ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
2 ਇਤ 25
ਯਹੂਦਾਹ ਦੇ ਵਿੱਚ ਅਮਸਯਾਹ ਦਾ ਰਾਜ
2 ਰਾਜਾ 14:2-6
ਅਮਸਯਾਹ ਪੱਚੀਆਂ ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਉਨੱਤੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਹ ਦੀ ਮਾਤਾ ਦਾ ਨਾਮ ਯਹੋਅੱਦਾਨ ਸੀ ਜੋ ਯਰੂਸ਼ਲਮ ਦੀ ਸੀ ਅਤੇ ਉਸ ਨੇ ਉਹ ਹੀ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ ਪਰ ਪੂਰੇ ਦਿਲ ਨਾਲ ਨਹੀਂ। ਜਦੋਂ ਉਹ ਦਾ ਰਾਜ ਪੱਕਾ ਹੋ ਗਿਆ ਤਾਂ ਉਹ ਨੇ ਆਪਣੇ ਉਨ੍ਹਾਂ ਸੇਵਕਾਂ ਨੂੰ ਮਾਰ ਛੱਡਿਆ, ਜਿਨ੍ਹਾਂ ਨੇ ਉਹ ਦੇ ਪਿਤਾ ਨੂੰ ਮਾਰਿਆ ਸੀ, ਜੋ ਰਾਜਾ ਸੀ। ਪਰ ਉਨ੍ਹਾਂ ਦੇ ਪੁੱਤਰਾਂ ਨੂੰ ਉਹ ਨੇ ਨਾ ਮਾਰਿਆ ਕਿਉਂ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ, ਅਜਿਹਾ ਲਿਖਿਆ ਹੈ ਕਿ ਪੁੱਤਰਾਂ ਦੇ ਬਦਲੇ ਪਿਤਾ ਨਾ ਮਾਰੇ ਜਾਣ, ਨਾ ਪਿਤਾ ਦੇ ਬਦਲੇ ਪੁੱਤਰ ਮਾਰੇ ਜਾਣ ਪਰ ਹਰੇਕ ਮਨੁੱਖ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।
ਅਦੋਮ ਦੇ ਵਿਰੁੱਧ ਯੁੱਧ
1 ਰਾਜਾ 14:7
ਇਸ ਤੋਂ ਬਿਨ੍ਹਾਂ ਅਮਸਯਾਹ ਨੇ ਯਹੂਦਾਹ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਸਾਰੇ ਯਹੂਦਾਹ ਤੇ ਬਿਨਯਾਮੀਨ ਵਿੱਚ ਹਜ਼ਾਰ-ਹਜ਼ਾਰ ਤੇ ਸੌ-ਸੌ ਦੇ ਸਰਦਾਰਾਂ ਦੇ ਹੇਠਾਂ ਰੱਖਿਆ ਅਤੇ ਉਨ੍ਹਾਂ ਵਿੱਚੋਂ ਜਿਨ੍ਹਾਂ ਦੀ ਉਮਰ ਵੀਹ ਸਾਲਾਂ ਜਾਂ ਇਸ ਤੋਂ ਉੱਪਰ ਸੀ ਉਨ੍ਹਾਂ ਨੂੰ ਗਿਣਿਆ ਅਤੇ ਉਨ੍ਹਾਂ ਵਿੱਚ ਤਿੰਨ ਲੱਖ ਚੋਣਵੇਂ ਜੁਆਨ ਵੇਖੇ ਜਿਹੜੇ ਜੰਗ ਵਿੱਚ ਜਾਣ ਜੋਗ ਸਨ ਅਤੇ ਬਰਛੀ ਤੇ ਢਾਲ਼ ਵਰਤ ਸਕਦੇ ਸਨ ਅਤੇ ਉਹ ਨੇ ਸੌ ਕਿਨਤਾਰ ਚਾਂਦੀ ਦੇ ਕੇ ਇਸਰਾਏਲੀਆਂ ਵਿੱਚੋਂ ਇੱਕ ਲੱਖ ਸੂਰਬੀਰ ਨੌਕਰ ਰੱਖੇ ਪਰ ਇੱਕ ਪਰਮੇਸ਼ੁਰ ਦੇ ਜਨ ਨੇ ਉਹ ਦੇ ਕੋਲ ਆਣ ਕੇ ਆਖਿਆ ਕਿ ਹੇ ਪਾਤਸ਼ਾਹ, ਤੁਹਾਡੇ ਨਾਲ ਇਸਰਾਏਲੀਆਂ ਦੀ ਸੈਨਾਂ ਨਾ ਜਾਵੇ ਕਿਉਂ ਜੋ ਯਹੋਵਾਹ ਇਸਰਾਏਲੀਆਂ ਦੀ ਸਾਰੀ ਇਫ਼ਰਾਈਮ ਵੰਸ਼ ਦੇ ਨਾਲ ਨਹੀਂ ਹੈ ਪਰ ਜੇ ਤੁਸੀਂ ਜਾਣਾ ਹੀ ਚਾਹੁੰਦੇ ਹੋ ਤਾਂ ਜਾਓ ਤੇ ਲੜਾਈ ਲਈ ਤਕੜੇ ਹੋਵੋ। ਯਹੋਵਾਹ ਤੁਹਾਨੂੰ ਵੈਰੀਆਂ ਦੇ ਅੱਗੇ ਢਾਵੇਗਾ ਕਿਉਂ ਜੋ ਪਰਮੇਸ਼ੁਰ ਵਿੱਚ ਉਠਾਉਣ ਤੇ ਢਾਉਣ ਦੀ ਸ਼ਕਤੀ ਹੈ ਅਮਸਯਾਹ ਨੇ ਪਰਮੇਸ਼ੁਰ ਦੇ ਜਨ ਨੂੰ ਆਖਿਆ, ਪਰ ਸੌ ਕਿਨਤਾਰਾਂ ਲਈ ਜੋ ਮੈਂ ਇਸਰਾਏਲ ਦੀ ਸੈਨਾਂ ਨੂੰ ਦਿੱਤੇ ਅਸੀਂ ਕੀ ਕਰੀਏ? ਉਸ ਪਰਮੇਸ਼ੁਰ ਦੇ ਜਨ ਨੇ ਕਿਹਾ ਕਿ ਯਹੋਵਾਹ ਤੁਹਾਨੂੰ ਉਸ ਨਾਲੋਂ ਬਹੁਤਾ ਦੇ ਸਕਦਾ ਹੈ ਤਦ ਅਮਸਯਾਹ ਨੇ ਉਸ ਸੈਨਾਂ ਨੂੰ ਜੋ ਇਫ਼ਰਾਈਮ ਵਿੱਚੋਂ ਉਹ ਦੇ ਕੋਲ ਆਈ ਸੀ ਅੱਡ ਕੀਤਾ ਤਾਂ ਜੋ ਉਹ ਫੇਰ ਆਪਣੇ ਘਰਾਂ ਨੂੰ ਜਾਣ। ਇਸ ਕਰਕੇ ਉਨ੍ਹਾਂ ਦਾ ਹਰਖ ਯਹੂਦਾਹ ਉੱਤੇ ਬਹੁਤ ਵਧਿਆ ਅਤੇ ਉਹ ਵੱਡੇ ਗੁੱਸੇ ਵਿੱਚ ਆਪਣੇ ਘਰਾਂ ਨੂੰ ਮੁੜੇ ਅਤੇ ਅਮਸਯਾਹ ਨੇ ਹੌਂਸਲਾ ਕੀਤਾ ਅਤੇ ਆਪਣੇ ਆਦਮੀਆਂ ਨੂੰ ਲੈ ਕੇ ਲੂਣ ਦੀ ਵਾਦੀ ਵੱਲ ਗਿਆ ਤੇ ਸੇਈਰ ਵੰਸ਼ ਵਿੱਚੋਂ ਦਸ ਹਜ਼ਾਰ ਨੂੰ ਮਾਰ ਦਿੱਤਾ ਅਤੇ ਹੋਰ ਦਸ ਹਜ਼ਾਰ ਨੂੰ ਯਹੂਦੀ ਜਿਉਂਦਾ ਫੜ੍ਹ ਕੇ ਲੈ ਗਏ ਅਤੇ ਉਨ੍ਹਾਂ ਨੂੰ ਇੱਕ ਚੱਟਾਨ ਦੀ ਚੋਟੀ ਤੇ ਚੜ੍ਹਾਇਆ ਅਤੇ ਉਸ ਚੱਟਾਨ ਦੀ ਚੋਟੀ ਉੱਤੋਂ ਉਨ੍ਹਾਂ ਨੂੰ ਥੱਲੇ ਐਉਂ ਸੁੱਟ ਦਿੱਤਾ ਕਿ ਸਾਰਿਆਂ ਦੇ ਟੋਟੇ-ਟੋਟੇ ਹੋ ਗਏ ਪਰ ਉਸ ਸੈਨਾਂ ਦੇ ਜੁਆਨ ਜਿਨ੍ਹਾਂ ਨੂੰ ਅਮਸਯਾਹ ਨੇ ਮੋੜ ਭੇਜਿਆ ਸੀ ਕਿ ਉਹ ਦੇ ਨਾਲ ਲੜਾਈ ਵਿੱਚ ਨਾ ਜਾਣ ਸਾਮਰਿਯਾ ਤੋਂ ਬੈਤ-ਹੋਰੋਨ ਤੱਕ ਯਹੂਦਾਹ ਦੇ ਸ਼ਹਿਰਾਂ ਤੇ ਟੁੱਟ ਪਏ ਅਤੇ ਉਨ੍ਹਾਂ ਵਿੱਚੋਂ ਤਿੰਨ ਹਜ਼ਾਰ ਨੂੰ ਮਾਰ ਸੁੱਟਿਆ ਅਤੇ ਬਹੁਤ ਸਾਰਾ ਮਾਲ ਲੁੱਟ ਲੈ ਗਏ। ਜਦੋਂ ਅਮਸਯਾਹ ਅਦੋਮੀਆਂ ਨੂੰ ਮਾਰ ਕੇ ਮੁੜਿਆ ਤਾਂ ਸੇਈਰੀਆਂ ਦੇ ਦੇਵਤਿਆਂ ਨੂੰ ਲੈਂਦਾ ਆਇਆ ਅਤੇ ਉਨ੍ਹਾਂ ਨੂੰ ਖੜ੍ਹਾ ਕੀਤਾ ਕਿ ਉਹ ਉਸ ਦੇ ਦੇਵਤੇ ਹੋਣ ਅਤੇ ਉਸ ਨੇ ਉਨ੍ਹਾਂ ਦੇ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਅੱਗੇ ਧੂਪ ਧੁਖਾਈ ਇਸ ਲਈ ਯਹੋਵਾਹ ਦਾ ਕ੍ਰੋਧ ਅਮਸਯਾਹ ਤੇ ਭੜਕਿਆ ਅਤੇ ਉਸ ਨੇ ਇੱਕ ਨਬੀ ਨੂੰ ਉਹ ਦੇ ਕੋਲ ਭੇਜਿਆ ਜਿਸ ਨੇ ਉਹ ਨੂੰ ਆਖਿਆ ਕਿ ਤੁਸੀਂ ਉਨ੍ਹਾਂ ਲੋਕਾਂ ਦੇ ਉਨ੍ਹਾਂ ਦੇਵਤਿਆਂ ਦੇ ਕੋਲੋਂ ਸਲਾਹ ਕਿਉਂ ਲੈਂਦੇ ਹੋ, ਜਿਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਤੁਹਾਡੇ ਹੱਥੋਂ ਨਾ ਛੁਡਾਇਆ? ਉਹ ਉਸ ਦੇ ਨਾਲ ਗੱਲਾਂ ਕਰਦਾ ਸੀ ਕਿ ਪਾਤਸ਼ਾਹ ਨੇ ਉਸ ਨੂੰ ਕਿਹਾ, ਕੀ ਅਸੀਂ ਤੈਨੂੰ ਪਾਤਸ਼ਾਹ ਦਾ ਮੰਤਰੀ ਬਣਾਇਆ ਹੈ? ਚੁੱਪ ਰਹਿ ਤੂੰ ਕਿਉਂ ਮਾਰ ਖਾਵੇਂ? ਤਦ ਉਹ ਨਬੀ ਇਹ ਆਖ ਕੇ ਚੁੱਪ ਹੋ ਗਿਆ ਕਿ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਨੇ ਤੁਹਾਨੂੰ ਨਾਸ ਕਰਨਾ ਠਾਣਿਆ ਹੈ ਇਸ ਲਈ ਕਿ ਤੁਸੀਂ ਇਉਂ ਕੀਤਾ ਹੈ ਅਤੇ ਮੇਰੀ ਸਲਾਹ ਨਹੀਂ ਮੰਨੀ।
