਨਾ ਚਾਹਿਆ ਕਿ ਉਹ ਜਾਣ। ਫ਼ਿਰਊਨ ਨੇ ਉਸ ਨੂੰ ਆਖਿਆ, ਮੇਰੇ ਕੋਲੋਂ ਨਿੱਕਲ ਜਾ ਅਤੇ ਧਿਆਨ ਰੱਖ ਤੂੰ ਫੇਰ ਕਦੀ ਮੇਰਾ ਮੂੰਹ ਨਾ ਵੇਖੀਂ ਕਿਉਂਕਿ ਜਿਸ ਦਿਨ ਤੂੰ ਮੇਰਾ ਮੂੰਹ ਵੇਖੇਂਗਾ ਤੂੰ ਮਰੇਂਗਾ। ਤਦ ਮੂਸਾ ਨੇ ਆਖਿਆ, ਤੂੰ ਠੀਕ ਬੋਲਿਆ ਹੈਂ, ਮੈਂ ਫੇਰ ਕਦੀ ਤੇਰਾ ਮੂੰਹ ਨਾ ਵੇਖਾਂਗਾ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.