ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
2 ਸਮੂ 6
ਨੇਮ ਦਾ ਸੰਦੂਕ ਯਰੂਸ਼ਲਮ ਵਿੱਚ
1 ਇਤ 13:1-14; 15:25; 1 ਇਤ 16:6-43
ਫਿਰ ਦਾਊਦ ਨੇ ਇਸਰਾਏਲ ਦੇ ਸਾਰੇ ਚੁਣੇ ਹੋਏ, ਤੀਹ ਹਜ਼ਾਰ ਜੁਆਨਾਂ ਨੂੰ ਇਕੱਠਿਆਂ ਕੀਤਾ। ਤਦ ਦਾਊਦ ਉੱਠਿਆ ਅਤੇ ਆਪਣੇ ਨਾਲ ਦੇ ਸਾਰਿਆਂ ਲੋਕਾਂ ਨੂੰ ਲੈ ਕੇ ਬਆਲੇ ਨਾਮ ਦੇ ਸਥਾਨ, ਯਹੂਦਾਹ ਤੋਂ ਤੁਰਿਆ, ਤਾਂ ਜੋ ਪਰਮੇਸ਼ੁਰ ਦੇ ਸੰਦੂਕ ਨੂੰ ਲੈ ਆਵੇ ਜਿਹੜਾ ਉਸ ਨਾਮ ਤੋਂ ਅਰਥਾਤ ਸੈਨਾਂ ਦੇ ਯਹੋਵਾਹ ਦੇ ਨਾਮ ਤੋਂ ਸਦਾਉਂਦਾ ਹੈ, ਜੋ ਕਰੂਬੀਆਂ ਦੇ ਉੱਤੇ ਬਿਰਾਜਮਾਨ ਹੈ। ਸੋ ਉਨ੍ਹਾਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਨਵੀਂ ਬੈਲ ਗੱਡੀ ਉੱਤੇ ਰੱਖਿਆ ਅਤੇ ਉਹ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਵਿੱਚ ਸੀ, ਚੁੱਕ ਲਿਆਏ ਅਤੇ ਅਬੀਨਾਦਾਬ ਦੇ ਪੁੱਤਰਾਂ ਊਜ਼ਾਹ ਅਤੇ ਅਹਯੋ ਨੇ ਉਸ ਨਵੀਂ ਗੱਡੀ ਨੂੰ ਹੱਕਿਆ। ਉਹ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਪਰਬਤ ਵਿੱਚ ਸੀ ਚੁੱਕ ਲਿਆਏ ਅਤੇ ਪਰਮੇਸ਼ੁਰ ਦੇ ਸੰਦੂਕ ਦੇ ਨਾਲ-ਨਾਲ ਗਏ। ਅਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਤੁਰਿਆ। ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਾਰੇ ਤਰ੍ਹਾਂ ਦੇ ਵਾਜੇ ਅਰਥਾਤ ਬੀਨ, ਮੱਧਮ, ਖੰਜ਼ਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਹੋਵਾਹ ਦੇ ਸੰਦੂਕ ਅੱਗੇ-ਅੱਗੇ ਵਜਾਉਂਦੇ ਗਏ। ਜਦ ਉਹ ਨਾਕੋਨ ਦੇ ਪਿੜ ਕੋਲ ਪਹੁੰਚੇ, ਤਦ ਊਜ਼ਾਹ ਨੇ ਹੱਥ ਵਧਾ ਕੇ ਪਰਮੇਸ਼ੁਰ ਦੇ ਸੰਦੂਕ ਨੂੰ ਫੜ੍ਹ ਕੇ ਸੰਭਾਲਿਆ। ਕਿਉਂ ਜੋ ਬਲ਼ਦਾਂ ਨੂੰ ਠੋਕਰ ਲੱਗੀ ਸੀ, ਤਦ ਯਹੋਵਾਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ ਅਤੇ ਪਰਮੇਸ਼ੁਰ ਨੇ ਉਹ ਦੇ ਦੋਸ਼ ਦੇ ਕਾਰਨ ਉਹ ਨੂੰ ਮਾਰਿਆ ਅਤੇ ਉਹ ਯਹੋਵਾਹ ਦੇ ਸੰਦੂਕ ਦੇ ਕੋਲ ਹੀ ਮਰ ਗਿਆ। ਦਾਊਦ ਦੁਖੀ ਹੋ ਗਿਆ, ਕਿਉਂ ਜੋ ਯਹੋਵਾਹ ਊਜ਼ਾਹ ਉੱਤੇ ਆਣ ਪਿਆ ਅਤੇ ਉਹ ਨੇ ਉਸ ਥਾਂ ਦਾ ਨਾਮ ਪਰਸ-ਊਜ਼ਾਹ ਰੱਖਿਆ ਜੋ ਅੱਜ ਤੱਕ ਪ੍ਰਸਿੱਧ ਹੈ। ਦਾਊਦ ਉਸ ਦਿਨ ਯਹੋਵਾਹ ਤੋਂ ਡਰ ਗਿਆ ਅਤੇ ਆਖਿਆ, ਮੈਂ ਯਹੋਵਾਹ ਦੇ ਸੰਦੂਕ ਨੂੰ ਆਪਣੇ ਕੋਲ ਕਿਵੇਂ ਲਿਆਵਾਂ? ਸੋ ਦਾਊਦ ਦਾ ਜੀਅ ਨਾ ਕੀਤਾ ਜੋ ਯਹੋਵਾਹ ਦੇ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾ ਕੇ ਆਪਣੇ ਕੋਲ ਰੱਖੇ, ਤਦ ਦਾਊਦ ਉਹ ਨੂੰ ਇੱਕ ਪਾਸੇ ਗਿੱਤੀ ਓਬੇਦ-ਅਦੋਮ ਦੇ ਘਰ ਵਿੱਚ ਲੈ ਗਿਆ। ਯਹੋਵਾਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨਿਆਂ ਤੱਕ ਰਿਹਾ। ਯਹੋਵਾਹ ਨੇ ਓਬੇਦ-ਅਦੋਮ ਨੂੰ ਅਤੇ ਉਸ ਦੇ ਸਾਰੇ ਘਰਾਣੇ ਨੂੰ ਬਰਕਤ ਦਿੱਤੀ। ਦਾਊਦ ਰਾਜਾ ਨੂੰ ਲੋਕਾਂ ਨੇ ਇਹ ਖ਼ਬਰ ਦਿੱਤੀ ਕਿ ਓਬੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਵਸਤਾਂ ਨੂੰ ਪਰਮੇਸ਼ੁਰ ਦੇ ਸੰਦੂਕ ਦੇ ਕਾਰਨ ਯਹੋਵਾਹ ਨੇ ਬਰਕਤ ਦਿੱਤੀ ਹੈ। ਤਦ ਦਾਊਦ ਗਿਆ ਅਤੇ ਪਰਮੇਸ਼ੁਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ ਦਾਊਦ ਦੇ ਸ਼ਹਿਰ ਵਿੱਚ ਆਨੰਦ ਨਾਲ ਲੈ ਆਇਆ। ਅਤੇ ਜਦ ਯਹੋਵਾਹ ਦੇ ਸੰਦੂਕ ਦੇ ਚੁੱਕਣ ਵਾਲੇ ਛੇ ਕਦਮ ਤੁਰੇ ਤਾਂ ਦਾਊਦ ਨੇ ਬਲ਼ਦ ਅਤੇ ਪਲਿਆ ਹੋਇਆ ਵੱਛਾ ਭੇਟ ਕਰ ਕੇ ਚੜ੍ਹਾਇਆ। ਦਾਊਦ ਯਹੋਵਾਹ ਦੇ ਸੰਦੂਕ ਅੱਗੇ ਆਪਣੇ ਸਾਰੇ ਜ਼ੋਰ ਨਾਲ ਨੱਚਦਾ ਜਾਂਦਾ ਸੀ ਅਤੇ ਦਾਊਦ ਨੇ ਕਤਾਨ ਦਾ ਏਫ਼ੋਦ ਪਹਿਨਿਆ ਹੋਇਆ ਸੀ। ਇਸ ਤਰ੍ਹਾਂ ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਸੰਦੂਕ ਨੂੰ ਜੈਕਾਰਾ ਬੁਲਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਹੋਏ ਚੁੱਕ ਕੇ ਲੈ ਆਏ। ਜਦੋਂ ਯਹੋਵਾਹ ਦਾ ਸੰਦੂਕ ਦਾਊਦ ਦੇ ਸ਼ਹਿਰ ਵਿੱਚ ਆਇਆ ਤਾਂ ਸ਼ਾਊਲ ਦੀ ਧੀ ਮੀਕਲ ਨੇ ਬਾਰੀ ਵਿੱਚੋਂ ਦੀ ਝਾਤੀ ਮਾਰ ਕੇ ਦਾਊਦ ਰਾਜਾ ਨੂੰ ਯਹੋਵਾਹ ਦੇ ਅੱਗੇ ਨੱਚਦੇ-ਟੱਪਦੇ ਦੇਖਿਆ ਤਾਂ ਉਸ ਨੇ ਆਪਣੇ ਮਨ ਵਿੱਚ ਉਹ ਨੂੰ ਤੁੱਛ ਜਾਣਿਆ। ਇਸ ਤਰ੍ਹਾਂ ਓਹ ਯਹੋਵਾਹ ਦੇ ਸੰਦੂਕ ਨੂੰ ਅੰਦਰ ਲੈ ਆਏ ਅਤੇ ਉਹ ਨੂੰ ਉਹ ਦੇ ਠੀਕ ਥਾਂ ਵਿੱਚ ਉਸ ਤੰਬੂ ਦੇ ਵਿਚਕਾਰ, ਜੋ ਦਾਊਦ ਨੇ ਉਹ ਦੇ ਲਈ ਲਾਇਆ ਸੀ ਰੱਖ ਦਿੱਤਾ ਅਤੇ ਦਾਊਦ ਨੇ ਹੋਮ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ। ਜਦ ਦਾਊਦ ਹੋਮ ਦੀਆਂ ਬਲੀਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾ ਚੁੱਕਾ ਤਾਂ ਉਸ ਨੇ ਸੈਨਾਂ ਦੇ ਯਹੋਵਾਹ ਦਾ ਨਾਮ ਲੈ ਕੇ ਲੋਕਾਂ ਨੂੰ ਅਸੀਸ ਦਿੱਤੀ। ਅਤੇ ਉਸ ਨੇ ਸਾਰਿਆਂ ਲੋਕਾਂ ਨੂੰ ਸਗੋਂ ਇਸਰਾਏਲ ਦੀ ਸਾਰੀ ਪਰਜਾ ਨੂੰ ਭਾਵੇ ਇਸਰਤੀ, ਪੁਰਸ਼, ਸਾਰਿਆਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਮਾਸ ਦਾ ਟੁੱਕੜਾ ਅਤੇ ਇੱਕ-ਇੱਕ ਨੂੰ ਸੋਗੀ ਦੀ ਟਿੱਕੀ ਦਿੱਤੀਆਂ ਤਦ ਸਭ ਲੋਕ ਆਪੋ ਆਪਣੇ ਘਰਾਂ ਨੂੰ ਵਿਦਾ ਹੋਏ। ਤਦ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ। ਉਸ ਵੇਲੇ ਸ਼ਾਊਲ ਦੀ ਧੀ ਮੀਕਲ ਦਾਊਦ ਦੇ ਮਿਲਣ ਨੂੰ ਨਿੱਕਲੀ ਅਤੇ ਬੋਲੀ, ਇਸਰਾਏਲ ਦਾ ਰਾਜਾ ਅੱਜ ਪ੍ਰਤਾਪੀ ਲੱਗਦਾ ਸੀ, ਜਿਸ ਨੇ ਅੱਜ ਆਪਣੇ ਨੌਕਰਾਂ ਦੀਆਂ ਦਾਸੀਆਂ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ, ਜਿਵੇਂ ਕੋਈ ਲੁੱਚਾ ਆਪ ਨੂੰ ਨਿਰਲੱਜ ਬਣਾ ਕੇ ਨੰਗਾ ਕਰਦਾ ਹੈ। ਦਾਊਦ ਨੇ ਮੀਕਲ ਨੂੰ ਆਖਿਆ, ਇਹ ਯਹੋਵਾਹ ਦੇ ਅੱਗੇ ਸੀ ਜਿਸ ਨੇ ਤੇਰੇ ਪਿਤਾ ਅਤੇ ਉਹ ਦੇ ਸਾਰੇ ਘਰਾਣੇ ਦੇ ਅੱਗੇ ਮੈਨੂੰ ਚੁਣ ਲਿਆ ਅਤੇ ਯਹੋਵਾਹ ਦੀ ਪਰਜਾ ਇਸਰਾਏਲ ਦਾ ਪ੍ਰਧਾਨ ਬਣਾ ਦਿੱਤਾ, ਇਸ ਲਈ ਮੈਂ ਯਹੋਵਾਹ ਦੇ ਅੱਗੇ ਨੱਚਾਂਗਾ ਸਗੋਂ ਮੈਂ ਇਸ ਨਾਲੋਂ ਵੀ ਨੀਚ ਬਣਾਂਗਾ ਅਤੇ ਆਪਣੇ ਆਪ ਨੂੰ ਆਪਣੀ ਨਜ਼ਰ ਵਿੱਚ ਤੁੱਛ ਗਿਣਾਂਗਾ ਅਤੇ ਜਿਹੜੀਆਂ ਦਾਸੀਆਂ ਦੀ ਗੱਲ ਤੂੰ ਕੀਤੀ ਹੈ ਉਹ ਮੇਰਾ ਆਦਰ ਸਨਮਾਨ ਕਰਨਗੀਆਂ। ਇਸ ਕਾਰਨ ਮੀਕਲ ਸ਼ਾਊਲ ਦੀ ਧੀ ਨੂੰ ਮਰਨ ਤੱਕ ਕੋਈ ਬੱਚਾ ਨਾ ਜੰਮਿਆ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.