ਇਸਰਾਏਲ ਦੇ ਵਿਰੁੱਧ ਚੇਤਾਵਨੀ
2 ਰਾਜਾ 14:8-20
ਤਦ ਯਹੂਦਾਹ ਦੇ ਰਾਜੇ ਅਮਸਯਾਹ ਨੇ ਸਲਾਹ ਕਰ ਕੇ ਇਸਰਾਏਲ ਦੇ ਰਾਜੇ ਯਹੋਆਸ਼ ਨੂੰ ਜੋ ਯੇਹੂ ਦਾ ਪੋਤਾ ਅਤੇ ਯਹੋਆਹਾਜ਼ ਦਾ ਪੁੱਤਰ ਸੀ ਸੁਨੇਹਾ ਭੇਜਿਆ ਕਿ ਆ, ਅਸੀਂ ਇੱਕ ਦੂਜੇ ਨੂੰ ਆਹਮੋ-ਸਾਹਮਣੇ ਵੇਖੀਏ ਤਦ ਇਸਰਾਏਲ ਦੇ ਰਾਜਾ ਯਹੋਆਸ਼ ਨੇ ਯਹੂਦਾਹ ਦੇ ਰਾਜਾ ਅਮਸਯਾਹ ਨੂੰ ਇਹ ਸੁਨੇਹਾ ਭੇਜਿਆ ਕਿ ਲਬਾਨੋਨ ਦੇ ਕੰਡਿਆਲੇ ਨੇ ਲਬਾਨੋਨ ਦੇ ਦਿਆਰ ਨੂੰ ਸੁਨੇਹਾ ਭੇਜਿਆ ਕਿ ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ ਅਤੇ ਇੱਕ ਜੰਗਲੀ ਜਾਨਵਰ ਜੋ ਲਬਾਨੋਨ ਵਿੱਚ ਸੀ ਕੋਲੋਂ ਦੀ ਲੰਘਿਆ ਅਤੇ ਕੰਡਿਆਲੇ ਨੂੰ ਮਿੱਧ ਛੱਡਿਆ ਤੂੰ ਕਹਿੰਦਾ ਹੈਂ, ਵੇਖ ਮੈਂ ਅਦੋਮ ਨੂੰ ਮਾਰਿਆ ਹੈ ਅਤੇ ਤੇਰੇ ਮਨ ਦਾ ਘਮੰਡ ਤੈਨੂੰ ਚੁੱਕਦਾ ਹੈ। ਘਰੇ ਰਹਿ। ਭਲਾ, ਤੂੰ ਕਿਉਂ ਬਿਪਤਾ ਨੂੰ ਛੇੜੇਂ ਤੇ ਡਿੱਗੇਂ ਅਤੇ ਤੇਰੇ ਨਾਲ ਹੀ ਯਹੂਦਾਹ ਵੀ?। ਪਰ ਅਮਸਯਾਹ ਨੇ ਧਿਆਨ ਨਾ ਕੀਤਾ ਕਿਉਂ ਜੋ ਇਹ ਪਰਮੇਸ਼ੁਰ ਵੱਲੋਂ ਆਇਆ ਕਿ ਉਹ ਉਨ੍ਹਾਂ ਨੂੰ ਵੈਰੀਆਂ ਦੇ ਹੱਥ ਵਿੱਚ ਇਸ ਕਾਰਨ ਦੇਵੇ ਕਿ ਉਹ ਅਦੋਮ ਦਿਆਂ ਦੇਵਤਿਆਂ ਕੋਲੋਂ ਪੁੱਛ-ਗਿੱਛ ਕਰਦੇ ਸਨ ਤਦ ਇਸਰਾਏਲ ਦੇ ਰਾਜਾ ਯਹੋਆਸ਼ ਨੇ ਚੜ੍ਹਾਈ ਕੀਤੀ ਅਤੇ ਉਹ ਅਤੇ ਯਹੂਦਾਹ ਦਾ ਰਾਜਾ ਅਮਸਯਾਹ ਬੈਤ ਸ਼ਮਸ਼ ਵਿੱਚ ਜੋ ਯਹੂਦਾਹ ਦਾ ਹੈ ਆਹਮੋ-ਸਾਹਮਣੇ ਹੋਏ ਤਦ ਯਹੂਦਾਹ ਇਸਰਾਏਲ ਦੇ ਅੱਗੋਂ ਹਾਰ ਗਿਆ ਅਤੇ ਹਰੇਕ ਆਪਣੇ ਤੰਬੂ ਨੂੰ ਭੱਜਾ ਇਸਰਾਏਲ ਦੇ ਰਾਜਾ ਯਹੋਆਸ਼ ਨੇ ਯਹੂਦਾਹ ਦੇ ਰਾਜਾ ਅਮਸਯਾਹ ਨੂੰ ਜੋ ਯਹੋਆਹਾਜ਼ ਦਾ ਪੋਤਾ ਅਤੇ ਯੋਆਸ਼ ਦਾ ਪੁੱਤਰ ਸੀ ਬੈਤ ਸ਼ਮਸ਼ ਵਿੱਚ ਫੜ੍ਹ ਲਿਆ ਅਤੇ ਯਰੂਸ਼ਲਮ ਵਿੱਚ ਵੜਿਆ ਅਤੇ ਯਰੂਸ਼ਲਮ ਦੀ ਸ਼ਹਿਰਪਨਾਹ ਇਫ਼ਰਾਈਮ ਦੇ ਫਾਟਕ ਤੋਂ ਲੈ ਕੇ ਖੂੰਜੇ ਵਾਲੇ ਫਾਟਕ ਤੱਕ ਚਾਰ ਸੌ ਹੱਥ ਢਾਹ ਦਿੱਤੀ ਅਤੇ ਉਸ ਨੇ ਸਾਰਾ ਸੋਨਾ ਅਤੇ ਚਾਂਦੀ ਅਤੇ ਸਾਰੇ ਭਾਂਡੇ ਜੋ ਪਰਮੇਸ਼ੁਰ ਦੇ ਭਵਨ ਵਿੱਚ ਓਬੇਦ-ਅਦੋਮ ਦੇ ਕੋਲੋਂ ਮਿਲੇ ਅਤੇ ਪਾਤਸ਼ਾਹ ਦੇ ਮਹਿਲ ਦੇ ਖਜ਼ਾਨੇ ਅਤੇ ਬੰਦੀ ਪੁਰਸ਼ਾਂ ਨੂੰ ਨਾਲ ਲੈ ਕੇ ਸਾਮਰਿਯਾ ਨੂੰ ਮੁੜਿਆ। ਯਹੂਦਾਹ ਦੇ ਰਾਜਾ ਯੋਆਸ਼ ਦਾ ਪੁੱਤਰ ਅਮਸਯਾਹ ਇਸਰਾਏਲ ਦੇ ਰਾਜਾ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਦੇ ਮਰਨ ਦੇ ਪਿੱਛੋਂ ਪੰਦਰਾਂ ਸਾਲ ਜੀਉਂਦਾ ਰਿਹਾ ਅਤੇ ਅਮਸਯਾਹ ਦੇ ਬਾਕੀ ਕੰਮ ਜੋ ਉਸ ਨੇ ਆਦ ਤੋਂ ਅੰਤ ਤੱਕ ਕੀਤੇ ਕੀ ਉਹ ਯਹੂਦਾਹ ਤੇ ਇਸਰਾਏਲ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ? ਜਦ ਤੋਂ ਅਮਸਯਾਹ ਯਹੋਵਾਹ ਦੇ ਪਿੱਛੇ ਚੱਲਣ ਤੋਂ ਫਿਰਿਆ ਤਦੋਂ ਹੀ ਯਰੂਸ਼ਲਮ ਦੇ ਲੋਕਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਸੋ ਉਹ ਲਾਕੀਸ਼ ਨੂੰ ਭੱਜ ਗਿਆ ਪਰ ਉਨ੍ਹਾਂ ਨੇ ਲਾਕੀਸ਼ ਵਿੱਚ ਉਹ ਦੇ ਪਿੱਛੇ ਆਦਮੀ ਭੇਜ ਕੇ ਉਹ ਨੂੰ ਉੱਥੇ ਕਤਲ ਕੀਤਾ ਅਤੇ ਉਹ ਉਸ ਨੂੰ ਘੋੜਿਆਂ ਉੱਤੇ ਲੈ ਆਏ ਅਤੇ ਯਹੂਦਾਹ ਦੇ ਸ਼ਹਿਰ ਵਿੱਚ ਉਹ ਦੇ ਪੁਰਖਿਆਂ ਦੇ ਨਾਲ ਉਹ ਨੂੰ ਦੱਬਿਆ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.